ਫੁੱਲਾਂ ਦੀ ਵਰਖਾ ਤੇ ਜੈਕਾਰਿਆਂ ਦੀ ਗੂੰਜ 'ਚ ਸ਼ੁਰੂ ਹੋਈ 'ਖ਼ਾਲਸਾ ਵਹੀਰ', ਦੇਖੋ ਵੀਡੀਓ
ਅੰਮ੍ਰਿਤਸਰ : 'ਵਾਰਿਸ ਪੰਜਾਬ ਦੇ' ਦੇ ਜਥੇਦਾਰ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਿਚ ਫੁੱਲਾਂ ਦੀ ਵਰਖਾ ਤੇ ਜੈਕਾਰਿਆਂ ਦੀ ਗੂੰਜ ਦਰਮਿਆਨ 'ਖ਼ਾਲਸਾ-ਵਹੀਰ' ਸ਼ੁਰੂ ਹੋਈ। ਇਸ ਵਹੀਰ ਨੂੰ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਉਪਰੰਤ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਅੰਮ੍ਰਿਤਪਾਲ ਨੇ ਕਿਹਾ ਨਸ਼ਿਆਂ ਵਿੱਚ ਡੁੱਬੀ ਜਵਾਨੀ ਅਤੇ ਆਮ ਲੋਕਾਂ ਨੂੰ ਗੁਰੂ ਦੇ ਲੜ ਨਾਲ ਜੋੜਨ ਦਾ ਇਹ ਅਹਿਮ ਉਪਰਾਲਾ ਹੈ।
ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚੇ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਇਸ ਵਹੀਰ ਨੂੰ ਲੈ ਕੇ ਨੌਜਵਾਨਾਂ ਵਿਚ ਭਾਰੀ ਉਤਸ਼ਾਹ ਹੈ। ਅੰਮ੍ਰਿਤਪਾਲ ਨੇ ਐਲਾਨ ਕੀਤਾ ਹੈ ਕਿ ਅੱਜ ਸ਼ਾਮ ਤੱਕ ਇਹ ਵਹੀਰ ਜੰਡਿਆਲਾ ਗੁਰੂ ਪਹੁੰਚ ਜਾਵੇਗੀ, ਜਿੱਥੇ ਲੋਕਾਂ ਨੂੰ ਅੰਮ੍ਰਿਤ ਛਕਾਉਣ ਤੋਂ ਬਾਅਦ ਅਗਲੇ ਪੜਾਅ ਲਈ ਰਵਾਨਾ ਹੋਵੇਗੀ। ਖ਼ਾਲਸਾ-ਵਹੀਰ ਵਿਚ ਵੱਡੀ ਗਿਣਤੀ ਵਿਚ ਲੋਕ ਸ਼ਾਮਲ ਹੋਏ। ਅੰਮ੍ਰਿਤਪਾਲ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੁੱਜ ਕੇ ਸੰਪੂਰਨਤਾ ਦੀ ਅਰਦਾਸ ਕੀਤੀ ਜਾਵੇਗੀ। ਖਾਲਸਾ ਵਹੀਰ ਇਥੇ ਨਹੀਂ ਰੁਕੇਗੀ। ਅਗਲਾ ਖਾਲਸਾ ਵਹੀਰ ਤਖ਼ਤ ਸ੍ਰੀ ਦਮਦਮਾ ਸਾਹਿਬ ਲਈ ਰਵਾਨਾ ਹੋਵੇਗੀ। ਇਸ ਦੇ ਪੜਾਵਾਂ ਬਾਰੇ ਜਾਣਕਾਰੀ ਜਲਦੀ ਦਿੱਤੀ ਜਾਵੇਗੀ।
ਇਸ ਦੌਰਾਨ ਇਹ ਵਹੀਰ ਜੰਡਿਆਲਾ ਗੁਰੂ, ਬਾਬਾ ਬਕਾਲਾ ਸਾਹਿਬ, ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਸੁਲਤਾਨਪੁਰ ਲੋਧੀ, ਕਪੂਰਥਲਾ, ਕਰਤਾਰਪੁਰ, ਜਲੰਧਰ, ਫਗਵਾੜਾ, ਬਹਿਰਾਮ, ਨਵਾਂ ਸ਼ਹਿਰ, ਬਲਾਚੌਰ, ਰੋਪੜ ਤੋਂ ਹੁੰਦੀ ਹੋਈ ਸ੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚੇਗੀ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਇਕਤਰਫਾ ਪ੍ਰੇਮ ਸਬੰਧਾਂ ਦੇ ਚਲਦਿਆਂ ਕੁੜੀ ਦਾ ਕਤਲ, ਮੁਲਜ਼ਮ ਗ੍ਰਿਫ਼ਤਾਰ
- PTC NEWS