Kerala Landslide Update : ਕੇਰਲ ਦੇ ਵਾਇਨਾਡ 'ਚ ਕੁਦਰਤ ਦਾ ਕਹਿਰ... ਹੁਣ ਤੱਕ 150 ਤੋਂ ਵੱਧ ਲੋਕਾਂ ਦੀ ਮੌਤ, ਸੈਂਕੜੇ ਜ਼ਖਮੀ
Kerala Landslide Update : ਕੇਰਲ ਦੇ ਵਾਇਨਾਡ ਜ਼ਿਲੇ 'ਚ ਮੰਗਲਵਾਰ ਸਵੇਰੇ ਭਾਰੀ ਮੀਂਹ ਤੋਂ ਬਾਅਦ ਕਈ ਥਾਵਾਂ 'ਤੇ ਜ਼ਮੀਨ ਖਿਸਕ ਗਈ। ਜ਼ਮੀਨ ਖਿਸਕਣ ਕਾਰਨ ਹੋਣ ਵਾਲੇ ਭਿਆਨਕ ਹਾਦਸਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਸ ਹਾਦਸੇ 'ਚ ਹੁਣ ਤੱਕ 150 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 128 ਲੋਕ ਜ਼ਖਮੀ ਹੋਏ ਹਨ। ਮਲਬੇ ਹੇਠ ਸੈਂਕੜੇ ਲੋਕਾਂ ਦੇ ਦੱਬੇ ਹੋਣ ਦੀ ਸੰਭਾਵਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ।
ਰੈੱਡ ਅਲਰਟ ਜਾਰੀ
ਵਾਇਨਾਡ 'ਚ ਭਾਰੀ ਮੀਂਹ ਕਾਰਨ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਇਲਾਕੇ 'ਚ ਜ਼ਮੀਨ ਖਿਸਕਣ ਦੀ ਘਟਨਾ ਮੰਗਲਵਾਰ ਸਵੇਰੇ ਵਾਪਰੀ, ਜਿਸ ਕਾਰਨ ਘਰਾਂ 'ਚ ਸੁੱਤੇ ਪਏ ਲੋਕਾਂ ਨੂੰ ਬਚਣ ਦਾ ਮੌਕਾ ਵੀ ਨਹੀਂ ਮਿਲਿਆ। ਆਰਮੀ, ਨੇਵੀ ਅਤੇ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨਡੀਆਰਐਫ) ਦੀਆਂ ਵੱਡੀ ਗਿਣਤੀ ਵਿੱਚ ਬਚਾਅ ਟੀਮਾਂ ਖਰਾਬ ਮੌਸਮ ਵਿੱਚ ਪੀੜਤਾਂ ਦੀ ਭਾਲ ਕਰ ਰਹੀਆਂ ਹਨ ਅਤੇ ਕਈ ਏਜੰਸੀਆਂ ਪੀੜਤਾਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ ਮਿਲ ਕੇ ਕੰਮ ਕਰ ਰਹੀਆਂ ਹਨ।
ਲਾਸ਼ਾਂ ਕੱਢਣ 'ਚ ਕਾਫੀ ਮੁਸ਼ਕਲ
ਕੇਰਲ ਦੇ ਮੁੱਖ ਮੰਤਰੀ ਪਿਨਾਰਈ ਵਿਜਯਨ ਨੇ ਕਿਹਾ ਕਿ ਜ਼ਿਲੇ 'ਚ ਬਣਾਏ ਗਏ 45 ਰਾਹਤ ਕੈਂਪਾਂ 'ਚ 3,000 ਤੋਂ ਜ਼ਿਆਦਾ ਲੋਕਾਂ ਨੂੰ ਸ਼ਿਫਟ ਕੀਤਾ ਗਿਆ ਹੈ। ਵਿਜਯਨ ਨੇ ਦੱਸਿਆ ਕਿ ਪਹਿਲਾ ਜ਼ਮੀਨ ਖਿਸਕਣ ਰਾਤ 2 ਵਜੇ ਹੋਇਆ, ਜਿਸ ਤੋਂ ਬਾਅਦ ਦੂਸਰਾ ਜ਼ਮੀਨ ਖਿਸਕਣ ਸਵੇਰੇ 4:10 ਵਜੇ ਹੋਇਆ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਲੱਭਣ ਅਤੇ ਉਨ੍ਹਾਂ ਦੀ ਮਦਦ ਲਈ ਡਰੋਨ ਅਤੇ ਡਾਗ ਸਕੁਐਡ ਦੀ ਵੀ ਮਦਦ ਲਈ ਜਾ ਰਹੀ ਹੈ। ਇਲਾਕੇ 'ਚ ਮੀਂਹ ਕਾਰਨ ਹਾਲਾਤ ਇੰਨੇ ਖਰਾਬ ਹਨ ਕਿ ਬਚਾਅ ਦਲ ਨੂੰ ਲੋਕਾਂ ਦੀਆਂ ਲਾਸ਼ਾਂ ਕੱਢਣ 'ਚ ਕਾਫੀ ਮੁਸ਼ਕਲ ਆ ਰਹੀ ਹੈ।
ਰੱਖਿਆ ਮੰਤਰਾਲੇ ਨੇ ਟਵਿੱਟਰ 'ਤੇ ਇਕ ਪੋਸਟ 'ਚ ਕਿਹਾ ਕਿ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਤ੍ਰਿਵੇਂਦਰਮ, ਬੈਂਗਲੁਰੂ ਅਤੇ ਦਿੱਲੀ ਤੋਂ ਸੇਵਾ ਜਹਾਜ਼ਾਂ ਰਾਹੀਂ ਵਾਧੂ ਸੈਨਿਕਾਂ, ਮਸ਼ੀਨਾਂ, ਕੁੱਤਿਆਂ ਦੇ ਦਸਤੇ ਅਤੇ ਹੋਰ ਜ਼ਰੂਰੀ ਰਾਹਤ ਸਮੱਗਰੀ ਭੇਜੀ ਜਾ ਰਹੀ ਹੈ। ਇਸ ਤੋਂ ਪਹਿਲਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਥਲ ਸੈਨਾ ਮੁਖੀ ਜਨਰਲ ਉਪੇਂਦਰ ਦਿਵੇਦੀ ਨਾਲ ਗੱਲ ਕੀਤੀ ਅਤੇ ਜ਼ਮੀਨ ਖਿਸਕਣ ਤੋਂ ਪ੍ਰਭਾਵਿਤ ਵਾਇਨਾਡ ਵਿੱਚ ਫੌਜ ਵੱਲੋਂ ਚਲਾਏ ਜਾ ਰਹੇ ਬਚਾਅ ਅਤੇ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ।
ਇਹ ਵੀ ਪੜ੍ਹੋ: Paris Olympic 2024 : ਮਨੂ ਭਾਕਰ ਨੇ ਰਚਿਆ ਇਤਿਹਾਸ, ਮਿਕਸਡ ਡਬਲ 'ਚ ਜਿੱਤਿਆ ਦੂਜਾ ਕਾਂਸੀ ਤਮਗਾ
- PTC NEWS