'ਲੱਖਪਤੀ ਦੀਦੀ ਯੋਜਨਾ': ਜਾਣੋ ਕੀ ਹੈ ਇੱਕ ਕਰੋੜ ਔਰਤਾਂ ਨੂੰ ਲੱਖਪਤੀ ਬਣਾਉਣ ਵਾਲੀ ਇਹ ਸਰਕਾਰੀ ਯੋਜਨਾ
Lakhpati Didi Scheme: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 1 ਫਰਵਰੀ 2024 ਨੂੰ ਸੰਸਦ ਵਿੱਚ ਕੇਂਦਰ ਦਾ ਅੰਤਰਿਮ ਬਜਟ ਪੇਸ਼ ਕੀਤਾ। ਬਜਟ ਭਾਸ਼ਣ ਦੌਰਾਨ ਉਨ੍ਹਾਂ ਨੇ ਔਰਤਾਂ ਲਈ ਕਈ ਅਹਿਮ ਐਲਾਨ ਕੀਤੇ। ਇਸ ਦੌਰਾਨ ਉਨ੍ਹਾਂ ਨੇ ਲੱਖਪਤੀ ਦੀਦੀ ਸਕੀਮ ਦਾ ਵੀ ਜ਼ਿਕਰ ਕੀਤਾ, ਜਿਸ ਤਹਿਤ ਹੁਣ ਤੱਕ ਇੱਕ ਕਰੋੜ ਔਰਤਾਂ ਨੂੰ ਲੱਖਪਤੀ ਦੀਦੀ ਬਣਾਇਆ ਗਿਆ ਹੈ। ਨਾਲ ਹੀ ਕਿਹਾ ਕਿ ਹੁਣ 3 ਕਰੋੜ ਔਰਤਾਂ ਨੂੰ ਲੱਖਪਤੀ ਦੀਦੀ ਬਣਾਉਣ ਦਾ ਟੀਚਾ ਮਿੱਥਿਆ ਗਿਆ ਹੈ। ਪਰ ਕੀ ਤੁਸੀਂ ਜਾਣਦੇ ਹੋ ਲੱਖਪਤੀ ਦੀਦੀ ਸਕੀਮ ਕੀ ਹੈ? ਕਿਹੜੀਆਂ ਔਰਤਾਂ ਨੂੰ ਲੱਖਪਤੀ ਦੀਦੀ ਕਿਹਾ ਜਾਂਦਾ ਹੈ? ਕੋਈ ਇਸ ਸਕੀਮ ਦਾ ਲਾਭ ਕਿਵੇਂ ਲੈ ਸਕਦਾ ਹੈ?
ਸਰਕਾਰ ਨੇ ਲੱਖਪਤੀ ਦੀਦੀ ਯੋਜਨਾ ਰਾਹੀਂ ਸਵੈ-ਸਹਾਇਤਾ ਸਮੂਹਾਂ ਨਾਲ ਜੁੜੀਆਂ ਔਰਤਾਂ ਨੂੰ ਵਿੱਤੀ ਤੌਰ 'ਤੇ ਮਜ਼ਬੂਤ ਕਰਨ ਦੀ ਪਹਿਲ ਕੀਤੀ। ਇਸ ਤਹਿਤ ਸਰਕਾਰ ਸਵੈ-ਰੁਜ਼ਗਾਰ ਸ਼ੁਰੂ ਕਰਨ ਲਈ ਯੋਗ ਔਰਤਾਂ ਨੂੰ 1-5 ਲੱਖ ਰੁਪਏ ਤੱਕ ਦੀ ਵਿਆਜ਼ ਮੁਕਤ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ। ਇਸ ਸਕੀਮ ਰਾਹੀਂ ਸਰਕਾਰ ਦਾ ਉਦੇਸ਼ ਔਰਤਾਂ ਨੂੰ ਰੁਜ਼ਗਾਰ ਨਾਲ ਜੋੜਨਾ, ਉਨ੍ਹਾਂ ਦੇ ਜੀਵਨ ਪੱਧਰ ਨੂੰ ਸੁਧਾਰਨਾ, ਆਮਦਨ ਵਧਾਉਣਾ, ਉਨ੍ਹਾਂ ਨੂੰ ਆਤਮ ਨਿਰਭਰ ਅਤੇ ਸਸ਼ਕਤ ਬਣਾਉਣਾ ਹੈ। ਦੂਜੇ ਸ਼ਬਦਾਂ ਵਿਚ ਸਰਕਾਰ ਨੇ ਆਰਥਿਕ ਤੌਰ 'ਤੇ ਵਾਂਝੀਆਂ ਔਰਤਾਂ ਨੂੰ ਅੱਗੇ ਲਿਆਉਣ ਲਈ ਲੱਖਪਤੀ ਦੀਦੀ ਸਕੀਮ ਸ਼ੁਰੂ ਕੀਤੀ ਸੀ।
ਸਵੈ-ਸਹਾਇਤਾ ਸਮੂਹਾਂ ਨਾਲ ਜੁੜੀਆਂ ਉਨ੍ਹਾਂ ਔਰਤਾਂ ਨੂੰ 'ਲਖਪਤੀ ਦੀਦੀ' ਕਿਹਾ ਜਾਂਦਾ ਹੈ, ਜਿਨ੍ਹਾਂ ਦੀ ਪ੍ਰਤੀ ਪਰਿਵਾਰ ਸਾਲਾਨਾ ਆਮਦਨ 1 ਲੱਖ ਰੁਪਏ ਜਾਂ ਇਸ ਤੋਂ ਵੱਧ ਤੱਕ ਪਹੁੰਚ ਗਈ ਹੈ। ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਭਿਲਾਸ਼ੀ ਯੋਜਨਾ ਹੈ। ਉਨ੍ਹਾਂ ਇਸ ਯੋਜਨਾ ਦਾ ਐਲਾਨ ਦੇਸ਼ ਦੇ 77ਵੇਂ ਆਜ਼ਾਦੀ ਦਿਹਾੜੇ 'ਤੇ ਕੀਤਾ ਸੀ। ਸਰਕਾਰ ਇਸ ਸਕੀਮ ਤਹਿਤ ਔਰਤਾਂ ਨੂੰ ਕਈ ਸਹੂਲਤਾਂ ਪ੍ਰਦਾਨ ਕਰਦੀ ਹੈ। ਇਨ੍ਹਾਂ ਵਿੱਚ ਵਿੱਤੀ ਅਤੇ ਹੁਨਰ ਸਿਖਲਾਈ ਵੀ ਦਿੱਤੀ ਜਾਂਦੀ ਹੈ। ਸਕੀਮ ਤਹਿਤ ਔਰਤਾਂ ਦੇ ਸਵੈ-ਸਹਾਇਤਾ ਸਮੂਹਾਂ ਨੂੰ ਤਕਨੀਕੀ ਕੰਮ ਜਿਵੇਂ ਕਿ ਐਲ.ਈ.ਡੀ ਬਲਬ ਬਣਾਉਣਾ, ਪਲੰਬਿੰਗ, ਡਰੋਨ ਰਿਪੇਅਰ ਕਰਨਾ ਸਿਖਾਇਆ ਜਾਂਦਾ ਹੈ।
ਸਰਕਾਰ ਇਸ ਸਕੀਮ ਤਹਿਤ ਔਰਤਾਂ ਨੂੰ ਕਈ ਤਰ੍ਹਾਂ ਦੀ ਹੁਨਰ ਸਿਖਲਾਈ ਪ੍ਰਦਾਨ ਕਰਦੀ ਹੈ। ਨਾਲ ਹੀ ਉਨ੍ਹਾਂ ਦੀ ਵਿੱਤੀ ਸਮਝ ਨੂੰ ਵਧਾਉਣ ਲਈ ਵਰਕਸ਼ਾਪਾਂ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਬੱਚਤ ਦੇ ਵਿਕਲਪ, ਛੋਟੇ ਕਰਜ਼ੇ, ਵੋਕੇਸ਼ਨਲ ਟਰੇਨਿੰਗ, ਉੱਦਮੀ ਸਹਾਇਤਾ ਅਤੇ ਬੀਮਾ ਕਵਰੇਜ ਦਾ ਲਾਭ ਮਿਲਦਾ ਹੈ। ਸਰਕਾਰ ਉਨ੍ਹਾਂ ਨੂੰ ਬਿਹਤਰ ਮਾਰਕੀਟ ਸਹਾਇਤਾ ਵੀ ਪ੍ਰਦਾਨ ਕਰਦੀ ਹੈ। ਦੱਸ ਦੇਈਏ ਕਿ ਲੱਖਪਤੀ ਦੀਦੀ ਯੋਜਨਾ ਦਾ ਲਾਭ ਲੈਣ ਲਈ ਔਰਤਾਂ ਦਾ ਸਵੈ-ਸਹਾਇਤਾ ਸਮੂਹ ਨਾਲ ਜੁੜਣਾ ਲਾਜ਼ਮੀ ਹੈ।
ਸਕੀਮ ਤਹਿਤ ਸਵੈ-ਸਹਾਇਤਾ ਸਮੂਹਾਂ ਨਾਲ ਜੁੜੀਆਂ ਉਨ੍ਹਾਂ ਔਰਤਾਂ ਨੂੰ ਚੁਣਿਆ ਜਾਂਦਾ ਹੈ, ਜਿਨ੍ਹਾਂ ਦੀ ਸਾਲਾਨਾ ਆਮਦਨ ਬਹੁਤ ਘੱਟ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ 1-5 ਲੱਖ ਰੁਪਏ ਤੱਕ ਦਾ ਵਿਆਜ ਮੁਕਤ ਕਰਜ਼ਾ ਦਿੱਤਾ ਜਾਂਦਾ ਹੈ। ਇੰਨਾ ਹੀ ਨਹੀਂ, ਲੱਖਪਤੀ ਦੀਦੀ ਯੋਜਨਾ ਰਾਹੀਂ ਸਮੂਹ ਨੂੰ ਬਾਜ਼ਾਰ ਦੀ ਮੰਗ ਅਨੁਸਾਰ ਉਤਪਾਦ ਬਣਾਉਣ ਲਈ ਤਕਨੀਕੀ ਗਿਆਨ ਅਤੇ ਸਿਖਲਾਈ ਵੀ ਦਿੱਤੀ ਜਾਂਦੀ ਹੈ। ਨਾਲ ਹੀ, ਸਮੂਹਾਂ ਦੇ ਵੱਖ-ਵੱਖ ਸਥਾਨਾਂ 'ਤੇ ਆਯੋਜਿਤ ਵਿਭਾਗੀ ਆਉਟਲੈਟਾਂ ਅਤੇ ਮੇਲਿਆਂ ਵਿੱਚ ਉਨ੍ਹਾਂ ਦੇ ਉਤਪਾਦਾਂ ਦੀ ਵਿਕਰੀ ਨੂੰ ਯਕੀਨੀ ਬਣਾਇਆ ਜਾਂਦਾ ਹੈ ਤਾਂ ਜੋ ਉਨ੍ਹਾਂ ਦੀ ਸਾਲਾਨਾ ਆਮਦਨ 1 ਲੱਖ ਰੁਪਏ ਜਾਂ ਇਸ ਤੋਂ ਵੱਧ ਤੱਕ ਵਧਾਈ ਜਾ ਸਕੇ।
ਲੱਖਪਤੀ ਦੀਦੀ ਸਕੀਮ ਤਹਿਤ ਅਪਲਾਈ ਕਰਨ ਲਈ ਕੁਝ ਦਸਤਾਵੇਜ਼ ਹੋਣੇ ਜ਼ਰੂਰੀ ਹਨ। ਇਨ੍ਹਾਂ ਵਿੱਚ ਆਧਾਰ ਕਾਰਡ, ਆਮਦਨ ਸਰਟੀਫਿਕੇਟ, ਰਿਹਾਇਸ਼ ਸਰਟੀਫਿਕੇਟ ਅਤੇ ਬੈਂਕ ਖਾਤੇ ਦੇ ਵੇਰਵੇ ਦੇਣੇ ਜ਼ਰੂਰੀ ਹਨ। ਇਸਤੋਂ ਇਲਾਵਾ ਤੁਹਾਨੂੰ ਆਪਣਾ ਮੋਬਾਈਲ ਨੰਬਰ ਅਤੇ ਪਾਸਪੋਰਟ ਸਾਈਜ਼ ਫੋਟੋ ਵੀ ਦੇਣੀ ਹੋਵੇਗੀ। ਸਵੈ-ਸਹਾਇਤਾ ਸਮੂਹ ਨਾਲ ਜੁੜੀ ਕੋਈ ਵੀ ਯੋਗ ਔਰਤ ਵੀ ਲਾਭ ਲਈ ਆਨਲਾਈਨ ਅਰਜ਼ੀ ਦੇ ਸਕਦੀ ਹੈ। ਸਕੀਮ ਅਧੀਨ ਅਪਲਾਈ ਕਰਨ ਲਈ ਭਾਰਤ ਦਾ ਨਾਗਰਿਕ ਹੋਣਾ ਅਤੇ ਉਮਰ ਸੀਮਾ 18 ਤੋਂ 50 ਸਾਲ ਰੱਖੀ ਗਈ ਹੈ।
ਆਫ਼ਲਾਈਨ ਅਰਜ਼ੀ ਲਈ ਸਬੰਧਤ ਦਫ਼ਤਰ ਵਿੱਚ ਜਾ ਕੇ ਆਧਾਰ ਕਾਰਡ, ਰਾਸ਼ਨ ਕਾਰਡ, ਬੈਂਕ ਖਾਤੇ ਦੀ ਪਾਸਬੁੱਕ ਅਤੇ ਸਵੈ-ਸਹਾਇਤਾ ਸਮੂਹ ਦੇ ਮੈਂਬਰਸ਼ਿਪ ਸਰਟੀਫਿਕੇਟ ਵਰਗੇ ਜ਼ਰੂਰੀ ਦਸਤਾਵੇਜ਼ਾਂ ਦੇ ਨਾਲ ਅਰਜ਼ੀ ਫਾਰਮ ਜਮ੍ਹਾਂ ਕਰੋ। ਦੱਸ ਦੇਈਏ ਕਿ ਜੇਕਰ ਔਰਤ ਦੀ ਸਾਲਾਨਾ ਆਮਦਨ 3 ਲੱਖ ਰੁਪਏ ਤੋਂ ਵੱਧ ਹੈ ਤਾਂ ਉਸ ਨੂੰ ਇਸ ਸਕੀਮ ਦਾ ਲਾਭ ਨਹੀਂ ਮਿਲੇਗਾ।
-