ਸਿੱਖਾਂ ਦੇ ਅੰਦਰੂਨੀ ਮਾਮਲਿਆਂ ’ਚ ਦਖਲ ਦੇਣ ਦੀ ਥਾਂ ਮਸਲੇ ਹੱਲ ਕਰਵਾਉਣ ਲਈ ਸਹਿਯੋਗ ਦਿਓ : ਜਥੇਦਾਰ ਕੁਲਦੀਪ ਸਿੰਘ ਗੜਗਜ ਦੀ ਮੰਤਰੀ ਬੈਂਸ ਨੂੰ ਸਖਤ ਤਾੜਨਾ
ਸ੍ਰੀ ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ (Jathedar Kuldeep Singh Gargaj) ਨੇ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ (Harjot Singh Bains) ਨੂੰ ਸਿੱਖ ਮਾਮਲਿਆਂ (Sikh isuues) ਵਿੱਚ ਦਖਲ ਦੇਣ ਦੀ ਬਜਾਏ ਲੰਮੇ ਸਮੇਂ ਤੋਂ ਲਟਕੇ ਹੋਏ ਸਿੱਖ ਮਸਲੇ ਹੱਲ ਕਰਵਾਉਣ ਵਿੱਚ ਸਹਿਯੋਗ ਦੇਣ ਦੀ ਨਸੀਹਤ ਦਿੱਤੀ ਹੈ।
ਜਥੇਦਾਰ ਗੜਗੱਜ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਬੈਂਸ ਆਪਣੇ ਆਪ ਨੂੰ ਪੰਥ ਦਾ ਹਿੱਸਾ ਸਮਝਦੇ ਹਨ ਪਰ ਜਿਹੜੀ ਗੱਲ ਉਨ੍ਹਾਂ ਨੇ ਵਿਧਾਨ ਸਭਾ ਵਿੱਚ ਕੀਤੀ ਹੈ ਇਹ ਸਿੱਖਾਂ ਦਾ ਅੰਦਰੂਨੀ ਮਾਮਲਾ ਹੈ ਅਤੇ ਇਸ ਨੂੰ ਖ਼ਾਲਸਾ ਪੰਥ ਆਪ ਤੈਅ ਕਰੇਗਾ ਨਾ ਕਿ ਪੰਜਾਬ ਦੀ ਵਿਧਾਨ ਸਭਾ (Punjab Vidhan Sabha) ਤੈਅ ਕਰੇਗੀ।
ਉਨ੍ਹਾਂ ਕਿਹਾ ਕਿ ਜਥੇਦਾਰ ਸਾਹਿਬਾਨ ਦੇ ਵਿਧੀ ਵਿਧਾਨ ਸਬੰਧੀ ਸ਼੍ਰੋਮਣੀ ਕਮੇਟੀ (SGPC) ਦੇ ਪ੍ਰਧਾਨ ਸਾਹਿਬ ਨੇ ਪਹਿਲਾਂ ਹੀ ਸਿੱਖ ਸੰਗਤ ਤੇ ਜਥੇਬੰਦੀਆਂ ਤੋਂ ਸੁਝਾਅ ਮੰਗੇ ਹੋਏ ਹਨ। ਸ. ਬੈਂਸ ਆਪਣੇ ਆਪ ਨੂੰ ਪੰਥ ਦਾ ਹਿੱਸਾ ਸਮਝਦੇ ਤਾਂ ਉਨ੍ਹਾਂ ਨੂੰ ਇਹ ਸਮਝ ਹੋਣੀ ਚਾਹੀਦੀ ਹੈ ਕਿ ਪੰਥਕ ਮਸਲੇ (Panthak Mudde) ਚੁੱਕਣ ਦਾ ਮੰਚ ਕਿਹੜਾ ਹੈ ਅਤੇ ਜੇਕਰ ਉਨ੍ਹਾਂ ਦੇ ਕੋਈ ਸੁਝਾਅ ਹਨ ਤਾਂ ਉਹ ਸਹੀ ਚੈਨਲ ਰਾਹੀਂ ਪੁੱਜਦੇ ਕਰਨ।
ਜਥੇਦਾਰ ਗੜਗੱਜ ਨੇ ਕਿਹਾ ਕਿ ਉਨ੍ਹਾਂ ਨੇ ਸ. ਬੈਂਸ ਨੂੰ ਸਤਿਕਾਰ ਸਹਿਤ ਦੋ ਤਖ਼ਤਾਂ ਨੂੰ ਜੋੜਨ ਵਾਲੀ ਗੜ੍ਹਸ਼ੰਕਰ ਤੋਂ ਸ੍ਰੀ ਅਨੰਦਪੁਰ ਸਾਹਿਬ ਜਾਂਦੀ ਸੜਕ ਦਾ ਨਿਰਮਾਣ ਕਾਰਜ ਕਰਵਾਉਣ ਲਈ ਕਿਹਾ ਸੀ। ਉਨ੍ਹਾਂ ਕਿਹਾ ਕਿ ਕਾਰ ਸੇਵਾ ਕਿਲਾ ਅਨੰਦਗੜ੍ਹ ਵਾਲੇ ਮਹਾਂਪੁਰਖਾਂ ਵੱਲੋਂ ਸੰਗਤ ਦੇ ਸਹਿਯੋਗ ਨਾਲ ਲਗਭਗ 10 ਕਿਲੋਮੀਟਰ ਦੀ ਸੜਕ ਖ਼ੁਦ ਤਿਆਰ ਕਰਵਾਈ ਜਾ ਰਹੀ ਹੈ ਜੋ ਕਿ ਅਸਲ ਵਿੱਚ ਸਰਕਾਰ ਦੀ ਜ਼ਿੰਮੇਵਾਰੀ ਹੈ ਕਿਉਂਕਿ ਉਹ ਲੋਕਾਂ ਤੋਂ ਟੈਕਸ ਲੈਂਦੀ ਹੈ।
ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਹਰਜੋਤ ਸਿੰਘ ਬੈਂਸ ਨੂੰ ਕਿਹਾ ਕਿ ਕੁਝ ਅਜਿਹੇ ਜ਼ਰੂਰੀ ਮਸਲੇ ਹਨ, ਜੋ ਉਨ੍ਹਾਂ ਨੂੰ ਵਿਧਾਨ ਸਭਾ ਵਿੱਚ ਚੁੱਕਣੇ ਚਾਹੀਦੇ ਹਨ।
1. ਉਹ ਸਰਕਾਰ ਕੋਲੋਂ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਅਤੇ ਪੁਲਿਸ ਦੀਆਂ ਵਧੀਕੀਆਂ ਦੀ ਪੜਚੋਲ ਕਰਵਾਉਣ ਲਈ ਇੱਕ ਵਿਸ਼ੇਸ਼ ਜਾਂਚ ਟੀਮ ਬਣਵਾਉਣ ਅਤੇ ਵਧੀਕੀਆਂ ਕਰਨ ਵਾਲੇ ਸਾਬਕਾ ਡੀਜੀਪੀ ਸੁਮੇਧ ਸੈਣੀ ਅਤੇ ਬਾਕੀ ਦੋਸ਼ੀ ਅਫ਼ਸਰਾਂ ਨੂੰ ਬਣਦੀ ਸਜ਼ਾ ਦਿਵਾਉਣ ਦਾ ਮਤਾ ਪਾਸ ਕਰਵਾਉਣ
2. ਹਰਜੋਤ ਸਿੰਘ ਬੈਂਸ ਨੂੰ ਪਿਛਲੇ ਤਿੰਨ ਦਹਾਕਿਆਂ ਤੋਂ ਜੇਲ੍ਹਾਂ ਵਿੱਚ ਨਜ਼ਰਬੰਦ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਸਹਿਯੋਗ ਦੇਣ ਲਈ ਵੀ ਕਿਹਾ ਕਿਉਂਕਿ ਇਹ ਸਿੰਘ ਲੋੜ ਤੋਂ ਵੱਧ ਸਜ਼ਾ ਭੁਗਤ ਚੁੱਕੇ ਹਨ ਜੋ ਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ।
3. ਜ਼ਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਮੁਆਫ਼ੀ ਲਈ ਵੀ ਸ. ਬੈਂਸ ਯਤਨ ਕਰਨ।
ਉਨ੍ਹਾਂ ਕਿਹਾ ਕਿ ਸ. ਹਰਜੋਤ ਸਿੰਘ ਬੈਂਸ ਆਪਣੀ ਸਰਕਾਰ ਕੋਲੋਂ ਪੰਜਾਬ ਦੀ ਵਿਧਾਨ ਸਭਾ ਵਿੱਚ ਹਜ਼ਾਰਾਂ ਸਿੱਖ ਨੌਜਵਾਨਾਂ ਦੇ ਕਤਲੇਆਮ ਦਾ ਨਿੰਦਾ ਮਤਾ ਪਾਸ ਕਰਵਾਉਣ।
4. ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੂੰ ਪੁਲਿਸ ਨੇ ਕਤਲ ਕੀਤਾ ਜੋ ਕਿ ਅਦਾਲਤ ਵਿੱਚ ਸਾਬਤ ਹੋ ਚੁੱਕਾ ਹੈ, ਇਸ ਦਾ ਨਿੰਦਾ ਮਤਾ ਕਰਵਾਉਣ।
ਭਾਈ ਖਾਲੜਾ ਦੀ ਜੀਵਨੀ ਉੱਤੇ ਬਣੀ ਪੰਜਾਬ 95 ਫ਼ਿਲਮ ਦੇ ਹੱਕ ਵਿੱਚ ਮਤਾ ਕਰਵਾਉਣ
5. ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਜੂਨ 1984 ਦੇ ਫ਼ੌਜੀ ਹਮਲੇ ਦੀ ਨਿੰਦਿਆ ਕਰਨ ਦਾ ਮਤਾ ਕਰਵਾਉਣ।
6. ਮੌੜ ਬੰਬ ਧਮਾਕੇ ਦੀ ਅੱਤਵਾਦੀ ਕਾਰਵਾਈ ਵਿੱਚ ਪੰਜਾਬ ਦੀਆਂ ਜਾਂਚ ਏਜੰਸੀਆਂ ਹੁਣ ਤੱਕ ਪੀੜਤ ਪਰਿਵਾਰਾਂ ਨੂੰ ਇਨਸਾਫ਼ ਨਹੀਂ ਦੇ ਸਕੀਆਂ, ਇਸ ਘਟਨਾ ਵਿੱਚ ਜਾਨਾਂ ਗੁਆਉਣ ਵਾਲਿਆਂ ਲਈ ਸੋਗ ਮਤਾ ਪਾਉਣ।
7. ਇਸੇ ਤਰ੍ਹਾਂ ਸਿੱਖਾਂ ਖਿਲਾਫ ਝੂਠੇ, ਨਫ਼ਰਤੀ ਬਿਰਤਾਂਤ ਅਤੇ ਕੂੜ ਪ੍ਰਚਾਰ ਵਿਰੁੱਧ ਮਤਾ ਪਾਸ ਕਰਵਾਉਣ।
8. ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਿਲਦੀ ਵਾਰ ਵਾਰ ਪੈਰੋਲ ਤੇ ਫਰਲੋ ਪੀੜਤ ਬੀਬੀਆਂ ਅਤੇ ਜ਼ੁਲਮ ਦੇ ਸ਼ਿਕਾਰ ਪਰਿਵਾਰਾਂ ਨਾਲ ਕੋਝਾ ਮਜ਼ਾਕ ਹੈ। ਉਹ ਇਸ ਖਿਲਾਫ ਮਤਾ ਪਾਸ ਕਰਦਿਆਂ ਇਸ ਦੀ ਨਿੰਦਾ ਕਰਨ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਨੇ ਕਿਹਾ ਕਿ ਅੱਜ ਉਨ੍ਹਾਂ ਅਤੇ ਸ. ਹਰਜੋਤ ਸਿੰਘ ਬੈਂਸ ਵਿਚਕਾਰ ਜਿਹੜੀ ਗੱਲਬਾਤ ਹੋਈ ਹੈ ਉਸ ਨੂੰ ਕਿਸੇ ਵੀ ਤਰ੍ਹਾਂ ਸਨਸਨੀ ਵਜੋਂ ਪੇਸ਼ ਨਹੀਂ ਕਰਨਾ ਚਾਹੀਦਾ ਇਹ ਸਾਡੀ ਆਪਸੀ ਬਹੁਤ ਸੁਭਾਵਿਕ ਮੁੱਦਿਆਂ ਦੇ ਉੱਤੇ ਗੱਲਬਾਤ ਹੋਈ ਸੀ। ਅਸੀਂ ਮੁੱਦਿਆਂ ਦੀ ਗੰਭੀਰਤਾ ਸਮਝਦੇ ਹੋਏ ਵੱਡੇ ਮਸਲਿਆਂ ‘ਤੇ ਵਿਚਾਰ ਕਰੀਏ ਅਤੇ ਇਸ ਘਟਨਾ ਨੂੰ ਮੰਤਰੀ ਬਨਾਮ ਜਥੇਦਾਰ ਦੀ ਸ਼ਬਦੀ ਜੰਗ ਦੀ ਤਰ੍ਹਾਂ ਮੀਡੀਆ ਉੱਤੇ ਪੇਸ਼ ਨਾ ਕਰੀਏ।
- PTC NEWS