ਜਲੰਧਰ ਫਾਸਟ ਟਰੈਕ ਕੋਰਟ ਨੇ 12 ਸਾਲਾ ਬੱਚੀ ਦੇ ਦੋਸ਼ੀ ਨੂੰ ਸੁਣਾਈ ਫਾਂਸੀ ਦੀ ਸਜ਼ਾ, ਜਬਰ-ਜਨਾਹ ਪਿੱਛੋਂ ਘਰ 'ਚ ਦੱਬੀ ਮਿਲੀ ਸੀ ਲਾਸ਼
Murder Case of 12 year old girl child : ਜਲੰਧਰ ਦੀ ਫਾਸਟ ਟਰੈਕ ਕੋਰਟ ਨੇ 12 ਸਾਲਾਂ ਮਾਸੂਮ ਨੂੰ ਜਬਰ-ਜਨਾਹ ਤੋਂ ਬਾਅਦ ਕਤਲ ਕਰਨ ਦੇ ਮਾਮਲੇ ਦੇ ਵਿੱਚ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਕੋਰਟ ਵੱਲੋਂ ਸੁਣਾਈ ਗਈ ਸਖਤ ਸਜ਼ਾ ਦੇ ਵਿੱਚ ਲਿਖਿਆ ਗਿਆ ਹੈ ਕਿ ਜਿੰਨੀ ਦੇਰ ਤੱਕ ਦੋਸ਼ੀ ਦੀ ਜਾਨ ਨਹੀਂ ਨਿਕਲਦੀ, ਫਾਂਸੀ 'ਤੇ ਹੀ ਲਟਕਦਾ ਰਹਿਣ ਦਿੱਤਾ ਜਾਵੇ। ਦੱਸ ਦਈਏ ਕਿ ਮਾਮਲਾ ਸਾਲ 2021 ਦੇ ਵਿੱਚ ਫਰਵਰੀ ਦਾ ਹੈ, ਜਦੋਂ ਥਾਣਾ ਗੁਰਾਇਆਂ ਵਿੱਚ 12 ਸਾਲਾਂ ਮਾਸੂਮ ਨੂੰ ਗੁਆਂਡੀ ਵੱਲੋਂ ਅਗ਼ਵਾ ਦਾ ਕੇਸ ਦਰਜ ਕੀਤਾ ਗਿਆ ਸੀ।
ਜਾਣਕਾਰੀ ਅਨੁਸਾਰ ਦੋਸ਼ੀ ਨੇ ਬੱਚੀ ਨੂੰ ਅਗਵਾ ਕਰਨ ਤੋਂ ਬਾਅਦ ਪਹਿਲਾਂ ਉਸ ਨਾਲ ਜਬਰ-ਜਨਾਹ ਸੀ ਅਤੇ ਫਿਰ ਬੱਚੀ ਨੂੰ ਆਪਣੇ ਘਰ ਵਿੱਚ ਹੀ ਕਤਲ ਕਰਕੇ ਦੱਬ ਦਿੱਤਾ ਸੀ। ਗੁਰਾਇਆ ਪੁਲਿਸ ਵੱਲੋਂ ਮਾਮਲੇ ਦੇ ਵਿੱਚ ਪਹਿਲਾਂ ਬੱਚੀ ਦੀ ਗੁਮਸ਼ੁਦਗੀ ਦਾ ਮਾਮਲਾ ਦਰਜ ਕੀਤਾ ਗਿਆ। ਪਰੰਤੂ ਜਦੋਂ ਪੁਲਿਸ ਨੇ ਬਾਰੀਕੀ ਨਾਲ ਜਾਂਚ ਕੀਤੀ ਤਾਂ ਬੱਚੀ ਦਾ ਗੁਆਂਢੀ ਗੁਰਪ੍ਰੀਤ ਗੋਪੀ ਹੀ ਦੋਸ਼ੀ ਨਿਕਲਿਆ।
ਪੁਲਿਸ ਨੇ ਬੱਚੀ ਦੀ ਲਾਸ਼ ਗੋਪੀ ਦੇ ਘਰ ਵਿਚੋਂ ਹੀ ਬਰਾਮਦ ਕੀਤੀ, ਜਿਸ ਨੂੰ ਖੁਰਦ-ਬੁਰਦ ਕਰਨ ਲਈ ਦੱਬਿਆ ਗਿਆ ਸੀ। ਉਪਰੰਤ ਜਦੋਂ ਲਾਸ਼ ਦਾ ਮੈਡੀਕਲ ਕਰਵਾਇਆ ਗਿਆ ਤਾਂ ਖੁਲਾਸਾ ਹੋਇਆ ਕਿ ਦਰਿੰਦੇ ਵੱਲੋਂ ਮਾਸੂਮ ਬੱਚੀ ਨਾਲ ਕਈ ਵਾਰ ਜਬਰ-ਜਨਾਹ ਕੀਤਾ ਗਿਆ ਸੀ।
ਮਾਮਲੇ ਵਿੱਚ ਫਾਸਟ ਟਰੈਕ ਦੇ ਅਡੀਸ਼ਨਲ ਸੈਸ਼ਨ ਜੱਜ ਅਰਜਨਾ ਕੰਬੋਜ ਵੱਲੋਂ ਪੂਰੇ ਮਾਮਲੇ ਦੀ ਸੁਣਵਾਈ ਕੀਤੀ ਗਈ, ਜਿਸ ਤੋਂ ਬਾਅਦ ਕੋਰਟ ਵੱਲੋਂ 12 ਸਾਲਾ ਮਾਸੂਮ ਦੇ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ ਦੇ ਵਿੱਚ ਦੋਸ਼ੀ ਨੂੰ ਫਾਂਸੀ ਸੁਣਾਈ ਗਈ ਹੈ।
- PTC NEWS