Ludhiana News : ਸ਼ਰਧਾਲੂਆਂ ਨਾਲ ਭਰੀ ਬੱਸ ਨੂੰ ਟਰਾਲੇ ਨੇ ਮਾਰੀ ਟੱਕਰ, 1 ਦੀ ਮੌਤ, 4 ਦੀ ਹਾਲਤ ਗੰਭੀਰ
Bus Accident : ਲੁਧਿਆਣਾ 'ਚ ਸਵੇਰ ਸਮੇਂ ਜਲੰਧਰ ਬਾਈਪਾਸ 'ਤੇ ਭਿਆਨਕ ਹਾਦਸਾ ਵਾਪਰਿਆ ਹੈ। ਟਰਾਲੇ ਵੱਲੋਂ ਇੱਕ ਸ਼ਰਧਾਲੂਆਂ ਨਾਲ ਭਰੀ ਬੱਸ ਨੂੰ ਟੱਕਰ ਮਾਰ ਦਿੱਤੀ ਗਈ, ਜਿਸ ਦੌਰਾਨ ਇੱਕ ਸ਼ਰਧਾਲੂ ਦੀ ਮੌਤ ਹੋ ਗਈ ਹੈ, ਜਦਕਿ 4 ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ 35 ਦੇ ਲਗਭਗ ਜ਼ਖ਼ਮੀ ਹਨ। ਜ਼ਖ਼ਮੀਆਂ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਇਹ ਸਾਰੇ ਸ਼ਰਧਾਲੂ ਜੰਮੂ ਦੇ ਰਹਿਣ ਵਾਲੇ ਹਨ ਅਤੇ ਹਰਿਦੁਆਰ ਤੋਂ ਮੱਥਾ ਟੇਕ ਕੇ ਵਾਪਸ ਜੰਮੂ ਜਾ ਰਹੇ ਸਨ। ਇਸ ਦੌਰਾਨ ਵਾਪਸੀ 'ਤੇ ਲੁਧਿਆਣਾ ਦੇ ਜਲੰਧਰ ਬਾਈਪਾਸ ਕੋਲ ਇਨ੍ਹਾਂ ਦੀ ਬੱਸ ਪੈਂਚਰ ਹੋ ਗਈ। ਬੱਸ ਸੜਕ ਕਿਨਾਰੇ ਖੜ੍ਹੀ ਕਰਕੇ ਪੈਂਚਰ ਲਗਾਇਆ ਸੀ ਕਿ ਅਚਾਨਕ ਇੱਕ ਟਰਾਲੇ ਨੇ ਬੱਸ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਬੱਸ ਡਿਵਾਈਡਰ 'ਤੇ ਚੜ ਕੇ ਪਲਟ ਗਈ।
ਅਚਾਨਕ ਟੱਕਰ ਕਾਰਨ ਲੋਕਾਂ 'ਚ ਹਾਹਾਕਾਰ ਮੱਚ ਗਈ ਅਤੇ ਚੀਕ-ਚਿਹਾੜਾ ਸੁਣ ਕੇ ਆਸ-ਪਾਸ ਦੇ ਲੋਕਾਂ ਨੇ ਤੁਰੰਤ ਜ਼ਖਮੀਆਂ ਨੂੰ ਕੱਢਿਆ ਅਤੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਅਰੰਭ ਦਿੱਤੀ ਹੈ।
ਥਾਣਾ ਸਲੇਮ ਟਾਬਰੀ ਪੁਲਿਸ ਅਨੁਸਾਰ, ਹਾਦਸੇ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ, ਜਦਕਿ 4 ਲੋਕਾਂ ਦੀ ਹਾਲਤ ਸੀਰੀਅਸ ਅਤੇ ਬਾਕੀ ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਲੁਧਿਆਣਾ ਦਾਖਲ ਕਰਵਾਇਆ ਗਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਾਂਚ ਚੱਲ ਰੀ ਹੈ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਜੰਮੂ ਤੋਂ ਆਉਣ ਪਿੱਛੋਂ ਉਨ੍ਹਾਂ ਦੇ ਬਿਆਨਾਂ ਮੁਤਾਬਕ ਕਾਰਵਾਈ ਕੀਤੀ ਜਾਵੇਗੀ।
- PTC NEWS