MP Amritpal Singh : ਖਡੂਰ ਸਾਹਿਬ ਤੋਂ MP ਅੰਮ੍ਰਿਤਪਾਲ ਸਿੰਘ ਦਾ ਵੱਡਾ ਭਰਾ ਆਈਸ ਡਰੱਗ ਨਾਲ ਗ੍ਰਿਫ਼ਤਾਰ
MP Amritpal Singh : ਖਡੂਰ ਸਾਹਿਬ ਤੋਂ MP ਅੰਮ੍ਰਿਤਪਾਲ ਸਿੰਘ ਨਾਲ ਜੁੜੀ ਵੱਡੀ ਖ਼ਬਰ ਹੈ। ਅੰਮ੍ਰਿਤਪਾਲ ਸਿੰਘ ਦੇ ਵੱਡੇ ਭਰਾ ਹਰਪ੍ਰੀਤ ਸਿੰਘ ਤੋਂ ਪੁਲਿਸ ਨੇ ਨਾਕੇ ਦੌਰਾਨ ਆਈਸ ਡਰੱਗ ਬਰਾਮਦ ਕੀਤੀ ਹੈ। ਪੁਲਿਸ ਨੇ ਹਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਅਰੰਭ ਦਿੱਤੀ ਹੈ। ਅੰਮ੍ਰਿਤਪਾਲ ਦੇ ਭਰਾ ਨੂੰ ਜਲੰਧਰ ਦਿਹਾਤੀ ਪੁਲਿਸ ਨੇ ਫਿਲੌਰ ਨੇੜੇ ਨਾਕੇ ਕੋਲ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ ਅੰਮ੍ਰਿਤਪਾਲ ਦੇ ਵੱਡੇ ਭਰਾ ਹਰਪ੍ਰੀਤ ਸਿੰਘ ਕੋਲੋਂ 4 ਗ੍ਰਾਮ ਆਈਸ ਡਰੱਗ ਬਰਾਮਦ ਹੋਈ ਹੈ। ਹਰਪ੍ਰੀਤ ਸਿੰਘ ਨਾਲ ਉਸ ਦਾ ਸਾਥੀ ਲਵਪ੍ਰੀਤ ਸਿੰਘ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
ਐਸਐਸਪੀ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪੁਲਿਸ ਪਾਰਟੀ ਨੇ ਫਿਲੌਰ ਨੇੜੇ ਨੈਸ਼ਨਲ ਹਾਈਵੇਅ ਦੇ ਸਾਈਡ 'ਤੇ ਨਾਕਾਬੰਦੀ ਕੀਤੀ ਹੋਈ ਸੀ, ਜਿਸ ਦੌਰਾਨ ਇੱਕ ਕਾਲੇ ਸ਼ੀਸ਼ਿਆਂ ਵਾਲੀ ਕਰੇਟਾ ਗੱਡੀ ਅੰਮ੍ਰਿਤਸਰ ਦਾ ਨੰਬਰ ਸੀ, ਜਦੋਂ ਪੁਲਿਸ ਪਾਰਟੀ ਨੇ ਸ਼ੱਕ ਪੈਣ 'ਤੇ ਚੈਕਿੰਗ ਕੀਤੀ ਤਾਂ 4 ਗ੍ਰਾਮ ਆਈਸ ਬਰਾਮਦ ਹੋਈ।
ਉਨ੍ਹਾਂ ਦੱਸਿਆ ਕਿ ਸੰਜੀਵ ਅਰੋੜਾ ਵਾਸੀ ਈਟਾਨਗਰ, ਥਾਣਾ ਹੈਬੋਵਾਲ (ਲੁਧਿਆਣਾ) ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ 22, 27 ਐਨਡੀਪੀਐਸ ਐਕਟ ਤਹਿਤ ਦਰਜ ਕੇਸ, ਜਿਸ ਤੋਂ ਬਾਅਦ ਮਾਮਲੇ 'ਚ 29 ਦਾ ਵਾਧਾ ਕੀਤਾ ਗਿਆ ਹੈ।
ਪੁਲਿਸ ਜਾਣਕਾਰੀ ਅਨੁਸਾਰ ਹਰਪ੍ਰੀਤ ਸਿੰਘ ਦਾ ਮੈਡੀਕਲ ਕਰਵਾਇਆ ਗਿਆ ਹੈ, ਜਿਸ ਦੀ ਰਿਪੋਰਟ ਦੌਰਾਨ ਯੂਰਿਨ ਅਤੇ ਬਲੱਡ ਰਿਪੋਰਟ ਪੌਜ਼ੀਟਿਵ ਪਾਈ ਗਈ ਹੈ।
ਉਧਰ, ਹਰਪ੍ਰੀਤ ਸਿੰਘ ਦੀ ਗ੍ਰਿਫ਼ਤਾਰੀ ਬਾਰੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਹਰਪ੍ਰੀਤ ਸਿੰਘ ਦੀ ਗ੍ਰਿਫ਼ਤਾਰੀ ਬਾਰੇ ਉਨ੍ਹਾਂ ਨੂੰ ਅਜੇ ਤੱਕ ਪੁਲਿਸ ਨੇ ਕੁੱਝ ਵੀ ਜਾਣਕਾਰੀ ਨਹੀਂ ਦਿੱਤੀ ਹੈ। ਤਰਸੇਮ ਸਿੰਘ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਜੋ ਆਵਾਜ਼ ਅਸੀਂ ਉਠਾਈ ਹੈ, ਉਸ ਨੂੰ ਦਬਾਉਣ ਲਈ ਸਰਕਾਰ ਸਾਨੂੰ ਬਦਨਾਮ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਨਸ਼ਾ ਰੋਕਣ ਲਈ ਜੋ ਕੰਮ ਕਰਨ ਦੀ ਲੋੜ ਸੀ, ਉਹ ਕਰਨ ਦੀ ਬਜਾਏ ਪੁਲੀਸ ਦਬਾਅ ਹੇਠ ਕੰਮ ਕਰ ਰਹੀ ਹੈ।
ਦੱਸ ਦਈਏ ਕਿ ਜਥੇਬੰਦੀ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਲੋਕ ਸਭਾ ਚੋਣਾਂ 2024 ਵਿੱਚ ਖਡੂਰ ਸਾਹਿਬ ਤੋਂ ਚੋਣ ਜਿੱਤੇ ਹਨ। ਉਹ ਇਸ ਸਮੇਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ ਅਤੇ ਐਨਐਸਏ ਲੱਗਿਆ ਹੋਇਆ ਹੈ।
ਕੀ ਕਹਿਣਾ ਹੈ ਪੁਲਿਸ ਦਾ
ਹਰਪ੍ਰੀਤ ਕੋਲੋਂ ਬਰਾਮਦ ਹੋਈ ਨਸ਼ੀਲਾ ਪਦਾਰਥ ਮੈਥਾਮਫੇਟਾਮਾਈਨ ਦੱਸਿਆ ਜਾਂਦਾ ਹੈ। ਇਸ ਤੋਂ ਬਾਅਦ ਦੇਰ ਰਾਤ ਉਸ ਦਾ ਮੈਡੀਕਲ ਵੀ ਕਰਵਾਇਆ ਗਿਆ। ਪੁਲਿਸ ਜਾਣਕਾਰੀ ਅਨੁਸਾਰ ਹਰਪ੍ਰੀਤ ਦੇ ਨਾਲ ਇੱਕ ਹੋਰ ਦੋਸਤ ਵੀ ਸੀ, ਜਿਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਉਸ ਨੂੰ ਫਿਲੌਰ ਹਾਈਵੇ 'ਤੇ ਨਾਕਾਬੰਦੀ ਦੌਰਾਨ ਕਾਬੂ ਕੀਤਾ ਗਿਆ। ਉਹ ਉਸ ਸਮੇਂ ਕਾਰ ਵਿੱਚ ਸਵਾਰ ਸੀ।
ਅੰਮ੍ਰਿਤਪਾਲ ਦੇ ਭਰਾ ਹਰਪ੍ਰੀਤ ਸਿੰਘ ਦੀ ਗ੍ਰਿਫਤਾਰੀ ਦੀ ਪੁਸ਼ਟੀ ਜਲੰਧਰ ਦਿਹਾਤੀ ਪੁਲਿਸ ਦੇ ਐੱਸਐੱਸਪੀ ਅੰਕੁਰ ਗੁਪਤਾ ਨੇ ਕੀਤੀ ਹੈ। ਐਸਐਸਪੀ ਅੰਕੁਰ ਗੁਪਤਾ ਨੇ ਕਿਹਾ ਕਿ ਅਸੀਂ ਹਰਪ੍ਰੀਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਸੀਂ ਜਲਦੀ ਹੀ ਇਸ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ। ਹਰਪ੍ਰੀਤ ਕੋਲੋਂ ਆਈਸ ਬਰਾਮਦ ਹੋਈ ਹੈ।
ਉਨ੍ਹਾਂ ਕਿਹਾ ਕਿ ਹਰਪ੍ਰੀਤ ਸਿੰਘ ਇਹ ਡਰੱਗ ਲੁਧਿਆਣਾ ਤੋਂ ਲੈ ਕੇ ਆਏ ਸਨ, ਜਿਸ ਦੀ ਪੇਮੈਂਟ 10000 ਰੁਪਏ ਇਨ੍ਹਾਂ ਨੇ ਪੇਟੀਐਮ ਰਾਹੀਂ ਦਿੱਤੀ ਸੀ, ਜੋ ਕਿ ਸੰਜੀਵ ਅਰੋੜਾ ਦੇ ਨਾਂ ਦੇ ਵਿਅਕਤੀ ਤੋਂ ਲੈ ਕੇ ਆਏ ਸਨ।
- PTC NEWS