ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਕੌਮ ਨੂੰ ਦਿੱਤਾ ਸੁਨੇਹਾ
Giani Harpreet Singh Massage on Gurpurab : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਸਿੱਖਾਂ ਦੇ ਚੌਥੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਕੌਮ ਦੇ ਨਾਮ ਸੁਨੇਹਾ ਜਾਰੀ ਕੀਤਾ ਹੈ। ਉਨ੍ਹਾਂ ਨੇ ਸਮੂਹ ਸਿੱਖ ਸੰਗਤਾਂ ਨੂੰ ਗੁਰਪੁਰਬ ਦੀ ਵਧਾਈ ਦਿੰਦਿਆਂ ਗੁਰੂ ਸਾਹਿਬ ਦੇ ਜੀਵਨ 'ਤੇ ਚਾਨਣਾ ਵੀ ਪਾਇਆ।
ਜਥੇਦਾਰ ਸਾਹਿਬ ਨੇ ਕਿਹਾ ਕਿ ਜਦੋਂ ਸਮਾਜ ਵਿੱਚ ਹਰ ਪਾਸੇ ਅੰਧਕਾਰ ਫੈਲਿਆ ਹੋਇਆ ਸੀ, ਅਗਿਆਨਤਾ ਦੀ ਧੁੰਦ ਫੈਲੀ ਹੋਈ ਸੀ, ਇਸ ਦੌਰਾਨ ਜਿਵੇਂ ਸੂਰਜ ਦੀ ਤੇਜ਼ ਰੌਸ਼ਨੀ ਧੁੰਦ ਦੇ ਚੀਰ ਦਿੰਦੀ ਹੈ ਅਤੇ ਹਨੇਰੇ ਦੇ ਪਸਾਰੇ ਨੂੰ ਦੂਰ ਕਰ ਦਿੰਦੀ ਹੈ, ਉਸੇ ਤਰ੍ਹਾਂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਨੇ ਸਮਾਜ ਵਿੱਚ ਫੈਲੀ ਹੋਈ ਅਗਿਆਨਤਾ ਅਤੇ ਧੁੰਦ ਨੂੰ ਖਤਮ ਕਰ ਦਿੱਤਾ। ਉਨ੍ਹਾਂ ਕਿਹਾ ਕਿ ਭਾਈ ਗੁਰਦਾਸ ਜੀ ਦੇ ਸ਼ਬਦਾਂ ਵਿੱਚ 'ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗੁ ਚਾਨਣ ਹੋਆ'। ਸਮਾਜ ਪੀੜਿਆ ਜਾ ਰਿਹਾ, ਸਮਾਜ ਲਤਾੜਿਆ ਜਾ ਰਿਹਾ ਸੀ, ਸਮਾਜ ਦੇ ਹੱਕਾਂ 'ਤੇ ਡਾਕੇ ਪੈ ਰਹੇ ਸੀ ਅਤੇ ਸਮਾਜ ਲੁੱਟਿਆ ਜਾ ਰਿਹਾ ਸੀ। ਰਾਜਨੀਤਕ, ਸਮਾਜਿਕ, ਆਰਥਿਕ ਅਤੇ ਧਾਰਮਿਕ ਤੌਰ 'ਤੇ ਹਰ ਪਾਸੇ ਸਮਾਜ ਇੱਕ ਪੀੜਾ ਵਿਚੋਂ ਗੁਜਰ ਰਿਹਾ ਸੀ। ਇਸ ਦੌਰਾਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਾਨਵਤਾ ਦੇ ਦਰਦ ਨੂੰ ਮਹਿਸੂਸ ਕੀਤਾ ਅਤੇ ਫਿਰ ਆਪਣੇ ਉਪਦੇਸ਼ਾਂ ਅਤੇ ਸਿੱਖਿਆਵਾਂ ਰਾਹੀਂ ਮਨੁੱਖਤਾ ਦੇ ਦਰਦ ਅਤੇ ਪੀੜਾ ਨੂੰ ਖਤਮ ਕਰਨ ਵਾਸਤੇ ਮਹਾਨ ਉਪਦੇਸ਼ ਅਤੇ ਸਿੱਖਿਆਵਾਂ ਦਿੱਤੀਆਂ।
ਇਸ ਸਮੇਂ ਗੁਰੂ ਨਾਨਕ ਸਾਹਿਬ ਨੇ ਜਿਥੇ ਰਾਜਸੀ ਆਗੂਆਂ ਨੂੰ ਲਲਕਾਰਿਆ, ਉਥੇ ਧਾਰਮਿਕ ਆਗੂਆਂ ਨੂੰ ਵੀ ਸਿੱਖਿਆ ਦਿੱਤੀ, ਜਿਹੜੇ ਸਮਾਜ ਦੀ ਪੀੜਾ ਨੂੰ ਵੇਖ ਕੇ ਅੱਖਾਂ ਮੀਚ ਰਹੇ ਸੀ। ਸਮਾਜ ਵਿਚੋਂ ਭੇਦ ਭਾਵ, ਵੰਡੀਆਂ, ਜਾਤ ਪਾਤ ਦਾ ਵਿਤਕਰਾ, ਛੂਆ ਛਾਤ ਆਦਿ ਸਮਾਜਿਕ ਬਿਮਾਰੀਆਂ ਨੂੰ ਆਪਣੇ ਇਨਕਲਾਬੀ ਸ਼ਬਦਾਂ ਨਾਲ ਨਕਾਰਿਆ।
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੀ ਸਿੱਖਿਆਵਾਂ ਦੇ ਰਾਹੀਂ ਸਮਾਜਿਕ ਬੁਰਾਈਆਂ ਨੂੰ ਦੂਰ ਕੀਤਾ ਅਤੇ ਅੱਜ ਅਸੀਂ ਉਨ੍ਹਾਂ ਦਾ 555ਵਾਂ ਪ੍ਰਕਾਸ਼ ਪੁਰਬ ਮਨਾਇਆ ਰਹੇ ਹਨ। ਦੇਸ਼ ਵਿਦੇਸ਼ 'ਚ ਵੱਸਦੀਆਂ ਸਾਰੀਆਂ ਸਿੱਖ ਸੰਗਤਾਂ ਨੂੰ ਉਹ ਵਧਾਈ ਦਿੰਦੇ ਹਨ ਅਤੇ ਆਓ ਰਲ ਮਿਲ ਕੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਉਪਦੇਸ਼ਾਂ ਅਤੇ ਸਿੱਖਿਆਵਾਂ ਨੂੰ ਜ਼ਿੰਦਗੀ ਵਿੱਚ ਧਾਰਨ ਕਰੀਏ।
- PTC NEWS