CM ਮਾਨ ਦੇ ਜ਼ਿਲ੍ਹੇ 'ਚ ਝੋਨਾ ਨਾ ਵਿਕਣ ਕਾਰਨ ਕਿਸਾਨ ਨੇ ਜੀਵਨਲੀਲਾ ਕੀਤੀ ਸਮਾਪਤ : ਸੁਨੀਲ ਜਾਖੜ
Kisan Death in Sangrur : ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਜ਼ਿਲ੍ਹੇ ਸੰਗਰੂਰ ਵਿੱਚ ਇੱਕ ਕਿਸਾਨ ਵੱਲੋਂ ਆਪਣੀ ਜੀਵਨਲੀਲਾ ਸਮਾਪਤ ਕਰ ਲਏ ਜਾਣ ਦੀ ਖ਼ਬਰ ਹੈ। ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਇਸ ਘਟਨਾ ਦੀ ਸਖਤ ਨਿੰਦਾ ਕੀਤੀ ਹੈ। ਜਾਖੜ ਵੱਲੋਂ ਸਾਂਝੀ ਕੀਤੀ ਪੋਸਟ ਵਿੱਚ ਕਿਹਾ ਗਿਆ ਹੈ ਕਿ ਮ੍ਰਿਤਕ ਕਿਸਾਨ ਮੰਡੀ ਵਿੱਚ ਆਪਣਾ ਝੋਨਾ ਨਾ ਵਿਕਣ ਅਤੇ ਕਰਜ਼ੇ ਕਾਰਨ ਪ੍ਰੇਸ਼ਾਨ ਸੀ, ਜਿਸ ਕਾਰਨ ਉਸ ਨੇ ਇਹ ਖੌਫਨਾਕ ਕਦਮ ਚੁੱਕ ਲਿਆ।
ਸੁਨੀਲ ਜਾਖੜ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਟਵਿੱਟਰ ਐਕਸ 'ਤੇ ਪੋਸਟ ਸਾਂਝੀ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਕਿਸਾਨ ਦੀ ਮੌਤ ਨੂੰ ਲੈ ਕੇ ਤਿੱਖਾ ਨਿਸ਼ਾਨਾ ਸਾਧਿਆ ਹੈ।
ਉਨ੍ਹਾਂ ਲਿਖਿਆ, ''ਮੁੱਖ ਮੰਤਰੀ ਦੇ ਆਪਣੇ ਜ਼ਿਲ੍ਹੇ ਸੰਗਰੂਰ ਦੇ ਕਿਸਾਨ ਜਸਵਿੰਦਰ ਸਿੰਘ ਵੱਲੋਂ ਝੋਨਾ ਨਾ ਵਿਕਣ ਅਤੇ ਕਰਜੇ ਕਾਰਨ ਆਤਮਹੱਤਿਆ ਦੀ ਖ਼ਬਰ ਨੇ ਮਨ ਨੂੰ ਝੰਜੋੜ ਦਿੱਤਾ ਹੈ।'' ਉਨ੍ਹਾਂ ਅੱਗੇ ਕਿਹਾ, ''ਪੰਜਾਬ ਸਰਕਾਰ ਦੀ ਨਾਕਾਬਲੀਅਤ ਦਾ ਇਹ ਸਬੂਤ ਹੈ ਕਿ ਕਿਸਾਨ ਮੰਡੀਆਂ ਵਿਚ ਰੁਲ ਰਿਹਾ ਹੈ। ਦੂਜੇ ਪਾਸੇ ਅਰਵਿੰਦ ਕੇਜਰੀਵਾਲ ਸਾਹਿਬ ਪੰਜਾਬ ਆ ਰਹੇ ਹਨ। ਬਿਹਤਰ ਹੋਵੇਗਾ ਕਿ ਉਹ ਭਲਕੇ ਸਰਪੰਚਾਂ ਨੂੰ ਸੇਧ ਦੇਣ ਦੀ ਬਜਾਏ ਆਪਣੀ ਸਰਕਾਰ ਨੂੰ ਸੇਧ ਦੇਣ, ਜਿਸ ਦੇ ਅਨਾੜੀਪਨ ਕਾਰਨ ਅੱਜ ਸੂਬੇ ਦਾ ਕਿਸਾਨ ਇਸ ਕਦਰ ਪ੍ਰੇਸ਼ਾਨ ਹੈ ਕਿ ਫਸਲ ਨਾ ਵਿਕਣ ਕਾਰਣ ਆਤਮ ਹੱਤਿਆ ਤੱਕ ਕਰਨ ਲਈ ਮਜਬੂਰ ਹੋ ਰਿਹਾ ਹੈ।''
ਉਨ੍ਹਾਂ ਨੇ ਅਰਵਿੰਦਰ ਕੇਜਰੀਵਾਲ ਨੂੰ ਯਾਦ ਕਰਵਾਇਆ ਕਿ ਉਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਜਦ ਉਨ੍ਹਾਂ ਦੀ ਸਰਕਾਰ ਬਣੇਗੀ ਤਾਂ ਕਿਸਾਨਾਂ ਨੂੰ ਆਤਮ ਹੱਤਿਆਵਾਂ ਨਹੀਂ ਕਰਣੀਆਂ ਪੈਣਗੀਆਂ ਪਰ ਹਾਲਾਤ ਦਾਅਵਿਆਂ ਦੇ ਬਿਲਕੁਲ ਉਲਟ ਹਨ। ਉਨ੍ਹਾਂ ਨੇ ਆਪ ਸੁਪਰੀਮੋ ਨੂੰ ਕਿਹਾ ਕਿ ਉਹ ਆਪਣੀ ਸਰਕਾਰ ਨੂੰ ਇਸਤਿਹਾਰਬਾਜੀ ਤੋਂ ਹਟਕੇ ਲੋਕਾਂ ਦੇ ਮਸਲੇ ਕਰਨ ਹਿੱਤ ਲਗਾਉਣ । ਭਾਜਪਾ ਪ੍ਰਧਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਮੇਂ ਸਿਰ ਦੀ ਯੋਜਨਾਂਬੰਦੀ ਦੀ ਘਾਟ ਕਾਰਨ ਇਹ ਹਲਾਤ ਬਣੇ ਹੋਏ ਹਨ।
ਦੱਸ ਦਈਏ ਕਿ ਪੰਜਾਬ ਵਿੱਚ ਝੋਨੇ ਦੀ ਖਰੀਦ ਅਤੇ ਲਿਫਟਿੰਗ ਸਮੱਸਿਆ ਨੂੰ ਲੈ ਕੇ ਕਿਸਾਨ ਆਗੂਆਂ ਵੱਲੋਂ ਵੀ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਕਿਸਾਨਾਂ ਵੱਲੋਂ ਸਰਕਾਰ ਨਾਲ ਇਸ ਮਸਲੇ 'ਤੇ ਕਈ ਮੀਟਿੰਗਾਂ ਵੀ ਹੋ ਚੁੱਕੀਆਂ ਹਨ, ਪਰ ਮਸਲਾ ਅਜੇ ਵੀ ਹੱਲ ਨਹੀਂ ਹੋਇਆ ਹੈ। ਇਸਤੋਂ ਇਲਾਵਾ ਡੀਏਪੀ ਖਾਦ ਦੀ ਸਮੱਸਿਆ ਵੀ ਵਿਕਰਾਲ ਰੂਪ ਧਾਰਨ ਕਰਦੀ ਜਾ ਰਹੀ ਹੈ, ਜਿਸ ਨੂੰ ਲੈ ਕੇ ਵੀ ਕਿਸਾਨਾਂ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਖਿਲਾਫ਼ ਰੋਸ ਦੀ ਲਹਿਰ ਹੈ।
- PTC NEWS