Thu, Dec 26, 2024
Whatsapp

ਜਾਣੋ ਕੌਣ ਸੀ 'ਸ਼ਹੀਦ ਕਰਤਾਰ ਸਿੰਘ ਸਰਾਭਾ' ਜਿਸ ਨੂੰ ਸ਼ਹੀਦ ਭਗਤ ਸਿੰਘ ਮੰਨਦਾ ਸੀ ਆਪਣਾ ਆਦਰਸ਼

Reported by:  PTC News Desk  Edited by:  Jasmeet Singh -- May 24th 2023 01:06 PM -- Updated: November 16th 2023 11:27 AM
ਜਾਣੋ ਕੌਣ ਸੀ 'ਸ਼ਹੀਦ ਕਰਤਾਰ ਸਿੰਘ ਸਰਾਭਾ' ਜਿਸ ਨੂੰ ਸ਼ਹੀਦ ਭਗਤ ਸਿੰਘ ਮੰਨਦਾ ਸੀ ਆਪਣਾ ਆਦਰਸ਼

ਜਾਣੋ ਕੌਣ ਸੀ 'ਸ਼ਹੀਦ ਕਰਤਾਰ ਸਿੰਘ ਸਰਾਭਾ' ਜਿਸ ਨੂੰ ਸ਼ਹੀਦ ਭਗਤ ਸਿੰਘ ਮੰਨਦਾ ਸੀ ਆਪਣਾ ਆਦਰਸ਼

Shaheed Kartar Singh Sarabha: ਹਜ਼ਾਰਾਂ ਨੌਜਵਾਨਾਂ ਨੇ ਦੇਸ਼ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਉਣ ਲਈ ਲੜਾਈ ਲੜੀ ਅਤੇ ਹੱਸਦੇ-ਹੱਸਦੇ ਮੌਤ ਨੂੰ ਗਲੇ ਲਗਾਇਆ। ਉਨ੍ਹਾਂ ਵਿਚੋਂ ਇੱਕ ਕਰਤਾਰ ਸਿੰਘ ਸਰਾਭਾ ਪੰਜਾਬ ਦਾ ਅਜਿਹਾ ਸ਼ੇਰ ਸੀ ਜਿਸਨੇ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ। ਉਨ੍ਹਾਂ ਦਾ ਜਨਮ ਲੁਧਿਆਣਾ ਦੇ ਪਿੰਡ ਸਰਾਭਾ ਵਿੱਚ 24 ਮਈ 1896 ਨੂੰ ਮਾਤਾ ਸਾਹਿਬ ਕੌਰ ਅਤੇ ਪਿਤਾ ਮੰਗਲ ਸਿੰਘ ਦੇ ਘਰ ਹੋਇਆ। ਕਰਤਾਰ ਸਿੰਘ ਅਤੇ ਉਨ੍ਹਾਂ ਦੀ ਛੋਟੀ ਭੈਣ ਧੰਨਾ ਕੌਰ ਦਾ ਪਾਲਣ-ਪੋਸ਼ਣ ਦਾਦਾ ਬਦਨ ਸਿੰਘ ਨੇ ਕੀਤਾ ਕਿਉਂਕਿ ਉਨ੍ਹਾਂ ਦੇ ਬਚਪਨ 'ਚ ਪਿਤਾ ਅਕਾਲ ਅਕਾਲ ਚਲਾਣਾ ਕਰ ਗਏ ਸਨ।

ਉੱਚ ਸਿੱਖਿਆ ਲਈ ਵਿਦੇਸ਼ ਯਾਤਰਾ ਤੇ ਗਦਰੀ ਬਾਬਿਆਂ ਨਾਲ ਮੇਲ  
10ਵੀਂ ਜਮਾਤ ਤੋਂ ਬਾਅਦ ਪਰਿਵਾਰ ਨੇ ਉਨ੍ਹਾਂ ਨੂੰ ਉੱਚ ਸਿੱਖਿਆ ਲਈ ਵਿਦੇਸ਼ ਭੇਜਣ ਦਾ ਫੈਸਲਾ ਕੀਤਾ ਅਤੇ ਉਹ ਸਾਢੇ 15 ਸਾਲ ਦੀ ਉਮਰ ਵਿਚ ਅਮਰੀਕਾ ਪਹੁੰਚ ਗਿਆ। ਅਮਰੀਕਾ ਵਿਚ ਭਾਰਤੀ ਪ੍ਰਵਾਸੀਆਂ ਨਾਲ ਅੰਗਰੇਜ਼ਾਂ ਵੱਲੋਂ ਕੀਤੇ ਜਾ ਰਹੇ ਦੁਰਵਿਵਹਾਰ ਨੂੰ ਦੇਖ ਕੇ ਉਨ੍ਹਾਂ ਦੇ ਮਨ ਵਿਚ ਦੇਸ਼ ਭਗਤੀ ਦੀ ਭਾਵਨਾ ਪੈਦਾ ਹੋਣ ਲੱਗੀ। 15 ਜੁਲਾਈ 1913 ਨੂੰ ਲਾਲਾ ਹਰਦਿਆਲ, ਸੋਹਣ ਸਿੰਘ ਭਕਨਾ, ਬਾਬਾ ਜਵਾਲਾ ਸਿੰਘ, ਸੰਤੋਖ ਸਿੰਘ ਅਤੇ ਸੰਤ ਬਾਬਾ ਵਿਸਾਖਾ ਸਿੰਘ ਦਾਦਰ ਵਰਗੇ ਮਹਾਨ ਸੁਤੰਤਰਤਾ ਸੈਨਾਨੀਆਂ ਦੁਆਰਾ ਕੈਲੀਫੋਰਨੀਆ ਵਿੱਚ ਆਜ਼ਾਦੀ ਲਈ ਗਦਰ ਪਾਰਟੀ ਬਣਾਈ ਗਈ ਸੀ। ਉਸ ਵੇਲੇ ਉਨ੍ਹਾਂ ਦੀ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਕਰਤਾਰ ਸਿੰਘ ਸਰਾਭਾ ਵੀ ਪਾਰਟੀ ਦੇ ਸਰਗਰਮ ਮੈਂਬਰ ਬਣ ਗਏ। ਉਹ ਸੋਹਣ ਸਿੰਘ ਭਕਨਾ ਤੋਂ ਬਹੁਤ ਪ੍ਰੇਰਿਤ ਸਨ, ਜਿਨ੍ਹਾਂ ਭਾਰਤ ਉਹ ਕਰਤਾਰ ਸਿੰਘ ਨੂੰ ‘ਬਾਬਾ ਗਰਨਾਲ’ ਆਖਦੇ ਸਨ।


ਇੱਕ ਬੇਹਤਰੀਨ ਲਿਖਾਰੀ ਵੀ ਸਨ ਕਰਤਾਰ ਸਿੰਘ ਸਰਾਭਾ 
ਕਰਤਾਰ ਸਿੰਘ ਨੇ ਅਮਰੀਕਾ ਦੇ ਮੂਲ ਨਿਵਾਸੀਆਂ ਤੋਂ ਬੰਦੂਕਾਂ ਅਤੇ ਵਿਸਫੋਟਕਾਂ ਦੀ ਵਰਤੋਂ ਕਰਨਾ ਅਤੇ ਹਵਾਈ ਜਹਾਜ਼ ਉਡਾਉਣੇ ਸਿੱਖੇ। ਗ਼ਦਰ ਪਾਰਟੀ ਨੇ 1 ਨਵੰਬਰ 1913 ਨੂੰ ਪੰਜਾਬੀ, ਹਿੰਦੀ, ਉਰਦੂ, ਬੰਗਾਲੀ, ਗੁਜਰਾਤੀ ਅਤੇ ਪਸ਼ਤੋ ਭਾਸ਼ਾਵਾਂ ਵਿੱਚ 'ਗਦਰ' ਨਾਮ ਦਾ ਅਖ਼ਬਾਰ ਪ੍ਰਕਾਸ਼ਤ ਕਰਨਾ ਸ਼ੁਰੂ ਕੀਤਾ। ਕਰਤਾਰ ਸਿੰਘ ਸਰਾਭਾ ਨੇ ਅਖਬਾਰ ਦੇ ਗੁਰਮੁਖੀ ਐਡੀਸ਼ਨ ਦੇ ਪ੍ਰਕਾਸ਼ਨ ਵਿਚ ਸਰਗਰਮੀ ਨਾਲ ਹਿੱਸਾ ਲਿਆ ਅਤੇ ਇਸ ਲਈ ਕਈ ਲੇਖ ਅਤੇ ਦੇਸ਼ ਭਗਤੀ ਦੀਆਂ ਕਵਿਤਾਵਾਂ ਲਿਖੀਆਂ। ਅਖਬਾਰ ਦਾ ਉਦੇਸ਼ ਬ੍ਰਿਟਿਸ਼ ਸਰਕਾਰ ਦੇ ਖਿਲਾਫ ਦੁਨੀਆ ਭਰ ਵਿੱਚ ਵਸੇ ਭਾਰਤੀਆਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨਾ ਸੀ।

ਬਗਾਵਤ 'ਚ ਸ਼ਮੂਲੀਅਤ ਅਤੇ ਬਗਾਵਤ ਦੇ ਅਸਫਲ ਰਹਿਣ ਦਾ ਮੁੱਖ ਕਾਰਨ 
ਸਾਲ 1914 ਵਿੱਚ ਜਦੋਂ ਅੰਗਰੇਜ਼ ਪਹਿਲੇ ਵਿਸ਼ਵ ਯੁੱਧ ਵਿੱਚ ਸ਼ਾਮਲ ਹੋਏ ਤਾਂ 5 ਅਗਸਤ 1914 ਨੂੰ ਗ਼ਦਰ ਪਾਰਟੀ ਦੇ ਆਗੂਆਂ ਨੇ ‘ਜੰਗ ਦਾ ਐਲਾਨ ਕਰਨ ਦਾ ਫੈਸਲਾ’ ਸਿਰਲੇਖ ਵਾਲਾ ਲੇਖ ਛਾਪ ਕੇ ਅੰਗਰੇਜ਼ਾਂ ਖ਼ਿਲਾਫ਼ ਸੰਦੇਸ਼ ਦਿੱਤਾ। ਲੇਖ ਦੀਆਂ ਹਜ਼ਾਰਾਂ ਕਾਪੀਆਂ ਫੌਜੀ ਛਾਉਣੀਆਂ, ਪਿੰਡਾਂ ਅਤੇ ਕਸਬਿਆਂ ਵਿੱਚ ਵੰਡੀਆਂ ਗਈਆਂ। ਅਕਤੂਬਰ 1914 ਵਿਚ ਕਰਤਾਰ ਸਿੰਘ, ਸਤਯੇਨ ਸੇਨ ਅਤੇ ਵਿਸ਼ਨੂੰ ਗਣੇਸ਼ ਪਿੰਗਲੇ ਗਦਰ ਪਾਰਟੀ ਦੇ ਮੈਂਬਰਾਂ ਨਾਲ ਕੋਲੰਬੋ ਰਾਹੀਂ ਕਲਕੱਤੇ ਪਹੁੰਚੇ।

ਕਰਤਾਰ ਸਿੰਘ ਸਰਾਭਾ ਨੇ ਆਜ਼ਾਦੀ ਘੁਲਾਟੀਏ ਰਾਸ ਬਿਹਾਰੀ ਬੋਸ ਨਾਲ ਮੁਲਾਕਾਤ ਕੀਤੀ ਅਤੇ ਮੀਆਂ ਮੀਰ ਅਤੇ ਫਿਰੋਜ਼ਪੁਰ ਦੀਆਂ ਛਾਉਣੀਆਂ 'ਤੇ ਕਬਜ਼ਾ ਕਰਕੇ ਅੰਬਾਲਾ ਅਤੇ ਦਿੱਲੀ ਵਿਚ ਹਥਿਆਰਬੰਦ ਬਗਾਵਤ ਕਰਨ ਦਾ ਫੈਸਲਾ ਕੀਤਾ। ਇਸ ਦੇ ਲਈ ਕਰੀਬ 8000 ਭਾਰਤੀ ਅਮਰੀਕਾ ਅਤੇ ਕੈਨੇਡਾ ਦੇ ਆਰਾਮ ਛੱਡ ਕੇ ਸਮੁੰਦਰੀ ਜਹਾਜ਼ਾਂ ਰਾਹੀਂ ਭਾਰਤ ਪਹੁੰਚੇ। ਗਦਰ ਪਾਰਟੀ ਦੇ ਇੱਕ ਪੁਲਿਸ ਮੁਖ਼ਬਰ ਕਿਰਪਾਲ ਸਿੰਘ ਨੇ ਲਾਲਚ ਵਿੱਚ ਬਰਤਾਨਵੀ ਪੁਲਿਸ ਨੂੰ ਬਗਾਵਤ ਬਾਰੇ ਸੂਚਿਤ ਕਰ ਦਿੱਤਾ, ਜਿਸ ਦੇ ਸਿੱਟੇ ਵਜੋਂ ਪਾਰਟੀ ਦੇ ਵੱਡੀ ਗਿਣਤੀ ਵਿੱਚ ਕ੍ਰਾਂਤੀਕਾਰੀਆਂ ਨੂੰ 19 ਫਰਵਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਕਾਰਨ ਬਗਾਵਤ ਅਸਫਲ ਰਹੀ।

ਦੋਸਤਾਂ ਨਾਲ ਭਾਰਤ ਪਰਤੇ ਕਰਤਾਰ ਸਿੰਘ ਸਰਾਭਾ
ਕਰਤਾਰ ਸਿੰਘ ਸਰਾਭਾ ਨੂੰ ਹਰਨਾਮ ਸਿੰਘ ਟੁੰਡਾ ਲਾਟ ਅਤੇ ਜਗਤ ਸਿੰਘ ਸਮੇਤ ਹੋਰ ਪਾਰਟੀ ਮੈਂਬਰਾਂ ਸਮੇਤ ਅਫਗਾਨਿਸਤਾਨ ਜਾਣ ਦਾ ਹੁਕਮ ਦਿੱਤਾ ਗਿਆ। 2 ਮਾਰਚ 1915 ਨੂੰ ਕਰਤਾਰ ਸਿੰਘ ਸਰਾਭਾ ਆਪਣੇ ਦੋ ਦੋਸਤਾਂ ਨਾਲ ਭਾਰਤ ਪਰਤੇ ਕਿਉਂਕਿ ਉਨ੍ਹਾਂ ਦੀ ਜ਼ਮੀਰ ਨੇ ਉਸਨੂੰ ਆਪਣੇ ਸਾਥੀਆਂ ਨੂੰ ਇਕੱਲੇ ਛੱਡਣ ਦੀ ਇਜਾਜ਼ਤ ਨਹੀਂ ਦਿੱਤੀ। ਵਾਪਸੀ ਤੋਂ ਤੁਰੰਤ ਬਾਅਦ ਉਹ ਸਰਗੋਧਾ ਦੇ ਚੱਕ ਨੰਬਰ 5 ਵਿਚ ਚਲੇ ਗਏ ਅਤੇ ਬਗਾਵਤ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਬਰਤਾਨਵੀ ਹਕੂਮਤ ਨੇ ਉਨ੍ਹਾਂ ਨੂੰ ਹਰਨਾਮ ਸਿੰਘ ਟੁੰਡਾ ਲਾਟ ਅਤੇ ਜਗਤ ਸਿੰਘ ਨਾਲ ਗ੍ਰਿਫਤਾਰ ਕਰ ਲਿਆ ਅਤੇ ਲਾਹੌਰ ਸੈਂਟਰਲ ਜੇਲ੍ਹ ਵਿੱਚ ਬੰਦ ਕਰ ਦਿੱਤਾ।

ਅਦਾਲਤੀ ਸੁਣਵਾਈ ਦੌਰਾਨ ਕਰਤਾਰ ਸਿੰਘ ਸਰਾਭਾ ਨੇ ਬਗਾਵਤ ਦੇ ਦੋਸ਼ ਕਬੂਲ ਕਰ ਲਏ। ਨੌਜਵਾਨ ਭਾਰਤੀ ਕ੍ਰਾਂਤੀਕਾਰੀ ਦੀ ਹਿੰਮਤ ਦੇਖ ਕੇ ਜੱਜ ਦੰਗ ਰਹਿ ਗਏ। ਉਨ੍ਹਾਂ ਦਾ ਮਾਸੂਮ ਚਿਹਰਾ ਦੇਖ ਕੇ ਉਹ ਸਖ਼ਤ ਸਜ਼ਾ ਨਹੀਂ ਦੇਣਾ ਚਾਹੁੰਦਾ ਸੀ, ਇਸ ਲਈ ਉਨ੍ਹਾਂ ਨੇ ਸਰਾਭਾ ਨੂੰ ਆਪਣਾ ਬਿਆਨ ਬਦਲਣ ਲਈ ਕਿਹਾ, ਪਰ ਕੌਮ ਪ੍ਰਤੀ ਪਿਆਰ ਨਾਲ ਭਰਪੂਰ ਕਰਤਾਰ ਸਿੰਘ ਆਪਣੇ ਬਿਆਨ 'ਤੇ ਅਡੋਲ ਰਹੇ। ਆਖਰਕਾਰ ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ।

ਨਿੱਕੀ ਉਮਰੇ ਪੀਤਾ ਸ਼ਹੀਦੀ ਜਾਮ
16 ਨਵੰਬਰ 1915 ਨੂੰ ਕਰਤਾਰ ਸਿੰਘ ਸਰਾਭਾ ਨੂੰ ਉਨ੍ਹਾਂ ਦੇ 6 ਹੋਰ ਸਾਥੀਆਂ ਬਖਸ਼ੀਸ਼ ਸਿੰਘ, ਸੁਰੇਸ਼ ਸਿੰਘ, ਸੁਰਾਂ, ਹਰਨਾਮ ਸਿੰਘ, ਜਗਤ ਸਿੰਘ ਅਤੇ ਵਿਸ਼ਨੂੰ ਗਣੇਸ਼ ਪਿੰਗਲੇ ਸਮੇਤ ਲਾਹੌਰ ਜੇਲ੍ਹ ਵਿੱਚ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਲਾਹੌਰ ਸੈਂਟਰਲ ਜੇਲ੍ਹ ਵਿਚ ਕੈਦ ਦੌਰਾਨ ਉਨ੍ਹਾਂ ਦਾ ਭਾਰ 14 ਕਿੱਲੋ ਵਧ ਗਿਆ ਸੀ, ਜੋ ਫਾਂਸੀ ਪ੍ਰਤੀ ਉਨ੍ਹਾਂ ਦੀ ਨਿਡਰਤਾ ਨੂੰ ਦਰਸਾਉਂਦਾ ਹੈ। ਉਹ ਸ਼ਹੀਦ ਭਗਤ ਸਿੰਘ ਦਾ ਵੀ ਆਦਰਸ਼ ਸੀ। ਭਗਤ ਸਿੰਘ ਹਮੇਸ਼ਾ ਉਨ੍ਹਾਂ ਦੀ ਤਸਵੀਰ ਆਪਣੇ ਕੋਲ ਰੱਖਦੇ ਸਨ।

ਪੂਰੀ ਖ਼ਬਰ ਪੜ੍ਹੋ: 

ਨਵੇਂ ਸੰਸਦ ਭਵਨ ਦੇ ਉਦਘਾਟਨ ਸਮਾਰੋਹ ਨੂੰ ਲੈਕੇ ਛਿੜਿਆ ਵਿਵਾਦ; ਬਾਈਕਾਟ ਦੀ ਤਿਆਰੀ 'ਚ ਸਾਰੀਆਂ ਪਾਰਟੀਆਂ

CM ਭਗਵੰਤ ਮਾਨ ਦੀ ਚੰਨੀ ਨੂੰ ਸਲਾਹ ਜਾਂ ਧਮਕੀ? ਕਿਹਾ 'ਨਾ ਖੋਲ੍ਹੋ ਆਪਣਾ ਮੂੰਹ, ਸਭ ਕੁਝ ਢੱਕ ਕੇ ਰੱਖੋ'

- PTC NEWS

Top News view more...

Latest News view more...

PTC NETWORK