Jammu and Kashmir : ਬਾਂਦੀਪੋਰਾ 'ਚ ਮੁੱਠਭੇੜ ਦੌਰਾਨ ਲਸ਼ਕਰ ਦਾ ਟਾਪ ਕਮਾਂਡਰ ਅਲਤਾਫ ਲਾਲੀ ਢੇਰ , 2 ਜਵਾਨ ਜ਼ਖਮੀ
Jammu and Kashmir : ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਵਿੱਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਚੱਲ ਰਹੀ ਮੁੱਠਭੇੜ 'ਚ ਸੁਰੱਖਿਆ ਬਲਾਂ ਨੇ ਇੱਕ ਅੱਤਵਾਦੀ ਨੂੰ ਢੇਰ ਕਰ ਦਿੱਤਾ ਹੈ। ਸੂਤਰਾਂ ਅਨੁਸਾਰ ਮਾਰੇ ਗਏ ਅੱਤਵਾਦੀ ਨੂੰ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ (LeT) ਨਾਲ ਜੋੜਿਆ ਗਿਆ ਹੈ। ਮੁਕਾਬਲੇ ਦੌਰਾਨ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਅਤੇ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਚੋਟੀ ਦੇ ਕਮਾਂਡਰ ਅਲਤਾਫ ਲਾਲੀ ਨੂੰ ਮਾਰ ਦਿੱਤਾ।
ਇਹ ਮੁਕਾਬਲਾ ਬਾਂਦੀਪੁਰਾ ਦੇ ਇੱਕ ਜੰਗਲੀ ਖੇਤਰ ਵਿੱਚ ਹੋਇਆ, ਜਿੱਥੇ ਸੁਰੱਖਿਆ ਬਲਾਂ ਨੂੰ ਅੱਤਵਾਦੀ ਗਤੀਵਿਧੀਆਂ ਬਾਰੇ ਜਾਣਕਾਰੀ ਮਿਲੀ ਸੀ। ਜਿਵੇਂ ਹੀ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰਨਾ ਸ਼ੁਰੂ ਕੀਤਾ ਤਾਂ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਮੁਕਾਬਲਾ ਸ਼ੁਰੂ ਹੋ ਗਿਆ। ਜਵਾਬੀ ਕਾਰਵਾਈ ਵਿੱਚ ਇੱਕ ਅੱਤਵਾਦੀ ਮਾਰਿਆ ਗਿਆ। ਅਲਤਾਫ਼ ਲਾਲੀ ਨੂੰ ਸੰਗਠਨ ਦਾ ਇੱਕ ਪ੍ਰਮੁੱਖ ਮੈਂਬਰ ਦੱਸਿਆ ਜਾਂਦਾ ਹੈ ਅਤੇ ਉਹ ਕਈ ਅੱਤਵਾਦੀ ਹਮਲਿਆਂ ਵਿੱਚ ਸ਼ਾਮਲ ਸੀ।
ਸਥਾਨਕ ਸੁਰੱਖਿਆ ਏਜੰਸੀਆਂ ਇਸ ਮੁਕਾਬਲੇ ਨੂੰ ਵੱਡੀ ਸਫਲਤਾ ਮੰਨ ਰਹੀਆਂ ਹਨ ਕਿਉਂਕਿ ਮਾਰੇ ਗਏ ਅੱਤਵਾਦੀ ਦਾ ਲਸ਼ਕਰ-ਏ-ਤੋਇਬਾ ਵਿੱਚ ਇੱਕ ਮਹੱਤਵਪੂਰਨ ਸਥਾਨ ਸੀ। ਸੁਰੱਖਿਆ ਬਲਾਂ ਨੇ ਇਲਾਕੇ ਨੂੰ ਪੂਰੀ ਤਰ੍ਹਾਂ ਘੇਰ ਲਿਆ ਹੈ ਅਤੇ ਕਾਰਵਾਈ ਅਜੇ ਵੀ ਜਾਰੀ ਹੈ। ਇਸ ਕਾਰਵਾਈ ਦੌਰਾਨ ਦੋ ਸੈਨਿਕ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਅੱਤਵਾਦੀਆਂ ਦੇ ਘਰਾਂ ਨੂੰ IED ਧਮਾਕੇ ਨਾਲ ਉਡਾਇਆ ਗਿਆ
ਬੀਤੀ ਰਾਤ ਯਾਨੀ ਵੀਰਵਾਰ ਨੂੰ ਅਨੰਤਨਾਗ ਅਤੇ ਅਵੰਤੀਪੋਰਾ ਵਿੱਚ ਦੋ ਸਥਾਨਕ ਅੱਤਵਾਦੀਆਂ ਹੁਸੈਨ ਥੋਕਰ ਅਤੇ ਆਸਿਫ ਸ਼ੇਖ ਦੇ ਘਰਾਂ ਨੂੰ ਆਈਈਡੀ ਧਮਾਕਿਆਂ ਨਾਲ ਉਡਾ ਦਿੱਤਾ ਗਿਆ। ਦੋਵਾਂ 'ਤੇ ਪਾਕਿਸਤਾਨੀ ਅੱਤਵਾਦੀਆਂ ਨੂੰ ਮਦਦ ਮੁਹੱਈਆ ਕਰਵਾਉਣ ਅਤੇ ਬੈਸਰਨ ਹਮਲੇ ਵਿੱਚ ਸ਼ਾਮਲ ਹੋਣ ਦਾ ਆਰੋਪ ਹੈ।
- PTC NEWS