Farmer Death in Kisan Andolan : 'ਜ਼ਿੰਦਗੀ' 'ਤੇ ਸੰਘਰਸ਼ ਭਾਰੂ, ਹੋਰ ਕਿੰਨੀਆ ਜਾਨਾਂ ਲਓਗੇ ਸਰਕਾਰ ਜੀ ?
Farmer Death in Kisan Andolan 2.0 : ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਖੇਤੀ ਮੰਗਾਂ ਨੂੰ ਲੈ ਕੇ ਭਾਰਤ ਦਾ ਅੰਨਦਾਤਾ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰਦਾ ਆ ਰਿਹਾ ਹੈ, ਪਰ ਹਾਲੇ ਤੱਕ ਵੀ ਸਮੇਂ ਦੀਆਂ ਸਰਕਾਰਾਂ ਵੱਲੋਂ ਕਿਸਾਨਾਂ ਨੂੰ ਉਨ੍ਹਾਂ ਦਾ ਹੱਕ ਨਹੀਂ ਦਿੱਤਾ ਜਾ ਰਿਹਾ ਹੈ। ਕਿਸਾਨਾਂ ਵੱਲੋਂ ਭਾਵੇਂ ਪਿਛਲੇ ਸਮਿਆਂ ਤੋਂ ਹੀ ਸੰਘਰਸ਼ ਵਿੱਢੇ ਜਾਂਦੇ ਰਹੇ ਹਨ, ਜਿਸ ਦੌਰਾਨ ਸੈਂਕੜੇ ਕਿਸਾਨਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ, ਪਰ ਸਰਕਾਰਾਂ ਵੱਲ ਕਿਸਾਨਾਂ ਦੀਆਂ ਮੰਗਾਂ ਅੱਜ ਵੀ ਜਿਉਂ ਦੀਆਂ ਤਿਉਂ ਖੜੀਆਂ ਹੋਈਆਂ ਹਨ। ਹੁਣ ਇੱਕ ਵਾਰ ਫਿਰ ਕਿਸਾਨਾਂ ਵੱਲੋਂ 2020 ਦੇ ਅੰਦੋਲਨ 'ਚ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਮੁੜ ਸੰਘਰਸ਼ ਵਿੱਢਿਆ ਗਿਆ ਹੈ। ਹਾਲਾਂਕਿ, ਇਸ ਸੰਘਰਸ਼ ਦਾ ਵੀ ਅਜੇ ਕੁੱਝ ਪਤਾ ਨਹੀਂ ਕਿ ਇਹ ਕਿੰਨਾ ਚਿਰ ਚੱਲੇਗਾ, ਪਰ ਇਸ ਆਰ-ਪਾਰ ਦੇ ਸੰਘਰਸ਼ ਨੇ ਇੱਕ-ਇੱਕ ਕਰਕੇ ਕਿਸਾਨਾਂ ਦੀ ਬਲੀ ਲੈਣੀ ਸ਼ੁਰੂ ਕਰ ਦਿੱਤੀ ਹੈ।
ਸਰਕਾਰਾਂ ਦੀ ਬੇਰੁਖੀ ਕਿਵੇਂ ਕਿਸਾਨਾਂ ਦੀ ਜਾਨ ਲੈ ਰਹੀ ਹੈ, ਇਸ ਦੀ ਮਿਸਾਲ ਕਿਸਾਨਾਂ ਵੱਲੋਂ ਜੀਵਨਲੀਲਾ ਸਮਾਪਤ ਕੀਤੇ ਜਾਣ ਦੀਆ ਘਟਨਾਵਾਂ ਤੋਂ ਮਿਲਦੀ ਹੈ। ਵੀਰਵਾਰ ਵੀ ਸ਼ੰਭੂ ਬਾਰਡਰ 'ਤੇ ਇੱਕ ਕਿਸਾਨ ਰੇਸ਼ਮ ਸਿੰਘ ਵੱਲੋਂ ਸਲਫਾਸ ਨਿਗਲ ਕੇ ਜੀਵਨਲੀਲਾ ਸਮਾਪਤ ਕਰ ਲਈ ਗਈ। ਦੱਸ ਦਈਏ ਕਿ ਪੰਜਾਬ ਦੇ ਖਨੌਰੀ ਅਤੇ ਸ਼ੰਭੂ ਬਾਰਡਰ 'ਤੇ ਕਿਸਾਨਾਂ ਨੂੰ ਸੰਘਰਸ਼ ਕਰਦਿਆਂ ਇੱਕ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਪਰ ਇਸ ਦੌਰਾਨ ਸਰਕਾਰ ਵੱਲੋਂ ਕੋਈ ਗੱਲਬਾਤ ਦਾ ਸੱਦਾ ਨਹੀਂ ਦਿੱਤਾ ਗਿਆ ਅਤੇ ਨਾ ਹੀ ਹੁਣ ਕਿਸੇ ਸੱਦੇ ਦੀ ਸੁੱਧ-ਬੁੱਧ ਵਿਖਾਈ ਦੇ ਰਹੀ ਹੈ।
ਲਗਾਤਾਰ ਜਾਨਾਂ ਗੁਆ ਰਹੇ ਕਿਸਾਨ, ਕਦੋਂ ਤੱਕ ?
2020 ਦੇ ਪਹਿਲੇ ਕਿਸਾਨ ਅੰਦੋਲਨ ਦੌਰਾਨ 700 ਤੋਂ ਵੱਧ ਕਿਸਾਨਾਂ ਨੇ ਆਪਣੀ ਜਾਨ ਗੁਆਈ ਸੀ ਅਤੇ ਹੁਣ ਫਿਰ ਇਹ ਸਿਲਸਿਲਾ ਸ਼ੁਰੂ ਹੁੰਦਾ ਵਿਖਾਈ ਦੇ ਰਿਹਾ ਹੈ। ਕਿਸਾਨ ਅੰਦੋਲਨ ਦੇ ਦੂਜੇ ਪੜ੍ਹਾਅ ਤਹਿਤ ਸ਼ੁਰੂ ਹੋਏ ਸੰਘਰਸ਼ 'ਚ ਹੁਣ ਤੱਕ 3 ਕਿਸਾਨਾਂ ਨੇ ਜਾਨ ਗੁਆ ਦਿੱਤੀ ਹੈ, ਜਿਨ੍ਹਾਂ ਵਿੱਚ ਸਭ ਤੋਂ ਪਹਿਲਾਂ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਸੀ, ਜਿਸ ਦੀ 21 ਫਰਵਰੀ 2024 ਨੂੰ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ। ਪੁਲਿਸ ਨੇ ਇਸ ਮਾਮਲੇ 'ਚ 9 ਦਿਨਾਂ ਬਾਅਦ ਆਈਪੀਐਸ ਦੀ ਧਾਰਾ 302 (ਕਤਲ) ਅਤੇ 114 ਤਹਿਤ ਕੇਸ ਦਰਜ ਕੀਤਾ ਸੀ, ਹਾਲਾਂਕਿ ਮਾਮਲੇ ਵਿੱਚ ਕਿਸੇ ਦਾ ਨਾਮ ਨਹੀਂ ਦਰਜ ਕੀਤਾ ਗਿਆ।ਜਦਕਿ ਉਸ ਤੋਂ ਬਾਅਦ ਰਣਜੋਧ ਸਿੰਘ ਅਤੇ ਹੁਣ ਤਰਨਤਾਰਨ ਤੇ ਰੇਸ਼ਮ ਸਿੰਘ ਨੇ ਮੰਗਾਂ ਪੂਰੀਆਂ ਨਾ ਹੋਣ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਇਨ੍ਹਾਂ ਮੌਤਾਂ ਤੋਂ ਇਲਾਵਾ ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ 'ਤੇ ਕਿਸਾਨ ਸੰਗਰੂਰ ਦੇ ਕੌਰ ਸਿੰਘ ਪੁੱਤਰ ਸੁਖਦੇਵ (65), ਤਰਨਤਾਰਨ ਦੇ ਪਿੰਡ ਖਵਾਸਪੁਰ ਦੇ ਕਿਸਾਨ ਹਰਜਿੰਦਰ ਸਿੰਘ (65 ਸਾਲ), ਪਟਿਆਲਾ ਦੇ ਕਿਸਾਨ ਕਰਨੈਲ ਸਿੰਘ ਵਾਸੀ ਪਿੰਡ ਅਰਨੋ ਵੀ ਆਪਣੀਆਂ ਜਾਨਾਂ ਗੁਆ ਚੁੱਕੇ ਹਨ।
ਕਿਸਾਨ ਆਗੂ ਡੱਲੇਵਾਲ ਦੀ ਵੀ ਸਿਹਤ ਕੰਢੇ 'ਤੇ
ਉਧਰ, ਖਨੌਰੀ ਬਾਰਡਰ 'ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੀ 26 ਨਵੰਬਰ 2024 ਤੋਂ ਲਗਾਤਾਰ ਮਰਨ ਵਰਤ 'ਤੇ ਬੈਠੇ ਹਨ ਅਤੇ ਭੁੱਖ ਹੜਤਾਲ ਨੂੰ 45 ਦਿਨ ਹੋ ਗਏ ਹਨ। ਉਨ੍ਹਾਂ ਦੀ ਵੀ ਸਿਹਤ ਲਗਾਤਾਰ ਡਿੱਗ ਰਹੀ ਹੈ ਅਤੇ ਡਾਕਟਰਾਂ ਅਨੁਸਾਰ ਕਿਸਾਨ ਲੀਡਰ ਦੀ ਹਾਲਤ ਅਜਿਹੀ ਹੈ ਕਿ ਕਿਸੇ ਸਮੇਂ ਵੀ ਕੁੱਝ ਹੋ ਸਕਦਾ ਹੈ। ਖਨੌਰੀ ਬਾਰਡਰ 'ਤੇ ਮਾਹੌਲ ਇਸ ਸਮੇਂ ਪੂਰੀ ਤਰ੍ਹਾਂ ਚਿੰਤਾਜਨਕ ਬਣਿਆ ਹੋਇਆ ਹੈ, ਜਿਸ ਨੂੰ ਲੈ ਕੇ ਸੁਪਰੀਮ ਕੋਰਟ ਵੀ ਡੱਲੇਵਾਲ ਦੀ ਹਾਲਤ ਨੂੰ ਲੈ ਕੇ ਚਿੰਤਿਤ ਹੈ ਅਤੇ ਕਿਸਾਨਾਂ ਨਾਲ ਗੱਲਬਾਤ ਲਈ ਹਾਈਪਾਵਰ ਕਮੇਟੀ ਵੀ ਗਠਿਤ ਕੀਤੀ ਗਈ ਹੈ, ਉਥੇ ਹੀ ਪੰਜਾਬ ਸਰਕਾਰ ਨੂੰ ਡੱਲੇਵਾਲ ਨੂੰ ਸਰਕਾਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਆਦੇਸ਼ ਕੀਤੇ ਗਏ ਹਨ।
ਹੁਣ ਸਵਾਲ ਇਹ ਉਠਦਾ ਹੈ ਕਿ ਕੀ ਇਸੇ ਤਰ੍ਹਾਂ ਕਿਸਾਨ ਆਪਣੀਆਂ ਜਾਨਾਂ ਗੁਆਉਂਦੇ ਰਹਿਣਗੇ ਜਾਂ ਫਿਰ ਸਰਕਾਰ ਉਨ੍ਹਾਂ ਦੀ ਸੁਣੇਗੀ ਵੀ ਅਤੇ ਸੁਣੇਗੀ ਵੀ ਤਾਂ ਫਿਰ ਕਦੋਂ ?
- PTC NEWS