ਜਗਮੀਤ ਬਰਾੜ 10 ਦਸੰਬਰ ਨੂੰ ਅਨੁਸ਼ਾਸਨੀ ਕਮੇਟੀ ਅੱਗੇ ਹੋਣਗੇ ਪੇਸ਼ : ਬੇਨਤੀ 'ਤੇ ਸਮਾਂ ਵਧਾਇਆ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਨੇ 6 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਅੱਗੇ ਪੇਸ਼ ਹੋਣ ਤੋਂ ਅਸਮਰੱਥਾ ਪ੍ਰਗਟਾਈ ਹੈ। ਉਨ੍ਹਾਂ ਅਨੁਸ਼ਾਸਨ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਨੂੰ ਫੋਨ ਕਰਕੇ ਮੀਟਿੰਗ ਦਾ ਸਮਾਂ ਵਧਾਉਣ ਦੀ ਬੇਨਤੀ ਕੀਤੀ। ਇਸ 'ਤੇ ਉਨ੍ਹਾਂ ਨੂੰ 6 ਦਸੰਬਰ ਦੀ ਬਜਾਏ 10 ਦਸੰਬਰ ਨੂੰ ਦੁਪਹਿਰ 1 ਵਜੇ ਚੰਡੀਗੜ੍ਹ ਸਥਿਤ ਪਾਰਟੀ ਦਫ਼ਤਰ ਵਿਖੇ ਅਨੁਸ਼ਾਸਨੀ ਕਮੇਟੀ ਅੱਗੇ ਪੇਸ਼ ਹੋਣ ਦੀ ਹਦਾਇਤ ਕੀਤੀ ਗਈ ਹੈ।
ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਤੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ। ਜਗਮੀਤ ਸਿੰਘ ਬਰਾੜ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਅਤੇ ਉਨ੍ਹਾਂ 'ਤੇ ਲਗਾਏ ਗਏ ਝੂਠੇ ਬਿਆਨਾਂ ਦੇ ਦੋਸ਼ਾਂ 'ਤੇ ਆਪਣਾ ਪੱਖ ਦੇਣਾ ਹੋਵੇਗਾ।
ਇਹ ਵੀ ਪੜ੍ਹੋ : ਕੁਲੜ ਪੀਜ਼ਾ ਕਪਲ ਦਾ ਗੁਆਂਢੀ ਦੁਕਾਨਦਾਰ ਨਾਲ ਹੋਇਆ ਝਗੜਾ, ਵੀਡੀਓ ਵਾਇਰਲ
ਕਾਬਿਲੇਗੌਰ ਹੈ ਕਿ ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਦੀ ਅਨੁਸਾਸ਼ਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਨੇ ਜਗਮੀਤ ਸਿੰਘ ਬਰਾੜ ਨੂੰ ਇਕ ਪੱਤਰ ਭੇਜਿਆ ਸੀ। ਪੱਤਰ ਵਿਚ ਕਿਹਾ ਗਿਆ ਕਿ ਸਾਬਕਾ ਐਮਪੀ ਖਿਲਾਫ਼ ਪਾਰਟੀ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਕਾਰਨ ਅਨੁਸ਼ਾਸਨੀ ਕਾਰਵਾਈ ਆਰੰਭੀ ਗਈ ਸੀ। ਪੱਤਰ ਵਿਚ ਕਿਹਾ ਗਿਆ ਕਿ ਕਮੇਟੀ ਪਹਿਲਾਂ ਹੀ ਸਾਬਕਾ ਐਮਪੀ ਵੱਲੋਂ ਉਨ੍ਹਾਂ ਨੂੰ ਜਾਰੀ ਕੀਤੇ ਕਾਰਨ ਦੱਸੋ ਨੋਟਿਸ ਦੇ ਦਿੱਤੇ ਜਵਾਬ ਉਤੇ ਅਸੰਤੁਸ਼ਟੀ ਜ਼ਾਹਰ ਕਰ ਚੁੱਕੀ ਹੈ।
ਇਸ ਵਿਚ ਕਿਹਾ ਗਿਆ ਕਿ ਬਜਾਏ ਸਿੱਧੇ ਰਾਹ ਪੈਣ ਦੇ ਬਰਾੜ ਆਪਣੇ ਪੱਧਰ ਉਤੇ ਹੀ ਕਮੇਟੀਆਂ ਦੇ ਗਠਨ ਵਿਚ ਲੱਗੇ ਹਨ ਤੇ ਪਾਰਟੀ ਵਿਰੋਧੀ ਗਤੀਵਿਧੀਆਂ ਕਰ ਰਹੇ ਹਨ। ਮਲੂਕਾ ਨੇ ਸਾਬਕਾ ਐਮਪੀ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ 6 ਦਸੰਬਰ ਨੂੰ ਨਿੱਜੀ ਤੌਰ ਉਤੇ ਅਨੁਸਾਸ਼ਨੀ ਕਮੇਟੀ ਸਾਹਮਣੇ ਪੇਸ਼ ਵੀ ਹੋਣ ਤੇ ਆਪਣਾ ਲਿਖਤੀ ਜਵਾਬ ਵੀ ਦੇਣ। ਭਲਕੇ ਹੋਣ ਵਾਲੀ ਮੀਟਿੰਗ ਵਿਚ ਕਿਸੇ ਕਾਰਨ ਨਹੀਂ ਪੇਸ਼ ਹੋ ਸਕਦੇ। ਇਸ ਲਈ ਉਨ੍ਹਾਂ ਨੇ ਫੋਨ ਕਰਕੇ ਹੋਰ ਸਮਾਂ ਮੰਗਿਆ ਹੈ।
- PTC NEWS