ਦੇਸ਼ ਦਾ ਅੰਦੋਲਨ ਹੈ 'ਰੇਲੇ ਰੋਕੋ', ਮੰਗਾਂ ਨਾ ਮੰਨੇ ਤੱਕ ਰਹੇਗਾ ਜਾਰੀ: ਸਰਵਣ ਸਿੰਘ ਪੰਧੇਰ
SKM Press Conference on Rail Roko: ਸੰਯੁਕਤ ਕਿਸਾਨ ਮੋਰਚੇ (ਗ਼ੈਰ-ਰਾਜਨੀਤਕ) ਵੱਲੋਂ ਦਿੱਤੇ 'ਰੇਲ ਰੋਕੋ' ਅੰਦੋਲਨ ਦੇ ਵਿਚਕਾਰ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਹੈ ਕਿ ਇਹ ਕਿਸਾਨ ਅੰਦੋਲਨ ਪੰਜਾਬ ਦਾ ਨਹੀਂ, ਸਗੋਂ ਪੂਰੇ ਦੇਸ਼ ਭਰ ਦੇ ਕਿਸਾਨਾਂ ਦਾ ਹੈ। ਉਨ੍ਹਾਂ ਕਿਹਾ ਕਿ ਰੇਲ ਰੋਕੋ ਅੰਦੋਲਨ ਨੂੰ ਇਕੱਲੇ ਪੰਜਾਬ ਦਾ ਵਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਉਹ ਇਨ੍ਹਾਂ ਕੋਸ਼ਿਸ਼ਾਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ ਅਤੇ ਅੰਦੋਲਨ ਉਦੋਂ ਤੱਕ ਜਾਰੀ ਰੱਖਿਆ ਜਾਵੇਗਾ, ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ।
ਪ੍ਰੈਸ ਕਾਨਫਰੰਸ ਦੌਰਾਨ ਕਿਸਾਨ ਆਗੂ ਨੇ ਕਿਹਾ ਕਿ ਰੇਲ ਰੋਕੋ ਅੰਦੋਲਨ ਨੂੰ ਰੋਕਣ ਲਈ ਬੀਤੀ ਰਾਤ ਤੋਂ ਹੀ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੀਆਂ ਲੱਖਾਂ ਮਾਤਾਵਾਂ-ਭੈਣਾਂ ਤੇ ਬੱਚੇ-ਬਜ਼ੁਰਗ ਰੇਲ ਰੋਕੋ ਅੰਦੋਲਨ ਵਿੱਚ ਸ਼ਾਮਲ ਹੋਣਗੇ। ਤਾਮਿਲਨਾਡੂ ਵਿੱਚ ਕਿਸਾਨ ਰੇਲਵੇ ਟਰੈਕ 'ਤੇ ਪਹੁੰਚੇ ਹੋਏ ਹਨ, ਯੂਪੀ, ਮੱਧ ਪ੍ਰਦੇਸ਼, ਕਰਨਾਟਕਾ, ਰਾਜਸਥਾਨ ਅਤੇ ਹਰਿਆਣਾ ਆਦਿ ਦੇਸ਼ ਦੀਆਂ ਵੱਖ ਵੱਖ ਥਾਵਾਂ 'ਤੇ ਰੇਲੇ ਰੋਕੋ ਅੰਦੋਲਨ ਕੀਤੀ ਜਾ ਰਿਹਾ ਹੈ।
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅਸੀਂ ਸਾਰੇ ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਅੱਜ ਦੇ 'ਰੇਲ ਰੋਕੋ' 'ਚ ਦੇਸ਼ ਭਰ 'ਚ ਵੱਡੀ ਗਿਣਤੀ 'ਚ ਸਾਡਾ ਸਾਥ ਦੇਣ। ਅਸੀਂ ਉਨ੍ਹਾਂ ਲੋਕਾਂ ਨੂੰ ਵੀ ਬੇਨਤੀ ਕਰਦੇ ਹਾਂ, ਜੋ ਅੱਜ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਰੇਲ ਯਾਤਰਾ ਕਰਨਾ ਚਾਹੁੰਦੇ ਹਨ, ਉਹ ਅੱਜ 4 ਘੰਟੇ ਤੱਕ ਅਜਿਹਾ ਨਾ ਕਰਨ ਕਿਉਂਕਿ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਸਿਰਫ਼ ਕੁੱਝ ਸਮੇਂ ਦਾ ਹੀ 'ਰੇਲ ਰੋਕੋ' ਹੈ।
ਕਿਸਾਨ ਆਗੂ ਨੇ ਕਿਹਾ ਕਿ ਅੱਜ ਅੰਦੋਲਨ ਕਰਨ ਦੀ ਗੱਲ ਐਮਐਸਪੀ ਲਾਗੂ ਕਰਵਾਉਣ ਦਾ ਸਵਾਲ ਹੈ, ਕਰਜ਼ ਮੁਕਤ ਦਾ ਸਵਾਲ ਹੈ ਅਤੇ ਲਖੀਮਪੁਰੀ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦਾ ਸਵਾਲ ਹੈ। ਉਨ੍ਹਾਂ ਕਿਹਾ ਕਿ ਸਰਕਾਰ ਗੜੇਮਾਰੀ ਕਾਰਨ ਖਰਾਬ ਫਸਲਾਂ 'ਤੇ ਨਵੀਂ ਬੀਮਾ ਪਾਲਿਸੀ ਲਿਆਵੇ। ਜਦੋਂ ਤੱਕ ਕਿਸਾਨਾਂ ਦੀਆਂ ਇਹ ਸਾਰੀਆਂ ਮੰਗਾਂ ਸਰਕਾਰ ਮੰਨ ਨਹੀਂ ਲੈਂਦੀ ਅਤੇ ਕਿਸਾਨਾਂ ਨੂੰ ਰਸਤਾ ਨਹੀਂ ਦੇਵੇਗੀ, ਉਦੋਂ ਤੱਕ ਅੰਦੋਲਨ ਜਾਰੀ ਰੱਖਿਆ ਜਾਵੇਗਾ। ਇਸ ਤਹਿਤ ਹੀ ਅੱਜ 4 ਘੰਟੇ ਲਈ ਇਹ ਰੇਲਾਂ ਰੋਕਣ ਦਾ ਪ੍ਰੋਗਰਾਮ ਦਿੱਤਾ ਗਿਆ ਹੈ।
ਕਿਸਾਨ ਆਗੂ ਪੰਧੇਰ ਨੇ ਕਿਹਾ ਕਿ ਅੱਜ ਦਾ ਅੰਦੋਲਨ ਸਾਰਿਆਂ ਲਈ ਸਿਰਦਰਦੀ ਬਣੇਗਾ। ਚੋਣ ਜ਼ਾਬਤੇ ਦਾ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਣ ਵਾਲਾ, ਉਹ ਇਸੇ ਤਰ੍ਹਾਂ ਡੱਟੇ ਰਹਿਣਗੇ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਪਿਊਸ਼ ਗੋਇਲ ਕਹਿ ਰਹੇ ਹਨ ਕਿ ਝੋਨਾ ਲਾਉਣਾ ਛੱਡ ਦਿਓ, ਪਰ ਉਨ੍ਹਾਂ ਨੂੰ ਇਹ ਸਰਕਾਰਾਂ ਨੇ ਹੀ ਲਾਉਣ ਲਈ ਕਿਹਾ ਸੀ। ਉਨ੍ਹਾਂ ਕਿਹਾ ਕਿ ਖੁੱਲ੍ਹੀ ਮੰਡੀ ਦਾ ਸੁਝਾਅ ਅੱਜ ਦੇ ਕਿਸਾਨਾਂ ਲਈ ਨੁਕਸਾਨਦੇਹ ਸਾਬਤ ਹੋ ਰਿਹਾ ਹੈ।
-