Punjab News : ਯੂਨੀਵਰਸਲ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਡੇਰਾਬੱਸੀ ਵਿਖੇ ਕਸ਼ਮੀਰੀ ਵਿਦਿਆਰਥੀਆਂ ਅਤੇ ਹੋਰ ਵਿਦਿਆਰਥੀਆਂ ਵਿਚਾਲੇ ਝਗੜਾ ,ਪੁਲਿਸ ਨੇ ਮਾਮਲਾ ਕਰਵਾਇਆ ਸ਼ਾਂਤ
Punjab News : ਯੂਨੀਵਰਸਲ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਡੇਰਾਬੱਸੀ ਵਿਖੇ ਹੋਸਟਲ ਦੇ ਅੰਦਰ ਕਸ਼ਮੀਰੀ ਵਿਦਿਆਰਥੀਆਂ ਅਤੇ ਹੋਰ ਵਿਦਿਆਰਥੀਆਂ ਵਿਚਾਲੇ ਝਗੜਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਵਿਦਿਆਰਥੀਆਂ ਨੇ ਕਿਹਾ ਕਿ ਸਥਾਨਕ ਵਿਅਕਤੀ ਅਤੇ ਹੋਰ ਵਿਦਿਆਰਥੀ ਅੱਧੀ ਰਾਤ ਨੂੰ ਜ਼ਬਰਦਸਤੀ ਹੋਸਟਲ ਵਿੱਚ ਦਾਖਲ ਹੋਏ ਅਤੇ ਕਸ਼ਮੀਰੀ ਵਿਦਿਆਰਥੀਆਂ 'ਤੇ ਹਮਲਾ ਕਰ ਦਿੱਤਾ। ਉਨ੍ਹਾਂ ਦੇ ਕੱਪੜੇ ਪਾੜੇ ਗਏ ਸਨ ਅਤੇ ਇੱਕ ਵਿਦਿਆਰਥੀ ਨੂੰ ਗੰਭੀਰ ਸੱਟਾਂ ਲੱਗੀਆਂ ਸਨ।
ਹਾਲਾਂਕਿ ਦੂਜੇ ਪਾਸੇ ਕਸ਼ਮੀਰੀ ਵਿਦਿਆਰਥੀ ਕੁੱਟਮਾਰ ਮਾਮਲੇ 'ਚ ਕਾਲਜ ਪ੍ਰਸਾਸ਼ਨ ਅਤੇ ਡੀਐਸਪੀ ਡੇਰਾਬੱਸੀ ਬਿਕਰਮ ਬਰਾੜ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਹੈ ਕਿ ਕ੍ਰਿਕਟ ਮੈਚ ਖੇਡਦੇ ਸਮੇਂ ਦੋਵੇਂ ਧਿਰਾਂ ਵਿਚਾਲੇ ਮਾਮੂਲੀ ਝਗੜਾ ਹੋਇਆ ਸੀ ਪਰ ਹੁਣ ਉਨ੍ਹਾਂ ਦਾ ਆਪਸ 'ਚ ਸਮਝੌਤਾ ਕਰਵਾ ਦਿੱਤਾ ਹੈ ਅਤੇ ਮਾਮਲਾ ਸ਼ਾਂਤ ਕਰਵਾ ਦਿੱਤਾ ਹੈ। ਉਨ੍ਹਾਂ ਵਿਚਕਾਰ ਖੇਡਣ ਨੂੰ ਲੈ ਕੇ ਝਗੜਾ ਹੋਇਆ ,ਹੋਰ ਕੁੱਝ ਨਹੀਂ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰੀ ਵਿਦਿਆਰਥੀ ਪੂਰੀ ਤਰ੍ਹਾਂ ਸੁਰੱਖਿਅਤ ਹਨ।
ਦੱਸਿਆ ਜਾ ਰਿਹਾ ਹੈ ਕਿ ਇਸ ਸੰਸਥਾ ਵਿੱਚ 100 ਤੋਂ ਵੱਧ ਕਸ਼ਮੀਰੀ ਵਿਦਿਆਰਥੀ ਦਾਖਲ ਹਨ। ਜੰਮੂ -ਕਸ਼ਮੀਰ ਦੇ ਪਹਿਲਗਾਮ ਵਿੱਚ ਮੰਗਲਵਾਰ ਨੂੰ ਹੋਏ ਅੱਤਵਾਦੀ ਹਮਲੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਹਮਲੇ ਵਿੱਚ ਜਿੱਥੇ 26 ਲੋਕਾਂ ਦੀ ਜਾਨ ਚਲੀ ਗਈ, ਉੱਥੇ ਹੀ ਦੇਸ਼ ਦੇ ਤਿੰਨ ਅਫ਼ਸਰ ਵੀ ਇਸ ਕਾਇਰਾਨਾ ਹਮਲੇ ਦਾ ਸ਼ਿਕਾਰ ਹੋਏ ਹਨ। ਇਸ ਹਮਲੇ ਵਿੱਚ 26 ਸੈਲਾਨੀਆਂ ਦੀ ਬੇਰਹਿਮੀ ਨਾਲ ਹੱਤਿਆ ਨੂੰ ਲੈ ਕੇ ਪੂਰੇ ਦੇਸ਼ ਵਿੱਚ ਸੋਗ ਅਤੇ ਗੁੱਸੇ ਦਾ ਮਾਹੌਲ ਹੈ।
- PTC NEWS