ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ 8 ਨਵੰਬਰ ਨੂੰ ਰਿਲੀਜ ਹੋਵੇਗਾ ਨਵਾਂ ਧਾਰਮਿਕ ਗੀਤ 'ਵਾਰ'
ਮਾਨਸਾ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਧਾਰਮਿਕ ਗੀਤ 'ਵਾਰ' 8 ਨਵੰਬਰ ਨੂੰ ਯੂਟਿਊਬ ਚੈਨਲ 'ਤੇ ਰਿਲੀਜ ਹੋਵੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਉਸ ਦਾ ਗਾਣਾ 'ਐੱਸਵਾਈਐੱਲ' ਰਿਲੀਜ ਹੋਇਆ ਸੀ, ਜਿਸ ਨੂੰ ਬੈਨ ਕਰ ਦਿੱਤਾ ਸੀ।ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਕਿਹਾ ਕਿ 8 ਨਵੰਬਰ ਨੂੰ ਨਵਾਂ ਧਾਰਮਿਕ ਗੀਤ 'ਵਾਰ' ਰਿਲੀਜ਼ ਹੋ ਰਿਹਾ ਹੈ।
ਪਿੰਡ ਮੂਸਾ ‘ਚ ਐਤਵਾਰ ਨੂੰ ਉਸ ਦੇ ਮਾਪਿਆਂ ਨਾਲ ਦੁੱਖ ਸਾਂਝਾ ਕਰਨ ਲਈ ਵੱਡੀ ਗਿਣਤੀ ’ਚ ਪ੍ਰਸ਼ੰਸਕ ਪਹੁੰਚੇ। ਸਿੱਧੂ ਮੂਸੇਵਾਲਾ ਦੀ ਮਾਤਾ ਅਤੇ ਆਏ ਪ੍ਰਸ਼ੰਸਕ ਭਾਵੁਕ ਹੋ ਗਏ। ਸਿੱਧੂ ਮੂਸੇਵਾਲਾ ਦੇ ਆਏ ਪ੍ਰਸ਼ੰਸਕਾਂ ਦਾ ਧੰਨਵਾਦ ਕਰਦਿਆਂ ਸਿੱਧੂ ਦੀ ਮਾਤਾ ਚਰਨ ਕੌਰ ਨੇ ਕਿਹਾ ਕਿ ਸਿੱਧੂ ਨੂੰ ਚਾਹੁਣ ਵਾਲੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਨ ਅਤੇ ਹਰ ਕੋਈ ਦਿਲੋਂ ਚਾਹੁੰਦਾ ਸੀ। ਉਸ ਦੀ ਸੋਚ ਦਾ ਅਸਰ ਵੀ ਬੱਚਿਆਂ ’ਤੇ ਵੀ ਹੋ ਰਿਹਾ ਹੈ। ਮੂਸਾ ਪਿੰਡ ਆਏ ਪ੍ਰਸ਼ੰਸਕਾਂ ਨੇ ਵੀ ਸਰਕਾਰਾਂ ਨੂੰ ਅਪੀਲ ਕੀਤੀ ਕਿ ਸਿੱਧੂ ਮੂਸੇ ਵਾਲਾ ਨੂੰ ਇਨਸਾਫ਼ ਦਿੱਤਾ ਜਾਵੇ।
ਇਸ ਮੌਕੇ ਫਾਜ਼ਿਲਕਾ ਤੋਂ ਪਹੁੰਚੀ ਹਰਸ਼ਦੀਪ ਕੌਰ ਨੇ ਕਿਹਾ ਕਿ ਉਹ ਸਿੱਧੂ ਮੂਸੇਵਾਲਾ ਨੂੰ ਮਿਲਣਾ ਚਾਹੁੰਦੇ ਸਨ ਪਰ ਕੁਦਰਤ ਨੂੰ ਇਹ ਮਨਜ਼ੂਰ ਨਹੀਂ ਸੀ ਪਰ ਉਹ ਪਰਿਵਾਰ ਦੇ ਵਿੱਚ ਦੋ ਭੈਣਾਂ ਹਨ ਅਤੇ ਸਿੱਧੂ ਮੂਸੇਵਾਲਾ ਨੂੰ ਆਪਣਾ ਭਰਾ ਮੰਨਦੀਆਂ ਸਨ ਕਿਉਂਕਿ ਸਿੱਧੂ ਨੇ ਕਦੇ ਵੀ ਧੀਆਂ ਤੇ ਅਜਿਹਾ ਗੀਤ ਨਹੀਂ ਗਾਇਆ ਜਿਸ ਨਾਲ ਕਿਸੇ ਪਰਿਵਾਰ ਨੂੰ ਠੇਸ ਪਹੁੰਚੇ ਉਨ੍ਹਾਂ ਸਰਕਾਰ ਅੱਗੇ ਹੱਥ ਜੋੜ ਕਿਹਾ ਕਿ ਸਰਕਾਰ ਪਰਿਵਾਰ ਨੂੰ ਇਨਸਾਫ ਦੇਵੇ। ਇਸ ਦੌਰਾਨ ਸਿੱਧੂ ਮੂਸੇ ਵਾਲਾ ਦੇ ਪਿੰਡ ਦੀ ਹੀ ਮਾਤਾ ਹਰਬੰਸ ਕੌਰ ਨੇ ਕਿਹਾ ਕਿ ਸਾਡੇ ਪਿੰਡ ਦੀਆਂ ਗਲੀਆਂ ਸੁੰਨੀਆਂ ਹੋ ਗਈਆਂ ਹਨ ਅਤੇ ਸਾਡੇ ਪਿੰਡ ਦਾ ਹੀਰਾ ਬੱਚਾ ਸੀ ਅਤੇ ਸਾਥੋਂ ਭੁਲਾਇਆਂ ਨਹੀਂ ਜਾਂਦਾ ਅਤੇ ਹਵੇਲੀ ਦੇ ਅੱਗੋਂ ਵੀ ਨਹੀਂ ਲੰਘਿਆ ਜਾਂਦਾ ਅਤੇ ਉਸ ਦੀਆਂ ਯਾਦਾਂ ਹਰ ਸਮੇਂ ਤਾਜ਼ਾ ਰਹਿੰਦੀਆਂ ਹਨ ਉਨ੍ਹਾਂ ਕਿਹਾ ਕਿ ਪਿੰਡ ਦੇ ਚੌਕ ਵਿੱਚ ਬੱਚਿਆਂ ਦੇ ਨਾਲ 11-11 ਵਜੇ ਤੱਕ ਬੈਠਾ ਹਾਸਾ ਮਜ਼ਾਕ ਕਰਦਾ ਰਹਿੰਦਾ ਸੀ।
ਰਿਪੋਰਟ- ਨਵਦੀਪ ਆਹਲੂਵਾਲੀਆ
ਇਹ ਵੀ ਪੜ੍ਹੋ : ਨੀਦਰਲੈਂਡ ਨੇ ਵੱਡਾ ਉਲਟਫੇਰ ਕਰਦੇ ਹੋਏ ਦੱਖਣੀ ਅਫਰੀਕਾ ਨੂੰ ਹਰਾਇਆ, ਭਾਰਤ ਸੈਮੀਫਾਈਨਲ 'ਚ ਪੁੱਜਾ
- PTC NEWS