ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਪੰਜਾਬ ਦੇ ਸੀਐਮ ਉੱਤੇ ਸਵਾਲ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੁਰਦੁਆਰਾ ਸਾਹਿਬਾਨ ਅੰਦਰ ਸ਼ਰਧਾਲੂਆਂ ਨੂੰ ਗੋਲਕਾਂ ਵਿਚ ਪੈਸੇ ਪਾਉਣ ਤੋਂ ਰੋਕਣ ਵਾਲਾ ਬਿਆਨ ਸੰਗਤ ਦੀ ਸ਼ਰਧਾ ਨੂੰ ਭ੍ਰਮਤ ਕਰਨ ਵਾਲਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮੁੱਖ ਮੰਤਰੀ ਦੱਸਣ ਕਿ ਉਹ ਜਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੁੰਦੇ ਹਨ ਤਾਂ ਕੀ ਉਹ ਗੁਰੂ ਦੀ ਗੋਲਕ ਵਿੱਚ ਪੈਸੇ ਨਹੀ ਪਾਉਂਦੇ। ਉਨ੍ਹਾਂ ਕਿਹਾ ਹੈ ਕਿ ਕਾਂਗਰਸ ਜਮਾਤ ਨੇ ਸਿੱਖਾਂ ਦੀ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਲਈ ਹਮੇਸ਼ਾ ਚਾਲਾਂ ਚੱਲੀਆਂ, ਜਦਕਿ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਆਗੂ ਵੀ ਉਸੇ ਨਕਸ਼ੇ ਕਦਮਾਂ ’ਤੇ ਚੱਲਦਿਆਂ ਸੰਸਥਾ ਨੂੰ ਵਿੱਤੀ ਤੌਰ ’ਤੇ ਕਮਜ਼ੋਰ ਕਰਨ ਦੇ ਰਾਹ ਤੁਰੇ ਹੋਏ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਵੱਲੋਂ ਗੁਰੂ ਘਰਾਂ ਦੀਅ ਗੋਲਕਾਂ ਸਬੰਧੀ ਵਿਅੰਗਆਤਮਕ ਟਿੱਪਣੀ ਮੁੱਖ ਮੰਤਰੀ ਦੇ ਸੰਵਿਧਾਨਕ ਅਹੁਦੇ ’ਤੇ ਬੈਠੇ ਵਿਅਕਤੀ ਨੂੰ ਸ਼ੋਭਾ ਨਹੀਂ ਦਿੰਦੀ।ਭਾਈ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਪੰਜਾਬ ਗੁਰੂਆਂ ਦੀ ਵਰੋਸਾਈ ਧਰਤੀ ਹੈ, ਇਥੇ ਗੁਰਮਤਿ ਫਲਸਫੇ ਨੇ ਸੰਗਤ ਨੂੰ ਵੰਡ ਕੇ ਛਕਣ ਅਤੇ ਲੋਕ ਭਲਾਈ ਲਈ ਦਸਵੰਧ ਕੱਢਣ ਦੀ ਪ੍ਰੇਰਣਾ ਦਿੱਤੀ ਹੈ। ਕੋਈ ਵੀ ਸ਼ਰਧਾਲੂ ਜਦੋਂ ਗੁਰੂ ਘਰ ਨਤਮਸਤਕ ਹੁੰਦਾ ਹੈ ਤਾਂ ਉਹ ਤਿਲਫੁਲ ਭੇਟਾ ਕਰਕੇ ਪ੍ਰਸੰਨ ਹੁੰਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸੀਐਮ ਨੂੰ ਸਿੱਖ ਸੰਗਤ ਕੋਲੋਂ ਮੁਆਫੀ ਮੰਗ ਕੇ ਆਪਣਾ ਬਿਆਨ ਵਾਪਸ ਲੈਣਾ ਚਾਹੀਦਾ ਹੈ।