ਕੈਨੇਡਾ ਫਸੇ ਸ਼ਹੀਦ ਭਗਤ ਸਿੰਘ ਦੇ ਪੜਪੋਤੇ ਦੀ ਹੋਈ ਵਤਨ ਵਾਪਸੀ, ਬਾਰਡਰ ਏਜੰਸੀ ਦੀ ਕਸਟਡੀ ‘ਚ ਸੀ ਕਰਨਵੀਰ ਸਿੰਘ
ਨਵੀਂ ਦਿੱਲੀ: ਕੌਮੀ ਘੱਟ ਗਿਣਤੀ ਕਮਿਸ਼ਨ (National Minorities Commission) ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦੇ ਯਤਨਾਂ ਸਦਕਾ ਕੈਨੇਡਾ ਫਸੇ ਸ਼ਹੀਦ-ਏ-ਆਜ਼ਮ ਭਗਤ ਸਿੰਘ (Shaheed Bhagat Singh) ਦੇ ਪੜਪੋਤੇ ਕਰਨਵੀਰ ਸਿੰਘ ਦੀ ਵਤਨ ਵਾਪਸੀ ਹੋਈ ਹੈ। ਚੇਅਰਮੈਨ ਲਾਲਪੁਰਾ ਵਲੋਂ ਵਿਦੇਸ਼ ਮੰਤਰਾਲੇ ਦੇ ਸਹਿਯੋਗ ਨਾਲ ਕਰਨਵੀਰ ਸਿੰਘ ਦੀ ਭਾਰਤ ਵਾਪਸੀ ਲਈ ਯਤਨ ਕੀਤੇ ਜਾ ਰਹੇ ਸਨ, ਜੋ ਸਫ਼ਲਤਾਪੂਰਵਕ 25 ਫਰਵਰੀ ਨੂੰ ਭਾਰਤ ਵਾਪਸ ਪਰਤ ਆਇਆ।
ਜਾਣਕਾਰੀ ਦਿੰਦੇ ਹੋਏ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਦੱਸਿਆ ਕਿ ਉਕਤ ਨੌਜਵਾਨ 2018 ਵਿੱਚ ਪੜ੍ਹਾਈ ਲਈ ਕੈਨੇਡਾ ਗਿਆ ਸੀ ਅਤੇ ਉੱਥੇ ਇੱਕ ਸੰਸਥਾ ਵਿੱਚ ਪਾਰਟ ਟਾਈਮ ਕਰਮਚਾਰੀ ਵਜੋਂ ਕੰਮ ਕਰਨ ਲੱਗ ਗਿਆ। ਕੋਵਿਡ -19 ਮਹਾਂਮਾਰੀ ਦੌਰਾਨ ਉਸ ਨੂੰ ਆਪਣੇ ਕੰਮ ‘ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਪ੍ਰਬੰਧਕਾਂ ਵਲੋਂ ਉਸ ਨਾਲ ਪੱਖਪਾਤੀ ਰਵੱਈਆਂ ਅਖਤਿਆਰ ਕਰਦੇ ਹੋਏ ਆਮ ਨਾਲੋਂ ਘੱਟ ਕੰਮ ਦਿੱਤਾ ਗਿਆ, ਜਿਸ ਕਾਰਨ ਹੌਲੀ-ਹੌਲੀ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਨਤੀਜੇ ਵਜੋਂ, ਕਰਨਵੀਰ ਸਿੰਘ ਨੂੰ ਮਾਨਸਿਕ ਤਣਾਅ ਹੋਣ ਲੱਗਾ ਤੇ ਉਸ ਦਾ ਆਪਣੇ ਪਰਿਵਾਰ ਨਾਲ ਸੰਪਰਕ ਵੀ ਟੁੱਟ ਗਿਆ। ਇਸ ਤੋਂ ਬਾਅਦ ਕਰਨਵੀਰ ਸਿੰਘ ਨੂੰ ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ (Canada Border Services Agency) ਨੇ ਕਸੱਟਡੀ ਵਿੱਚ ਲੈ ਲਿਆ। ਜਦੋਂ ਇਹ ਮਾਮਲਾ ਚੇਅਰਮੈਨ ਲਾਲਪੁਰਾ ਦੇ ਧਿਆਨ ਵਿਚ ਆਇਆ ਤਾਂ 31 ਜਨਵਰੀ, 2024 ਨੂੰ ਚੇਅਰਮੈਨ ਲਾਲਪੁਰਾ ਨੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੂੰ ਇੱਕ ਪੱਤਰ ਲਿਖਿਆ।
ਉਪਰੰਤ 16 ਫਰਵਰੀ 2024 ਨੂੰ ਵਿਦੇਸ਼ ਮੰਤਰਾਲੇ ਨੇ ਪੁਸ਼ਟੀ ਕੀਤੀ ਕਿ ਟੋਰਾਂਟੋ ਵਿੱਚ ਭਾਰਤੀ ਦੂਤਘਰ ਨੇ ਕਰਨਵੀਰ ਸਿੰਘ ਦੇ ਪਰਿਵਾਰ ਅਤੇ ਸੀਬੀਐਸਏ ਦੋਵਾਂ ਨਾਲ ਸੰਪਰਕ ਕੀਤਾ ਅਤੇ ਇਸ ਤੋਂ ਬਾਅਦ ਸਹਿਯੋਗੀ ਯਤਨਾਂ ਰਾਹੀਂ ਵਿਦੇਸ਼ ਮੰਤਰਾਲੇ ਅਤੇ ਸੀਬੀਐਸਏ ਨੇ ਲੋੜੀਂਦੀ ਕਾਰਵਾਈ ਪੂਰੀ ਕਰਨ ਵਿੱਚ ਮਦਦ ਕੀਤੀ। ਇਸ ਤੋਂ ਬਾਅਦ ਕਰਨਵੀਰ ਸਿੰਘ ਦੀ ਭਾਰਤ ਵਾਪਸੀ ਦਾ ਰਾਹ ਪੱਧਰਾ ਹੋਇਆ ਅਤੇ ਆਖ਼ਰਕਾਰ ਕਰਨਵੀਰ ਸਿੰਘ 25 ਫਰਵਰੀ, 2024 ਨੂੰ ਆਪਣੇ ਦੇਸ਼ ਭਾਰਤ ਵਾਪਸ ਪਰਤ ਆਇਆ।
ਭਾਰਤ ਪਹੁੰਚਣ 'ਤੇ ਕਰਨਵੀਰ ਸਿੰਘ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦਾ ਧੰਨਵਾਦ ਕੀਤਾ।
-