ਇਸ਼ਕ 'ਚ ਅੰਨ੍ਹੇ ਜੀਜੇ ਨੇ ਕੀਤਾ ਸਾਲੀ ਦਾ ਕਤਲ, ਗੁਨਾਹ ਛੁਪਾਉਣ ਲਈ ਦੱਸਿਆ Heart Attack
ਪੀਟੀਸੀ ਡੈਸਕ ਨਿਊਜ਼: ਮੋਗਾ ਤੋਂ ਰੂਹ ਕੰਬਾਊ ਖ਼ਬਰ ਸਾਹਮਣੇ ਆ ਰਹੀ ਹੈ। ਪਿੰਡ ਹਿੰਮਤਪੁਰਾ 'ਚ ਇੱਕ ਇਸ਼ਕ 'ਚ ਅੰਨ੍ਹੇ ਹੋਏ ਜੀਜੇ ਵੱਲੋਂ ਆਪਣੀ ਸਾਲੀ ਦਾ ਕਤਲ ਕਰ ਦਿੱਤਾ ਗਿਆ ਹੈ। ਪਿਆਰ ਦੀਆਂ ਪੀਂਘਾਂ ਚੜ੍ਹਾਉਂਦਿਆਂ ਅਚਾਨਕ ਸਾਲੀ ਦਾ ਕਤਲ ਕਰਨ ਤੋਂ ਬਾਅਦ ਜੀਜੇ ਨੇ ਵਾਰਦਾਤ ਨੂੰ ਛੁਪਾਉਣ ਲਈ ਹਾਰਟ ਅਟੈਕ ਦਾ ਨਾਂ ਦਿੱਤਾ, ਪਰ ਪੁਲਿਸ ਦੇ ਹੱਥਾਂ ਤੋਂ ਬਚ ਨਹੀਂ ਸਕਿਆ।
ਜਾਣਕਾਰੀ ਅਨੁਸਾਰ ਸ਼ਰਨਜੀਤ ਕੌਰ ਦੀ ਭੈਣ ਅਮਨ ਕੌਰ ਮੋਗਾ ਦੇ ਪਿੰਡ ਹਿੰਮਤਪੁਰਾ 'ਚ ਹਰਦੀਪ ਸਿੰਘ ਨਾਲ ਵਿਆਹੀ ਹੋਈ ਹੈ ਅਤੇ ਉਹ ਆਪਣੀ ਭੈਣ ਦੀ ਦੇਖਰੇਖ ਲਈ ਉਸ ਕੋਲ ਆਈ ਹੋਈ ਸੀ। ਇਸ ਦੌਰਾਨ ਜੀਜੇ ਵੱਲੋਂ ਸ਼ਰਨਜੀਤ ਕੌਰ ਨਾਲ ਨਾਜਾਇਜ਼ ਸਰੀਰਕ ਸਬੰਧ ਬਣਾ ਲਏ।
ਸਰੀਰਕ ਸੰਬੰਧ ਬਣਾਉਣ ਤੋਂ ਬਾਅਦ ਹੁਣ ਉਸ ਦਾ ਜੀਜਾ ਹਰਦੀਪ ਸਿੰਘ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਅਤੇ ਉਸ ਨੂੰ ਆਪਣੀ ਘਰਵਾਲੀ ਬਣਾ ਕੇ ਰੱਖਣ ਲਈ ਲਗਾਤਾਰ ਕਹਿ ਰਿਹਾ ਸੀ। ਪਰ ਸ਼ਰਨਜੀਤ ਕੌਰ ਉਸ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ ਅਤੇ ਅਜਿਹਾ ਕਰਨ ਤੋਂ ਰੋਕਦੀ ਸੀ। ਹਰਦੀਪ ਸਿੰਘ ਵਾਰ-ਵਾਰ ਉਸ ਨੂੰ ਵਿਆਹ ਲਈ ਤੰਗ ਕਰਦਾ ਰਿਹਾ ਤਾਂ ਸ਼ਰਨਜੀਤ ਨੇ ਇੱਕ ਦਿਨ ਵਿਆਹ ਕਰਵਾਉਣ ਤੋਂ ਸਪੱਸ਼ਟ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਹਰਦੀਪ ਸਿੰਘ ਨੂੰ ਗੁੱਸਾ ਆ ਗਿਆ।
ਉਪਰੰਤ 2 ਫਰਵਰੀ ਨੂੰ ਉਹ ਆਪਣੀ ਯੋਜਨਾ ਤਹਿਤ ਸਾਲੀ ਨੂੰ ਘਰੋਂ ਬਹਾਨਾ ਬਣਾ ਕੇ ਡਰੇਨ ਦੀ ਪਟੜੀ 'ਤੇ ਲਿਜਾ ਕੇ ਗਲੇ 'ਚ ਪਰਨਾ ਬੰਨ੍ਹ ਕੇ ਗਲਾ ਘੁੱਟ ਦਿੱਤਾ ਅਤੇ ਮਾਰ ਦਿੱਤਾ। ਇਸ ਪਿੱਛੋਂ ਉਸ ਨੇ ਘਰ ਆ ਕੇ ਆਪਣੀ ਅਮਨ ਕੌਰ ਨੂੰ ਸ਼ਰਨਜੀਤ ਕੌਰ ਦੀ ਮੌਤ ਹਾਰਟ ਅਟੈਕ ਨਾਲ ਹੋਈ ਦੱਸਿਆ ਅਤੇ ਪਿੰਡ ਭੈਣੀ ਫੱਤਾ ਲਿਜਾ ਕੇ ਸ਼ਰਨਜੀਤ ਕੌਰ ਦਾ ਅੰਤਿਮ ਸਸਕਾਰ ਕਰ ਦਿੱਤਾ।
ਇਸ ਪਿੱਛੋਂ ਜਦੋਂ ਸ਼ਰਨਜੀਤ ਕੌਰ ਦੇ ਪਿਤਾ ਭੋਲਾ ਸਿੰਘ ਨੂੰ ਸ਼ੱਕ ਹੋਇਆ ਤਾਂ ਹਰਦੀਪ ਸਿੰਘ ਉਸ ਨੂੰ ਮਿਲਣ ਗਿਆ ਅਤੇ ਸਾਰੀ ਗੱਲ ਦੱਸ ਦਿੱਤੀ। ਪੁਲਿਸ ਨੇ ਮਾਮਲੇ ਵਿੱਚ ਕੁੜੀ ਦੇ ਪਿਤਾ ਭੋਲਾ ਸਿੰਘ ਦੇ ਬਿਆਨਾਂ 'ਤੇ ਮੁਲਜ਼ਮ ਹਰਦੀਪ ਸਿੰਘ ਖਿਲਾਫ਼ 302,201 ਦੇ ਅਧੀਨ ਥਾਣਾ ਨਿਹਾਲ ਸਿੰਘ ਵਾਲਾ ਵਿੱਚ ਕੇਸ ਦਰਜ ਕਰ ਲਿਆ ਹੈ।
-