Kumbra Murder Case : ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਇਨਸਾਫ਼ ਪਿਆ ਮਹਿੰਗਾ! ਮੁਹਾਲੀ ਪੁਲਿਸ ਨੇ ਦਰਜ ਕੀਤਾ ਪਰਚਾ
Kumbra Murder Case : ਕੁੰਬੜਾ ਕਤਲ ਮਾਮਲੇ 'ਚ ਪੀੜਤਾਂ ਲਈ ਇਨਸਾਫ਼ ਦੀ ਮੰਗ ਕਰਨਾ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਮਹਿੰਗਾ ਪੈਂਦਾ ਵਿਖਾਈ ਦੇ ਰਿਹਾ ਹੈ। ਮੋਹਾਲੀ ਪੁਲਿਸ ਨੇ ਇਸ ਮਾਮਲੇ 'ਚ ਹੁਣ ਅਕਾਲੀ ਦਲ ਦੇ ਹਲਕਾ ਯੂਥ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ ਸਮੇਤ ਉਸ ਦੇ ਸਾਥੀਆਂ 'ਤੇ ਪਰਚਾ ਦਰਜ ਕੀਤਾ ਹੈ। ਇਹ ਪਰਚਾ ਏਅਰਪੋਰਟ ਰੋਡ 'ਤੇ ਧਰਨਾ ਲਾਉਣ ਅਤੇ ਆਵਾਜਾਈ ਵਿਵਸਥਾ 'ਚ ਵਿਘਨ ਪਾਉਣ ਨੂੰ ਲੈ ਕੇ ਦਰਜ ਕੀਤਾ ਗਿਆ ਹੈ।
ਅਕਾਲੀ ਆਗੂਆਂ ਖਿਲਾਫ਼ ਪਰਚੇ ਵਿੱਚ ਕੀ ਹੈ ?
ਦਰਜ ਪਰਚੇ ਅਨੁਸਾਰ, ''ਸੈਕਟਰ 68-69 ਟ੍ਰੈਫਿਕ ਲਾਇਟਾਂ ਏਅਰਪੋਰਟ ਰੋਡ (ਮੇਨ ਮਾਰਗ) ਦੇ ਵਿਚਕਾਰ ਪਰਵਿੰਦਰ ਸਿੰਘ ਬੇਦਵਾਨ ਹਲਕਾ ਯੂਥ ਪ੍ਰਧਾਨ ਸੋਹਾਣਾ ਅਤੇ ਮਨਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਕੁੰਬੜਾ ਪ੍ਰਧਾਨ ਰੇਹੜੀ ਫੜੀ ਯੂਨੀਅਨ ਸਮੇਤ ਹੋਰ ਨਾ ਮਾਲੂਮ ਵਿਅਕਤੀਆ ਦੇ ਪਿੰਡ ਕੁੰਬੜਾ ਵਿਖੇ ਦਮਨ ਕੁਮਾਰ ਦੀ ਮੌਤ ਸੰਬੰਧੀ ਇਕੱਠੇ ਹੋਏ ਭੋਲੇ ਭਾਲੇ ਲੋਕਾਂ ਨੂੰ ਗੁਮਰਾਹ ਕਰਕੇ ਅਤੇ ਭੜਕਾ ਕੇ ਮੁੱਖ ਮਾਰਗ ਤੇ ਲਿਆ ਕੇ ਖਤਰਨਾਕ ਤਰੀਕੇ ਨਾਲ ਮੁੱਖ ਮਾਰਗ ਦੀ ਆਵਾਜਾਈ ਵਿੱਚ ਵਿਘਨ ਪਾਇਆ ਹੈ। ਜੋ ਇਸ ਵਿਘਨ ਨਾਲ ਆਮ ਲੋਕਾ ਦੀ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ ਸੀ। ਇਤਲਾਹ ਸੱਚੀ ਅਤੇ ਭਰੋਸੇਯੋਗ ਹੈ। ਪਰਵਿੰਦਰ ਸਿੰਘ ਬੇਦਵਾਨ ਹਲਕਾ ਯੂਥ ਪ੍ਰਧਾਨ ਸੋਹਾਣਾ ਅਤੇ ਮਨਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਕੁੰਬੜਾ ਪ੍ਰਧਾਨ ਰੇਹੜੀ ਫੜੀ ਯੂਨੀਅਨ ਸਮੇਤ ਹੋਰ ਨਾ ਮਾਲੂਮ ਵਿਅਕਤੀਆ ਨੇ ਅਜਿਹਾ ਕਰਕੇ ਜੁਰਮ ਅ/ਧ 285 ਬੀ.ਐਨ.ਐਸ ਦਾ ਕੀਤਾ ਹੈ।''
ਸ਼੍ਰੋਮਣੀ ਅਕਾਲੀ ਦਲ ਵੱਲੋਂ ਸਖਤ ਨਿਖੇਧੀ, ਕਿਹਾ- ਝੂਠੇ ਪਰਚੇ ਖਿਲਾਫ਼ ਹਾਈਕੋਰਟ ਦਾ ਕਰਾਂਗੇ ਰੁਖ਼
ਉਧਰ, ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਪਰਚੇ ਦੀ ਸਖਤ ਨਿਖੇਧੀ ਕੀਤੀ ਗਈ ਹੈ। ਪਾਰਟੀ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਹੈ ਕਿ ਇਹ ਪਰਚਾ ਪੁਲਿਸ ਵੱਲੋਂ ਝੂਠਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੀ ਪੰਜਾਬ 'ਚ ਅਣਐਲਾਨੀ ਐਮਰਜੈਂਸੀ ਚੱਲ ਰਹੀ ਹੈ, ਕੀ ਧਰਨੇ-ਪ੍ਰਦਰਸ਼ਨਾਂ 'ਤੇ ਰੋਕ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਜਿਹੜੀ ਆਮ ਆਦਮੀ ਪਾਰਟੀ ਦਾ ਜਨਮ ਧਰਨਿਆਂ ਵਿਚੋਂ ਹੋਇਆ ਹੈ, ਉਹ ਅੱਜ ਲੋਕਾਂ ਦੀ ਆਵਾਜ਼ ਤੋਂ ਇੰਨਾ ਡਰ ਕਿਉਂ ਗਈ ਹੈ? ਉਨ੍ਹਾਂ ਕਿਹਾ ਕਿ ਸੰਵਿਧਾਨ ਵਿੱਚ ਵੀ ਇਹ ਹੱਕ ਦਿੱਤਾ ਹੋਇਆ ਕਿ ਕੋਈ ਵੀ ਵਿਅਕਤੀ ਆਪਣਾ ਹੱਕ ਤੇ ਇਨਸਾਫ਼ ਲੈਣ ਲਈ ਧਰਨਾ ਪ੍ਰਦਰਸ਼ਨ ਕਰ ਸਕਦਾ ਹੈ, ਪਰ ਹੁਣ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਹਾਲਾਤ ਇਸ ਤਰ੍ਹਾਂ ਦੇ ਬਣਾ ਦਿੱਤੇ ਹਨ ਕਿ ਵਿਰੋਧੀ ਧਿਰ ਦਾ ਕੋਈ ਵੀ ਆਗੂ ਹੋਵੇ, ਲੋਕਾਂ ਦੇ ਹਿਤਾਂ ਦੀ ਆਵਾਜ਼ ਚੁੱਕਦਾ ਹੈ ਤਾਂ ਉਸ 'ਤੇ ਪਰਚਾ ਦਰਜ ਕਰਕੇ ਆਵਾਜ਼ ਬੰਦ ਕਰ ਦਿਓ।
ਉਨ੍ਹਾਂ ਕਿਹਾ ਕਿ ਉਹ ਇਸ ਪਰਚੇ ਖਿਲਾਫ਼ ਹਾਈਕੋਰਟ ਜਾਣਗੇ। ਕਿਉਂਕਿ ਇਹ ਸਿਧੇ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਨੂੰ ਰਾਜਨੀਤਕ ਤੌਰ 'ਤੇ ਨਿਸ਼ਾਨਾ ਬਣਾਇਆ ਗਿਆ ਹੈ।
- PTC NEWS