Phagwara News : ਕਰ ਵਿਭਾਗ ਦੇ ਸਹਾਇਕ ਕਮਿਸ਼ਨਰ ਦੀ ਰੇਲ ਗੱਡੀ ਦੀ ਲਪੇਟ 'ਚ ਆਉਣ ਕਾਰਨ ਮੌਤ, ਜਲੰਧਰ 'ਚ ਸੀ ਤੈਨਾਤ
Jalandhar Tax Department : ਫਗਵਾੜਾ ਵਿੱਚ ਕਸਟਮ ਵਿਭਾਗ ਦੇ ਇੱਕ ਸਹਾਇਕ ਕਮਿਸ਼ਨਰ ਰੈਂਕ ਦੇ ਅਧਿਕਾਰੀ ਦੀ ਰੇਲਗੱਡੀ ਦੀ ਲਪੇਟ ਵਿੱਚ ਆਉਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੇਵਾ ਰਾਮ ਪੁੱਤਰ ਪੂਰਨ ਰਾਮ ਵਾਸੀ ਸ੍ਰੀ ਗੁਰੂ ਰਵਿਦਾਸ ਨਗਰ (ਜਲੰਧਰ) ਵਜੋਂ ਹੋਈ ਹੈ।
ਇਹ ਹਾਦਸਾ ਐਤਵਾਰ ਨੂੰ ਫਗਵਾੜਾ-ਜਲੰਧਰ ਨੰਗਲ ਰੇਲਵੇ ਫਾਟਕ ਨੇੜੇ ਵਾਪਰਿਆ। ਫਗਵਾੜਾ ਜੀਆਰਪੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਗਵਾੜਾ ਭੇਜ ਦਿੱਤਾ ਹੈ।
ਟਰੈਕ ਪਾਰ ਕਰਦੇ ਸਮੇਂ ਵਾਪਰਿਆ ਹਾਦਸਾ
ਰੇਲਵੇ ਥਾਣਾ ਇੰਚਾਰਜ ਜੋਧ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸੇਵਾ ਰਾਮ (59) ਵਜੋਂ ਹੋਈ ਹੈ। ਮ੍ਰਿਤਕ ਜਲੰਧਰ 'ਚ ਕਸਟਮ ਵਿਭਾਗ 'ਚ ਸਹਾਇਕ ਕਮਿਸ਼ਨਰ ਦੇ ਅਹੁਦੇ 'ਤੇ ਤਾਇਨਾਤ ਸਨ ਅਤੇ ਉਹ ਨੰਗਲ ਰੇਲਵੇ ਫਾਟਕ ਦੀ ਜ਼ਮੀਨ ਦੀ ਮਿਣਤੀ ਕਰਨ ਲਈ ਟੇਪ ਲੈ ਕੇ ਪਹੁੰਚੇ ਸਨ।
ਦੱਸਿਆ ਜਾ ਰਿਹਾ ਹੇ ਕਿ ਜਦੋਂ ਸੇਵਾ ਰਾਮ ਰੇਲਵੇ ਲਾਈਨ 'ਤੇ ਨਾਪ ਲੈਣ ਦੀ ਤਿਆਰੀ ਕਰ ਰਹੇ ਸਨ ਤਾਂ ਇਸ ਦੌਰਾਨ ਫਗਵਾੜਾ ਤੋਂ ਜਲੰਧਰ ਵੱਲ ਜਾ ਰਹੀ ਇੱਕ ਪੈਸੰਜਰ ਟਰੇਨ ਆਉਂਦੀ ਦਿਖਾਈ ਦਿੱਤੀ। ਉਹ ਤੁਰੰਤ ਉਕਤ ਟਰੈਕ ਪਾਰ ਕਰਕੇ ਕਿਸੇ ਹੋਰ ਰੇਲਵੇ ਲਾਈਨ 'ਤੇ ਪਹੁੰਚੇ, ਪਰ ਇਸ ਦੌਰਾਨ ਹੀ ਜਲੰਧਰ ਤੋਂ ਲੁਧਿਆਣਾ ਵੱਲ ਜਾ ਰਹੀ ਮਾਲ ਗੱਡੀ ਆ ਗਈ, ਜੋ ਕਿ ਉਨ੍ਹਾਂ ਨੂੰ ਦਿਖਾਈ ਨਹੀਂ ਦਿੱਤੀ ਅਤੇ ਉਹ ਰੇਲ ਗੱਡੀ ਦੀ ਲਪੇਟ 'ਚ ਆ ਗਏ। ਨਤੀਜੇ ਵੱਜੋਂ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
- PTC NEWS