Jalandhar News : ਇਕ ਘਰ 'ਤੇ ਦਰਜਨ ਦੇ ਕਰੀਬ ਹਮਲਾਵਰਾਂ ਨੇ ਕੀਤਾ ਪਥਰਾਅ, ਜਾਨੀ ਨੁਕਸਾਨ ਤੋਂ ਬਚਾਅ
Jalandhar News : ਪੰਜਾਬ ’ਚ ਆਏ ਦਿਨ ਵੱਧ ਰਹੇ ਅਪਰਾਧਾ ਦੇ ਚੱਲਦੇ ਲੋਕਾਂ ’ਚ ਦਹਿਸ਼ਤ ਵਾਲਾ ਮਾਹੌਲ ਬਣ ਰਿਹਾ ਹੈ। ਪਰ ਇਨ੍ਹਾਂ ਵਾਰਦਾਤਾਂ ’ਤੇ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਦੇ ਦਾਅਵੇ ਖੋਖਲੇ ਨਜ਼ਰ ਆ ਰਹੇ ਹਨ। ਅਜਿਹਾ ਹੀ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਘਰ ’ਤੇ ਕਰੀਬ ਇੱਕ ਦਰਜਨ ਹਮਲਾਵਾਰਾਂ ਨੇ ਪਥਰਾਅ ਕਰ ਦਿੱਤਾ। ਹਾਲਾਂਕਿ ਇਸ ਹਮਲੇ ਕਾਰਨ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਦੱਸ ਦਈਏ ਕਿ ਕਾਜ਼ੀ ਮੰਡੀ ਨੇੜੇ ਇਕ ਘਰ 'ਤੇ ਦਰਜਨ ਦੇ ਕਰੀਬ ਹਮਲਾਵਰਾਂ ਨੇ ਪਥਰਾਅ ਕੀਤਾ। ਗਣੀਮਤ ਇਹ ਰਹੀ ਕਿ ਇਸ ਘਟਨਾ ਵਿੱਚ ਪਰਿਵਾਰ ਦਾ ਕੋਈ ਮੈਂਬਰ ਜ਼ਖਮੀ ਨਹੀਂ ਹੋਇਆ। ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ 'ਚ ਹਫੜਾ-ਦਫੜੀ ਮਚ ਗਈ।
ਪਰਿਵਾਰ ਨੇ ਇਲਜ਼ਾਮ ਲਗਾਇਆ ਹੈ ਕਿ ਮੁਲਜ਼ਮਾਂ ਨੇ ਇੱਕ ਦਿਨ ਪਹਿਲਾਂ ਹੋਏ ਝਗੜੇ ਤੋਂ ਬਾਅਦ ਅੱਜ ਇਹ ਹਮਲਾ ਕੀਤਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਪਾਰਟੀ ਮੌਕੇ 'ਤੇ ਪਹੁੰਚ ਗਈ। ਕਾਜ਼ੀ ਮੰਡੀ ਦੇ ਰਹਿਣ ਵਾਲੇ ਪਾਰਸ ਨੇ ਦੱਸਿਆ ਕਿ ਇਹ ਹਮਲਾ ਉਸਦੇ ਭਰਾ ਦੇ ਘਰ ਹੋਇਆ ਹੈ।
ਪਾਰਸ ਨੇ ਅੱਗੇ ਦੱਸਿਆ ਕਿ ਇਸ ਘਟਨਾ ਨੂੰ ਨਾਲ ਲੱਗਦੇ ਇਲਾਕੇ 'ਚ ਰਹਿੰਦੇ ਕੁਝ ਲੁਟੇਰਿਆਂ ਵੱਲੋਂ ਅੰਜਾਮ ਦਿੱਤਾ ਗਿਆ ਹੈ। ਉਸਦਾ ਭਰਾ ਰਾਤ ਨੂੰ ਵਿਆਹ ਤੋਂ ਵਾਪਸ ਆ ਰਿਹਾ ਸੀ, ਇਸ ਦੌਰਾਨ ਲੁਟੇਰਿਆਂ ਨੇ ਉਸਦੇ ਭਰਾ ਨੂੰ ਰੋਕ ਕੇ ਲੁੱਟਣ ਦੀ ਕੋਸ਼ਿਸ਼ ਕੀਤੀ। ਪਾਰਸ ਨੇ ਦੱਸਿਆ ਕਿ ਉਸਦੇ ਭਰਾ ਦੀ ਉਕਤ ਨੌਜਵਾਨ ਨਾਲ ਕੋਈ ਦੁਸ਼ਮਣੀ ਨਹੀਂ ਸੀ ਅਤੇ ਨਾ ਹੀ ਕੋਈ ਝਗੜਾ ਸੀ। ਘਰ ਦੇ ਅੰਦਰ ਭੰਨਤੋੜ ਵੀ ਕੀਤੀ ਗਈ ਹੈ ਜਿਸ ਕਾਰਨ ਸਾਮਾਨ ਵੀ ਕਾਫੀ ਬਿਖਰਿਆ ਪਿਆ ਹੈ। ਪੀੜਤਾਂ ਨੇ ਇਸ ਸਬੰਧੀ ਇੱਕ ਦਿਨ ਪਹਿਲਾਂ ਹੀ ਸ਼ਿਕਾਇਤ ਵੀ ਕੀਤੀ ਸੀ।
ਪਾਰਸ ਨੇ ਕਿਹਾ ਕਿ ਮੁਲਜ਼ਮ ਇਸੇ ਗੱਲ ਦਾ ਬਦਲਾ ਲੈਣ ਲਈ ਦੇਰ ਰਾਤ ਉਨ੍ਹਾਂ ਦੇ ਘਰ ਆਏ ਸੀ। ਸਾਰੇ ਮੁਲਜ਼ਮਾਂ ਦੇ ਹੱਥਾਂ ਵਿੱਚ ਹਥਿਆਰ ਸੀ ਅਤੇ ਸ਼ਰਾਬ ਪੀਤੀ ਹੋਈ ਸੀ। ਜਿਵੇਂ ਹੀ ਮੁਲਜ਼ਮ ਉੱਥੇ ਪਹੁੰਚੇ ਤਾਂ ਉਨ੍ਹਾਂ ਨੇ ਘਰ 'ਤੇ ਪਥਰਾਅ ਸ਼ੁਰੂ ਕਰ ਦਿੱਤਾ ਅਤੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।
ਹਮਲੇ ਸਮੇਂ ਘਰ ਵਿੱਚ ਮੌਜੂਦ ਰੀਟਾ ਨੇ ਦੱਸਿਆ ਕਿ ਹਮਲਾ ਕਰਨ ਵਾਲੇ ਮੁਲਜ਼ਮਾਂ ਵਿੱਚ ਲੱਕੀ, ਨਾਹਾਨੀ ਅਤੇ ਹੋਰ ਅਣਪਛਾਤੇ ਵਿਅਕਤੀ ਸਨ। ਪਰਿਵਾਰਕ ਮੈਂਬਰਾਂ ਨੇ ਇਸ ਦੀ ਸ਼ਿਕਾਇਤ ਬੀਤੀ ਰਾਤ ਪੁਲਿਸ ਨੂੰ ਵੀ ਕੀਤੀ ਸੀ। ਪੀੜਤ ਪਰਿਵਾਰ ਦਾ ਹੈ ਕਿ ਉਕਤ ਮੁਲਜ਼ਮ ਹਮਲਾ ਕਰਨ ਲਈ ਘਰ ਦੇ ਅੰਦਰ ਆਏ ਸੀ।
ਇਹ ਵੀ ਪੜ੍ਹੋ : Sukhbir Singh Badal : ਡਾ. ਅੰਬੇਦਕਰ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ’ਤੇ ਸੁਖਬੀਰ ਸਿੰਘ ਬਾਦਲ ਦਾ ਵੱਡਾ ਬਿਆਨ, ਕੀਤੀ ਇਹ ਮੰਗ
- PTC NEWS