ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਦੇ ਜੋਤੀ ਜੋਤਿ ਦਿਹਾੜੇ 'ਤੇ ਵਿਸ਼ੇਸ਼
ਅੰਮ੍ਰਿਤਧਾਰੀ ਕੌਮ ਸਜਾ ਕੇ ਸਿੱਖ ਕੌਮ ਨੂੰ ਪੂਰੇ ਸੰਸਾਰ ਅੰਦਰ ਵੱਖਰੀ ਪਛਾਣ ਦੇਣ ਦਾ ਨਾਮਣਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਨਿਡਰਤਾ ਨਿਰਪੱਖਤਾ ਸੂਰਬੀਰਤਾ ਨਾਲ ਜੀਣ ਦਾ ਉਪਦੇਸ਼ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਦੇ ਕੇ ਸਿੱਖ ਕੌਮ ਨੂੰ ਜ਼ਿੰਦਾਦਿਲ ਕੌਮਾਂ 'ਚ ਸੁਮਾਰ ਕੀਤਾ।
ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 1666 ਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਘਰ ਮਾਤਾ ਗੁਜਰੀ ਜੀ ਦੀ ਕੁੱਖੋਂ ਬਿਹਾਰ ਰਾਜ ਦੀ ਰਾਜਧਾਨੀ ਪਟਨਾ ਸਾਹਿਬ ਵਿਖੇ ਜਦੋਂ ਹੋਇਆ ਤਾਂ ਉਸ ਸਮੇਂ ਔਰੰਗਜੇਬ ਦਾ ਜੁਲਮ ਭਰ ਜੋਬਨ ਤੇ ਸੀ।
ਗੁਰੂ ਸਾਹਿਬ ਦੀ ਸਿਰਫ ਨੌ ਸਾਲ ਦੀ ਉਮਰ ਸੀ ਜਦੋਂ ਪਿਤਾ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿਖੇ ਸ਼ਹੀਦ ਕਰ ਦਿੱਤਾ ਗਿਆ। ਸਿੱਖ ਕੌਮ ਅੰਦਰ ਗੁੱਸਾ ਤਾਂ ਪੰਚਮ ਪਾਤਸ਼ਾਹ ਦੇ ਵੇਲੇ ਤੋਂ ਹੀ ਮੁਗਲੀਆ ਹਕੂਮਤ ਦੇ ਵਿਰੁੱਧ ਸੀ। ਪਰ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਨੇ ਸਿੱਖ ਕੌਮ ਨੂੰ ਜੂਝਣ ਲਈ ਪ੍ਰੇਰਿਤ ਕੀਤਾ।
ਦਸ਼ਮੇਸ਼ ਪਿਤਾ ਨੇ ਔਰੰਗਜੇਬ ਦੇ ਜੁਲਮਾਂ ਦਾ ਸਾਹਮਣਾ ਕਰਨ ਲਈ ਅੰਮ੍ਰਿਤਧਾਰੀ ਖਾਲਸਾ ਫੌਜ ਸਾਜ ਕੇ ਸਿੱਖ ਕੌਮ ਅੰਦਰ ਨਵਾਂ ਜੋਸ਼ ਭਰ ਦਿੱਤਾ।
ਔਰੰਗਜੇਬ ਵੱਲੋਂ ਆਨੰਦਪੁਰ ਸਾਹਿਬ ਨੂੰ ਛੇ ਮਹੀਨੇ ਘੇਰਾ ਪਾ ਕੇ ਰੱਖਣ ਤੋਂ ਬਾਅਦ ਗੁਰੂ ਸਾਹਿਬ ਨੇ ਕਿਲਾ ਖਾਲੀ ਕਰਨ ਦਾ ਜਦੋਂ ਫੈਸਲਾ ਕੀਤਾ ਤਾਂ ਸਾਰਾ ਪਰਿਵਾਰ ਸਰਸਾ ਨਦੀ ਦੇ ਕੰਢੇ ਰਾਤ ਦੇ ਹਨੇਰੇ ਚ ਵਿਛੜ ਗਿਆ।
ਇਕ ਹਫਤੇ ਦੇ ਅੰਦਰ ਅੰਦਰ ਮਾਤਾ ਗੁਜਰੀ ਜੀ ਸਮੇਤ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੁੰਦੀ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਮਾਲਵੇ ਦੀ ਧਰਤੀ ਦੀਨੇ ਕਾਂਗੜ ਤੋਂ ਔਰੰਗਜੇਬ ਨੂੰ ਜਫਰਨਾਮਾ ਭੇਜ ਕੇ ਉਸ ਦੇ ਕਾਲੇ ਕਾਰਨਾਮਿਆਂ ਨੂੰ ਲਾਹਨਤਾਂ ਪਾਈਆਂ।
ਕੁਝ ਸਮਾਂ ਤਲਵੰਡੀ ਸਾਬੋ ਰਹਿਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਸ਼ਟਰ ਦੀ ਧਰਤੀ ਨਾਂਦੇੜ ਸਾਹਿਬ ਵਿਖੇ ਆਪਣਾ ਜੀਵਨ ਬਤੀਤ ਕਰਨ ਲਈ ਪੁੱਜੇ।
ਇਥੇ ਵੀ ਮੁਗਲ ਫੌਜ ਦੇ ਜਾਸੂਸਾਂ ਨੇ ਪਿੱਛਾ ਨਹੀਂ ਛੱਡਿਆ । ਗੁਰੂ ਸਾਹਿਬ ਨੂੰ ਛੁਪ ਕੇ ਕੀਤਾ ਵਾਰ ਜਾਨਲੇਵਾ ਸਾਬਤ ਹੋਇਆ। ਜਖਮ ਠੀਕ ਨਾ ਹੁੰਦਾ ਵੇਖ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਕੌਮ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਗਲਾ ਗੁਰੂ ਮੰਨਣ ਦਾ ਉਪਦੇਸ਼ ਦਿੰਦਿਆਂ ਜੁਲਮ ਖਿਲਾਫ ਇੱਕਮੁੱਠ ਹੋ ਕੇ ਰਹਿਣ ਲਈ ਪ੍ਰੇਰਿਤ ਕਰਦਿਆਂ 6 ਨਵੰਬਰ 1708 ਨੂੰ ਜੋਤੀ ਜੋਤਿ ਸਮਾ ਗਏ।
- PTC NEWS