ਜੰਮੂ ਕਸ਼ਮੀਰ 'ਚ ਭਾਜਪਾ ਆਗੂ ਨੇ ਗੁਰਦੁਆਰਾ ਸਾਹਿਬ ਦੀਆਂ ਚਾਬੀਆਂ ਸਿੱਖ ਸੰਗਤ ਨੂੰ ਸੌਂਪੀਆਂ
ਜੰਮੂ ਕਸ਼ਮੀਰ : ਜੰਮੂ ਕਸ਼ਮੀਰ ਵਿਖੇ ਪੁਰਾਤਨ ਗੁਰਦਵਾਰਾ ਸਾਹਿਬ ਦਾ 38 ਸਾਲ ਬਾਅਦ ਕਬਜ਼ਾ ਸਥਾਨਕ ਸਿੱਖਾਂ ਨੂੰ ਮਿਲਣ ਤੋਂ ਬਾਅਦ ਸਿੱਖਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਿਕ ਕਸ਼ਮੀਰ ਦੇ ਸਿੱਖਾਂ ਦੀ ਅਗਵਾਈ ਕਰਦੇ ਬਲਵਿੰਦਰ ਸਿੰਘ ਨੇ ਦੱਸਿਆ ਕਿ 38 ਸਾਲ ਪਹਿਲਾਂ ਪੂਰੇ ਭਾਰਤ ਵਿਖੇ ਇਕ ਸਾਜ਼ਿਸ਼ ਤਹਿਤ ਸਿੱਖਾਂ ਦੀ ਪੂਰੇ ਦੇਸ਼ ਅੰਦਰ ਨਸਲਕੁਸ਼ੀ ਕੀਤੀ।
ਦੱਸ ਦੇਈਏ ਕਿ 1984 ਤੋ ਬਾਅਦ ਇਹ ਗੁਰਦੁਆਰਾ ਹਿੰਦੂ ਵੀਰਾ ਕੋਲ ਸੀ ਅਤੇ ਉਨ੍ਹਾਂ ਨੇ ਬੜੇ ਅਦਬ ਸਤਿਕਾਰ ਨਾਲ ਗੁਰਦਵਾਰਾ ਸਾਹਿਬ ਦੀ ਸੰਭਾਲ ਕੀਤੀ। ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਉਸ ਸਮੇਂ ਜੰਮੂ ਦੇ ਗੁਰਦੁਆਰਾ ਸਾਹਿਬ ਵਿਖੇ ਇਸ ਕਰਕੇ ਪਹੁੰਚਾ ਦਿੱਤਾ ਸੀ ਕਿ ਰਿਆਸੀ ਇਲਾਕੇ ਵਿੱਚ ਜਿੱਥੇ ਇਹ ਗੁਰਦੁਆਰਾ ਸੀ ਉਥੇ ਸਿੱਖ ਸੰਗਤ ਚਲੇ ਜਾਣ ਬਾਅਦ 1984 ਵਿੱਚ ਇਸ ਗੁ ਸਾਹਿਬ ਨੂੰ ਅੱਗ ਵੀ ਲਗਾ ਦਿੱਤੀ ਗਈ ਸੀ।
ਬਲਵਿੰਦਰ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਨੂੰ ਲੈਣ ਲਈ ਉਨ੍ਹਾਂ ਵੱਲੋਂ ਡੀਸੀ ਅਤੇ ਐਸਐਸਪੀ ਨੂੰ ਮੰਗ ਪੱਤਰ ਦਿੱਤੇ ਸਨ ਹੁਣ 38 ਸਾਲ ਬਾਅਦ ਗੁਰਦੁਆਰਾ ਦਾ ਪ੍ਰਬੰਧਕ ਮਿਲਿਆ ਹੈ। ਉਨ੍ਹਾਂ ਦੱਸਿਆ ਹੈ ਕਿ ਗੁਰਦੁਆਰਾ ਸਾਹਿਬ ਜੰਮੂ ਤੋਂ ਵੈਸ਼ਨੂੰ ਦੇਵੀ ਨੂੰ ਜਾਂਦੇ ਮਾਰਗ ਦੇ ਇੱਕ ਸਾਈਡ ਤੇ ਜੰਮੂ ਤੋਂ 70 ਕਿਲੋਮੀਟਰ ਦੀ ਦੂਰੀ ਉੱਤੇ ਹੈ।
ਬਲਵਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਗੁਰਦੁਆਰਾ ਸਾਹਿਬ ਜੋ ਸਿੱਖਾਂ ਨੂੰ ਲੰਮੇ ਸਮੇਂ ਬਾਅਦ ਮਿਲਿਆ ਹੈ ਜਿਸ ਦੀ ਹਾਲਤ ਬਹੁਤ ਖਸਤਾ ਹੋ ਚੁੱਕੀ ਹੈ ਆਉਣ ਵਾਲੇ ਸਮੇਂ ਵਿੱਚ ਸੇਵਾ ਸੰਭਾਲ ਕਰ ਕੇ ਨਵੀਂ ਇਮਾਰਤ ਬਣਾ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਜਾ ਪ੍ਰਕਾਸ਼ ਕੀਤਾ ਜਾਵੇਗਾ।
- PTC NEWS