ਹਿਮਾਚਲ ’ਚ ਪੰਜਾਬੀ ਤੇ ਸਿੱਖ ਨੌਜਵਾਨਾਂ ਨਾਲ ਧੱਕਾ ਹਰਗਿਜ਼ ਪ੍ਰਵਾਨ ਨਹੀਂ ; ਜਥੇਦਾਰ ਕੁਲਦੀਪ ਸਿੰਘ ਗੜਗਜ ਨੇ SGPC ਨੂੰ ਦਿੱਤੇ ਨਿਰਦੇਸ਼
Sri Akal Takht Sahib : ਹਿਮਾਚਲ ਪ੍ਰਦੇਸ਼ ਵਿੱਚ ਕੁਝ ਸ਼ਰਾਰਤੀ ਲੋਕਾਂ ਵੱਲੋਂ ਪੁਲਿਸ ਦੀ ਹਾਜ਼ਰੀ ਵਿੱਚ ਸਿੱਖ ਤੇ ਪੰਜਾਬੀ ਨੌਜਵਾਨਾਂ ਵੱਲੋਂ ਲਗਾਏ ਸਿੱਖ ਝੰਡੇ ਅਤੇ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ (Jarnail Singh Khalsa Bhindranwale) ਦੀ ਤਸਵੀਰ ਪਾੜਣ ਅਤੇ ਪੈਰਾਂ ਹੇਠ ਮਿੱਧਣ ਦੇ ਮਾਮਲੇ ਵਿੱਚ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਜ (Giani Kuldeep Singh Gargaj) ਨੇ ਸਖ਼ਤ ਨੋਟਿਸ ਲੈਂਦਿਆਂ ਇੱਕ ਪ੍ਰੈੱਸ ਬਿਆਨ ਰਾਹੀਂ ਕਿਹਾ ਕਿ ਇਸ ਨੂੰ ਹਰਗਿਜ਼ ਪ੍ਰਵਾਨ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਪੁਲਿਸ ਕਿਸੇ ਨੌਜਵਾਨ ਨੂੰ ਉਨ੍ਹਾਂ ਦੇ ਵਾਹਨ ਦੇ ਕਾਗਜ਼ਾਂ ਦੀ ਜਾਂਚ ਕਰਨ ਲਈ ਰੋਕਦੀ ਹੈ ਤਾਂ ਉਸ ਮੌਕੇ ਕਿਸੇ ਵੀ ਸਥਾਨਕ ਸ਼ਰਾਰਤੀ ਅਨਸਰਾਂ ਦਾ ਕੋਈ ਹੱਕ ਨਹੀਂ ਬਣਦਾ ਕਿ ਉਹ ਸਿੱਖ ਨੌਜਵਾਨਾਂ ਨਾਲ ਜ਼ੋਰ ਜ਼ਬਰਦਸਤੀ ਕਰਨ ਅਤੇ ਉਨ੍ਹਾਂ ਦੇ ਵਾਹਨਾਂ ਉੱਤੇ ਲੱਗੇ ਸਿੱਖਾਂ ਨਾਲ ਸਬੰਧਤ ਝੰਡਿਆਂ ਨੂੰ ਪਾੜਣ। ਉਨ੍ਹਾਂ ਕਿਹਾ ਕਿ ਇਸ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਹਿਮਾਚਲ ਪ੍ਰਦੇਸ਼ ਦੀ ਪੁਲਿਸ (Himachal Police) ਨੂੰ ਜਿਵੇਂ ਸਥਾਨਕ ਗੁੰਡਾ ਤੇ ਸ਼ਰਾਰਤੀ ਅਨਸਰ ਚਲਾ ਰਹੇ ਹੋਣ।
ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਜਦੋਂ ਉਹ ਹਿਮਾਚਲ ਪ੍ਰਦੇਸ਼ ਜਾਣ ਤਾਂ ਆਪਣੇ ਵਾਹਨਾਂ ਦੇ ਕਾਗਜ਼ ਪੂਰੇ ਕਾਇਮ ਰੱਖਣ ਅਤੇ ਇਕੱਲੇ ਸਫ਼ਰ ਕਰਨ ਤੋਂ ਗੁਰੇਜ਼ ਕਰਨ। ਜਥੇਦਾਰ ਗੜਗੱਜ ਨੇ ਹਿਮਾਚਲ ਪ੍ਰਦੇਸ਼ ਦੀ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ (CM Sukhwinder Singh Sukhu) ਨੂੰ ਕਿਹਾ ਕਿ ਉਹ ਇਨ੍ਹਾਂ ਘਟਨਾਵਾਂ ਦਾ ਨੋਟਿਸ ਲੈਂਦਿਆਂ ਸੂਬੇ ਦੀ ਪੁਲਿਸ ਨੂੰ ਕਾਨੂੰਨ ਅਨੁਸਾਰ ਜ਼ਾਬਤਾ ਕਾਇਮ ਰੱਖਣ ਲਈ ਆਦੇਸ਼ ਕਰਨ। ਉਨ੍ਹਾਂ ਹਿਮਾਚਲ ਦੇ ਮੁੱਖ ਮੰਤਰੀ ਨੂੰ ਕਿਹਾ ਕਿ ਕੁਝ ਸ਼ਰਾਰਤੀ ਲੋਕ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਸੱਟ ਮਾਰਨਾਂ ਚਾਹੁੰਦੇ ਹਨ ਅਤੇ ਤਣਾਅ ਵਾਲੀ ਸਥਿਤੀ ਬਣਾਉਣਾ ਚਾਹੁੰਦੇ ਹਨ, ਜਿਸ ਪ੍ਰਤੀ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਅਜਿਹੇ ਅਨਸਰਾਂ ਨੂੰ ਨੱਥ ਪਾ ਕੇ ਰੱਖਣ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹਰ ਧਰਮ ਤੇ ਫਿਰਕੇ ਦੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਹੁੰਦੀ ਹੈ ਨਾ ਕਿ ਕਿਸੇ ਇੱਕ ਧਰਮ ਦੇ ਲੋਕਾਂ ਵਿਰੁੱਧ ਕੀਤੀ ਜਾ ਰਹੀ ਨਫ਼ਰਤ ਨੂੰ ਸ਼ਰੇਆਮ ਹੋਣ ਦੇਣ ਦੀ।
ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕਿਹਾ ਕਿ ਇੱਕ ਭਾਰਤ ਬਹੁਧਰਮੀ ਅਤੇ ਬਹੁਭਾਸ਼ੀ ਦੇਸ਼ ਹੈ, ਜਿਸ ਵਿਚ ਹਰ ਇਕ ਨੂੰ ਧਾਰਮਿਕ ਅਜ਼ਾਦੀ ਹੈ। ਉਨ੍ਹਾਂ ਕਿਹਾ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਸਿੱਖਾਂ ਦੇ ਕੌਮੀ ਸ਼ਹੀਦ ਤੇ ਨਾਇਕ ਹਨ, ਜਿਨ੍ਹਾਂ ਨੂੰ ਸਿੱਖ ਕੌਮ ਦੇ ਸਰਵਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼ਹੀਦ ਐਲਾਨਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿੱਚ ਸਿੱਖ ਆਪਣੇ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਂਦੇ ਹਨ, ਪਰ ਸ਼ਰਧਾਲੂਆਂ ਨੂੰ ਰੋਕ ਕੇ ਉਨ੍ਹਾਂ ਦੀਆਂ ਗੱਡੀਆਂ ਤੋਂ ਨਿਸ਼ਾਨ ਸਾਹਿਬ ਅਤੇ ਸਿੱਖ ਸ਼ਹੀਦਾਂ ਦੀਆਂ ਤਸਵੀਰਾਂ ਜਬਰੀ ਲੁਹਾਈਆਂ ਜਾ ਰਹੀਆਂ ਹਨ। ਦੁੱਖ ਦੀ ਗੱਲ ਹੈ ਕਿ ਇਸ ਮਾਮਲੇ ’ਤੇ ਪੁਲਿਸ ਪ੍ਰਸਾਸ਼ਨ ਆਪਣੀ ਬਣਦੀ ਜ਼ਿੰਮੇਵਾਰੀ ਨਹੀਂ ਨਿਭਾਅ ਰਿਹਾ ਬਲਕਿ ਸਿੱਖਾਂ ਖਿਲਾਫ਼ ਸਿਰਜੇ ਜਾ ਰਹੇ ਨਫ਼ਰਤੀ ਮਾਹੌਲ ਨੂੰ ਹਵਾ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਤਸਵੀਰ ’ਤੇ ਕਿੰਤੂ ਕਰਨਾ ਜਾਇਜ਼ ਨਹੀਂ ਅਤੇ ਜੇਕਰ ਕਿਸੇ ਨੂੰ ਕੋਈ ਸ਼ੱਕ ਹੋਵੇ ਤਾਂ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆ ਕੇ ਇੱਥੇ ਬਣੀ ਸਿੱਖ ਸ਼ਹੀਦਾਂ ਦੀ ਯਾਦਗਾਰ ਦੇਖ ਸਕਦੇ ਹਨ, ਕਿ ਉਨ੍ਹਾਂ ਦੀ ਕੌਮ ਨੂੰ ਕੀ ਦੇਣ ਹੈ।
ਸਿੰਘ ਸਾਹਿਬ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਦੇਸ਼ ਦਾ ਸੰਵਿਧਾਨ ਹਰ ਇੱਕ ਨੂੰ ਧਾਰਮਿਕ ਅਜ਼ਾਦੀ ਅਤੇ ਵਿਚਾਰਾਂ ਦੇ ਪ੍ਰਗਟਾਵੇ ਦਾ ਅਧਿਕਾਰ ਦਿੰਦਾ ਹੈ, ਪਰੰਤੂ ਹਿਮਾਚਲ ਵਿੱਚ ਸਿੱਖ ਆਗੂ ਪ੍ਰਤੀ ਨਫ਼ਰਤ ਪੈਦਾ ਕਰਨੀ ਆਪਸੀ ਭਾਈਚਾਰਕ ਸਾਂਝ ਲਈ ਠੀਕ ਨਹੀਂ ਅਤੇ ਅਜਿਹੇ ਟਕਰਾਅ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨੇ ਹਮੇਸ਼ਾ ਹੀ ਦੇਸ਼ ਦੀ ਤਰੱਕੀ ਵਾਸਤੇ ਯੋਗਦਾਨ ਪਾਇਆ ਹੈ ਅਤੇ ਦੇਸ਼ ’ਤੇ ਬਣੀ ਕਿਸੇ ਵੀ ਮੁਸੀਬਤ ਸਮੇਂ ਬਿਨ੍ਹਾਂ ਭੇਦ-ਭਾਵ ਹਰ ਧਰਮ ਦੇ ਲੋਕਾਂ ਦੀ ਸੇਵਾ ਕੀਤੀ ਹੈ। ਉਨ੍ਹਾਂ ਕਿਹਾ ਕਿ ਹਿਮਾਚਲ ਵਾਸੀਆਂ ਨੂੰ ਭੁੱਲਣਾ ਨਹੀਂ ਚਾਹੀਦਾ ਕਿ ਜੇਕਰ ਅੱਜ ਪੂਰਾ ਦੇਸ਼ ਅਜ਼ਾਦੀ ਦਾ ਨਿੱਘ ਮਾਣ ਰਿਹਾ ਹੈ ਤਾਂ ਉਹ ਸਿੱਖਾਂ ਦੀ ਵੱਡੀ ਭੂਮਿਕਾ ਦੀ ਬਦੌਲਤ ਹੈ। ਸਿੰਘ ਸਾਹਿਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੂੰ ਵੀ ਹਿਦਾਇਤ ਕੀਤੀ ਕਿ ਇਹ ਮਾਮਲਾ ਹਿਮਾਚਲ ਪ੍ਰਦੇਸ਼ ਦੀ ਸਰਕਾਰ ਪਾਸ ਉਠਾਇਆ ਜਾਵੇ।
- PTC NEWS