ਨਵੀਂ ਦਿੱਲੀ: ਦਿੱਲੀ ਦੇ ਕਾਂਝਵਾਲਾ 'ਚ ਅੰਜਲੀ ਹਾਦਸੇ ਵਿੱਚ ਗ੍ਰਹਿ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਦਿੱਲੀ ਪੁਲਿਸ ਨੂੰ ਇਸ ਮਾਮਲੇ ਵਿੱਚ ਧਾਰਾ 302 ਜੋੜਨ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ 3 ਪੀਸੀਆਰ ਵੈਨਾਂ ਅਤੇ 2 ਪਿਕੇਟ ਵਿੱਚ ਡਿਊਟੀ ’ਤੇ ਤਾਇਨਾਤ 11 ਪੁਲੀਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।ਮੰਤਰਾਲੇ ਨੇ ਜਾਂਚ ਵਿੱਚ ਢਿੱਲ ਵਰਤਣ ਲਈ ਦਿੱਲੀ ਦੇ ਡੀਸੀਪੀ ਹਰਿੰਦਰ ਕੁਮਾਰ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਹੈ। ਦੱਸ ਦੇਈਏ ਕਿ ਹਰਿੰਦਰ ਕੁਮਾਰ ਨੇ ਕਿਹਾ ਸੀ ਕਿ ਇਹ ਮਾਮਲਾ ਕਤਲ ਦਾ ਨਹੀਂ ਸਗੋਂ ਹਾਦਸੇ ਦਾ ਹੈ। ਦਿੱਲੀ ਪੁਲਿਸ ਦੀ ਸੀਨੀਅਰ ਅਧਿਕਾਰੀ ਸ਼ਾਲਿਨੀ ਸਿੰਘ ਨੇ ਮਾਮਲੇ ਦੀ ਜਾਂਚ ਰਿਪੋਰਟ ਗ੍ਰਹਿ ਮੰਤਰਾਲੇ ਨੂੰ ਸੌਂਪ ਦਿੱਤੀ ਹੈ। ਇਸ ਤੋਂ ਬਾਅਦ ਮੰਤਰਾਲੇ ਨੇ ਪੁਲਿਸ ਨੂੰ ਇਹ ਨਿਰਦੇਸ਼ ਦਿੱਤੇ ਹਨ। ਕਾਂਝਵਾਲਾ ਕੇਸ ਵਿੱਚ ਰੋਹਿਣੀ ਦੀ ਫੋਰੈਂਸਿਕ ਲੈਬ ਨੇ ਮੁਲਜ਼ਮਾਂ ਦੇ ਖੂਨ ਦੇ ਸੈਂਪਲ ਦੀ ਰਿਪੋਰਟ ਦਿੱਲੀ ਪੁਲਿਸ ਨੂੰ ਸੌਂਪ ਦਿੱਤੀ ਹੈ। ਇਸ ਰਿਪੋਰਟ ਤੋਂ ਸਪੱਸ਼ਟ ਹੋਵੇਗਾ ਕਿ ਮੁਲਜ਼ਮ ਨੇ ਵਾਰਦਾਤ ਵਾਲੀ ਰਾਤ ਸ਼ਰਾਬ ਪੀਤੀ ਸੀ ਜਾਂ ਨਹੀਂ। ਫੋਰੈਂਸਿਕ ਲੈਬ ਨੇ ਘਟਨਾ ਸਥਾਨ ਦੀ ਰਿਪੋਰਟ ਵੀ ਪੁਲਿਸ ਨੂੰ ਸੌਂਪ ਦਿੱਤੀ ਹੈ। ਮੁਲਜ਼ਮਾਂ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਉਨ੍ਹਾਂ ਨੇ ਕਈ ਵਾਰ ਕਾਰ ਦਾ ਯੂ-ਟਰਨ ਲਿਆ ਕਿਉਂਕਿ ਉਹ ਬਹੁਤ ਡਰੇ ਹੋਏ ਸਨ। ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਨੇ ਇਹ ਵੀ ਮੰਨਿਆ ਹੈ ਕਿ ਕਾਰ ਵਿੱਚ ਉੱਚੀ ਆਵਾਜ਼ ਵਿੱਚ ਮਿਊਜ਼ਿਕ ਵਜਾਉਣ ਦੀ ਕਹਾਣੀ ਝੂਠੀ ਸੀ।