ਜਲੰਧਰ: ਲਤੀਫ਼ਪੁਰਾ ਮੁੜ ਵਸੇਬਾ ਮੋਰਚਾ ਵੱਲੋਂ 16 ਜਨਵਰੀ ਨੂੰ 4 ਘੰਟੇ ਲਈ ਜਲੰਧਰ ਸਥਿਤ ਧੰਨੋ ਵਾਲੀ ਨੇੜੇ ਕੀਤੇ ਜਾ ਰਹੇ ਹਾਈਵੇ ਤੇ ਰੇਲਵੇ ਜਾਮ ਦੀਆਂ ਸਭ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ।ਇਹ ਜਾਮ ਸਵੇਰੇ 11:30 ਤੋਂ ਸ਼ਾਮ 3:30 ਵਜੇ ਤੱਕ ਕੀਤਾ ਜਾਵੇਗਾ। ਜਾਮ ਵਿੱਚ ਵੱਖ ਵੱਖ ਕਿਸਾਨ, ਮਜ਼ਦੂਰ ਤੇ ਹੋਰ ਮਿਹਨਤੀ ਲੋਕਾਂ ਦੀਆਂ ਜਥੇਬੰਦੀਆਂ ਤੋਂ ਇਲਾਵਾ ਸੰਯੁਕਤ ਕਿਸਾਨ ਮੋਰਚਾ ਚ ਸ਼ਾਮਲ ਜਥੇਬੰਦੀਆਂ ਦੀ ਅਗਵਾਈ ਹੇਠ ਕਿਸਾਨ, ਮਜ਼ਦੂਰ ਅਤੇ ਹੋਰ ਇਨਸਾਫ਼ਪਸੰਦ ਲੋਕ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ।ਇਸ ਮੌਕੇ ਮੋਰਚੇ ਦੇ ਆਗੂ ਜਥੇਦਾਰ ਕਸ਼ਮੀਰ ਸਿੰਘ ਜੰਡਿਆਲਾ,ਜਸਕਰਨ ਸਿੰਘ ਕਾਹਨ ਸਿੰਘ ਵਾਲਾ,ਸੰਤੋਖ ਸਿੰਘ ਸੰਧੂ,ਤਰਸੇਮ ਸਿੰਘ ਵਿੱਕੀ ਜੈਨਪੁਰ, ਕਸ਼ਮੀਰ ਸਿੰਘ ਘੁੱਗਸ਼ੋਰ,ਡਾਕਟਰ ਗੁਰਦੀਪ ਸਿੰਘ ਭੰਡਾਲ, ਹੰਸ ਰਾਜ ਪੱਬਵਾਂ,ਹਰਜਿੰਦਰ ਕੌਰ, ਬਲਜਿੰਦਰ ਕੋਰ,ਪਰਮਿੰਦਰ ਸਿੰਘ ਬਾਜਵਾ, ਸੁਖਜੀਤ ਸਿੰਘ ਡਰੋਲੀ, ਪਿੰਦੂ ਵਾਸੀ,ਮਹਿੰਦਰ ਸਿੰਘ ਬਾਜਵਾ ਅਤੇ ਬੋਹੜ ਸਿੰਘ ਹਜ਼ਾਰਾ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਤੀਫ਼ਪੁਰਾ ਇਲਾਕੇ ਦੇ ਲੋਕਾਂ ਨੂੰ ਉਸ ਜਗ੍ਹਾ ਉੱਪਰ ਮੁੜ ਵਸਾਉਣ, ਉਹਨਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿਵਾਉਣ ਤੇ ਵਧੀਕੀ ਕਰਨ ਵਾਲੇ ਡੀਸੀਪੀ ਤੇਜਾ ਖਿਲਾਫ਼ ਸਖ਼ਤ ਕਾਰਵਾਈ ਕਰਨ ਤੱਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਦੀ ਲਤੀਫ਼ਪੁਰਾ ਇਲਾਕੇ ਦੇ ਲੋਕਾਂ ਦੇ ਉਜਾੜੇ ਦੇ ਸਵਾਲ ਉੱਪਰ ਵੱਟੀ ਹੋਈ ਚੁੱਪ ਨੂੰ ਤੁੜਵਾਉਣ ਲਈ ਹਾਈਵੇ ਤੇ ਰੇਲਵੇ ਜਾਮ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।ਮੋਰਚੇ ਉੱਪਰ ਡਟੇ ਹੋਏ ਬੱਚਿਆਂ ਵਲੋਂ ਵਿਚਾਰ ਚਰਚਾ ਕਰਦੇ ਹੋਏ ਸਰਕਾਰ ਵਿਰੋਧੀ ਨਾਅਰੇ ਘੜੇ ਅਤੇ ਮੋਰਚੇ ਉੱਪਰ ਰਿਕਾਰਡ ਤੌੜ ਠੰਡ ਕਾਰਨ ਬੀਮਾਰ ਹੋਏ ਹਰਜਿੰਦਰ ਸਿੰਘ ਬਾਜਵਾ (65 ਸਾਲ)ਨੇ ਸਿਹਤ ਵਿੱਚ ਸੁਧਾਰ ਹੋਣ ਉਪਰੰਤ ਅੱਜ ਮੁੜ ਮੋਰਚੇ ਉੱਪਰ ਵਾਪਸੀ ਕੀਤੀ।ਅੱਜ ਐਤਵਾਰ ਨੂੰ ਸ਼ਾਮ ਵੇਲੇ ਰੋਜ਼ਾਨਾ ਦੀ ਤਰ੍ਹਾਂ ਮੋਰਚਾ ਨੇੜੇ ਲਤੀਫ਼ਪੁਰਾ ਚੌਂਕ ਵਿਖੇ ਮੁੱਖ ਮੰਤਰੀ ਅਤੇ ਚੇਅਰਮੈਨ ਇੰਮਰੂਵਮੈਂਟ ਟਰੱਸਟ ਦਾ ਪੁਤਲਾ ਫ਼ੂਕ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਆਗੂਆਂ ਨੇ ਸਵੇਰੇ 11 ਵਜੇ ਸ਼ਾਮ 4 ਵਜੇ ਤੱਕ ਆਮ ਲੋਕਾਂ ਨੂੰ ਜਲੰਧਰ- ਲੁਧਿਆਣਾ ਹਾਈਵੇ ਤੇ ਰੇਲਵੇ ਸਫ਼ਰ ਨਾ ਕਰਨ ਦੀ ਅਪੀਲ ਕੀਤੀ ਹੈ।