Jagjit Singh Dallewal : ਮਰਨ ਵਰਤ 'ਤੇ ਡੱਲੇਵਾਲ ਹਸਪਤਾਲ 'ਚੋਂ ਭੇਜਿਆ ਕਿਸਾਨਾਂ ਲਈ ਸੁਨੇਹਾ, ਕਿਹਾ-''ਪੁਗਾਵਾਂਗਾ ਬੋਲ...''
Jagjit Singh Dallewal News : ਸੰਯੁਕਤ ਕਿਸਾਨ ਮੋਰਚੇ (ਗੈਰ-ਰਾਜਨੀਤਕ) ਦੇ ਲੀਡਰ ਜਗਜੀਤ ਸਿੰਘ ਡੱਲੇਵਾਲ, ਪੰਜਾਬ ਦੀ ਪੁਲਿਸ ਵੱਲੋਂ ਹਿਰਾਸਤ 'ਚ ਲਏ ਜਾਣ ਤੋਂ ਬਾਅਦ ਵੀ ਚੜ੍ਹਦੀ ਕਲਾ ਵਿੱਚ ਨਜ਼ਰ ਆ ਰਹੇ ਹਨ। ਕਿਸਾਨ ਆਗੂ ਨੂੰ ਇਸ ਸਮੇਂ ਪੰਜਾਬ ਵੱਲੋਂ ਸਿਹਤ ਦੇ ਮੱਦੇਨਜ਼ਰ ਡੀਐਮਸੀ ਲੁਧਿਆਣਾ ਦਾਖਲ ਕਰਵਾਇਆ ਗਿਆ ਦੱਸਿਆ ਗਿਆ ਹੈ। ਜਿਥੇ ਕਿਸਾਨ ਆਗੂ ਵੱਲੋਂ ਮਰਨ ਵਰਤ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਦੌਰਾਨ ਡੱਲੇਵਾਲ ਨੂੰ ਮਿਲ ਕੇ ਆਏ ਕਿਸਾਨ ਆਗੂਆਂ ਨੇ ਉਨ੍ਹਾਂ ਦਾ ਸੰਦੇਸ਼ ਵੀ ਦਿੱਤਾ ਹੈ।
ਦੱਸ ਦਈਏ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਮੰਗਲਵਾਰ ਤੋਂ ਮਰਨ ਵਰਤ 'ਤੇ ਬੈਠਣਾ ਸੀ, ਪਰ ਪੰਜਾਬ ਪੁਲਿਸ ਨੇ ਤੜਕਸਾਰ ਹਨੇਰੇ 'ਚ ਕਾਰਵਾਈ ਕਰਦਿਆਂ ਡੱਲੇਵਾਲ ਨੂੰ ਹਿਰਾਸਤ 'ਚ ਲੈ ਲਿਆ ਸੀ। ਇਸ ਪਿੱਛੋਂ ਉਹ ਹੁਣ ਲੁਧਿਆਣਾ ਦੇ ਡੀਐਮਸੀ ਵਿੱਚ ਦਾਖਲ ਹਨ।
ਡੱਲੇਵਾਲ ਦੀ ਹਿਰਾਸਤ ਕਿਸਾਨਾਂ ਵਿੱਚ ਰੋਹ ਪਾਇਆ ਜਾ ਰਿਹਾ ਹੈ। ਪਰੰਤੂ ਕਿਸਾਨਾਂ ਨੇ ਹੁਣ ਨਵੀਂ ਰਣਨੀਤੀ ਤਹਿਤ ਕਿਸਾਨ ਆਗੂ ਸੁਖਜੀਤ ਸਿੰਘ ਹਰਦੋਝੰਡੇ ਨੇ ਭੁੱਖ ਹੜਤਾਲ 'ਤੇ ਚਲੇ ਗਏ ਹਨ ਅਤੇ ਇਸ ਨੂੰ ਲੈ ਕੇ ਕਿਸਾਨ ਖਨੌਰੀ ਸਰਹੱਦ 'ਤੇ ਪਹੁੰਚ ਰਹੇ ਹਨ।
ਡੱਲੇਵਾਲ ਨੇ ਕਿਸਾਨਾਂ ਦੇ ਨਾਂ ਦਿੱਤਾ ਸੁਨੇਹਾ
ਭਾਰਤੀ ਕਿਸਾਨ ਯੂਨੀਅਨ ਆਜ਼ਾਦ ਦੇ ਸੂਬਾ ਪ੍ਰਧਾਨ ਅਮਰਜੀਤ ਸਿੰਘ ਰੜਾ ਅਤੇ ਪਗੜੀ ਸੰਭਾਲ ਦੇ ਜਨਰਲ ਸਕੱਤਰ ਗੁਰਨਾਮ ਸਿੰਘ ਜਹਾਨਪੁਰ ਨੇ ਕਿਹਾ ਕਿ ਉਹ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਮਿਲ ਕੇ ਆਏ ਹਨ। ਉਨ੍ਹਾਂ ਕਿਹਾ ਕਿ ਕਿਸਾਨ ਆਗੂ ਨੇ ਹਸਪਤਾਲ 'ਚ ਹੀ ਮਰਨ ਵਰਤ ਸ਼ੁਰੂ ਕਰ ਰੱਖਿਆ ਹੈ ਅਤੇ ਡੱਲੇਵਾਲ ਨੇ ਕਿਹਾ ਕਿ ਉਹ ਮਰਨ ਵਰਤ ਆਖਰੀ ਸਾਹ ਤੱਕ ਜਾਰੀ ਰੱਖਣਗੇ, ਜਿੰਨਾ ਚਿਰ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਹ ਆਪਣੇ ਬੋਲ ਪੁਗਾਉਣਗੇ। ਉਨ੍ਹਾਂ ਕਿਸਾਨ ਆਗੂਆਂ ਨੂੰ ਵੀ ਸੁਨੇਹਾ ਦਿੱਤਾ ਕਿ ਚੜ੍ਹਦੀ ਕਲਾ ਵਿੱਚ ਮੋਰਚੇ ਨੂੰ ਅੱਗੇ ਵਧਾਓ, ਸਰਕਾਰ ਪੂਰਾ ਜ਼ੋਰ ਲਾਵੇਗੀ, ਪਰ ਉਹ ਮਰਨ ਵਰਤ ਜਾਰੀ ਰੱਖਣਗੇ। ਉਨ੍ਹਾਂ ਕਿਸਾਨ ਵੀਰਾਂ ਨੂੰ ਕਿਹਾ ਕਿ ਉਹ ਖਨ੍ਹੌਰੀ ਬਾਰਡਰ 'ਤੇ ਵੱਧ ਚੜ੍ਹ ਕੇ ਪਹੁੰਚਣ।
ਖੁੱਲ੍ਹ ਸਕਦਾ ਹੈ ਸ਼ੰਭੂ ਬਾਰਡਰ ਦਾ ਰਾਹ?
ਸੂਤਰਾਂ ਤੋਂ ਮਿਲੀ ਜਾਣਕਾਰੀ ਸ਼ੰਭੂ ਸਰਹੱਦ ਦਾ ਹਿੱਸਾ ਖੋਲ੍ਹਣ ਨੂੰ ਲੈ ਕੇ ਹਰਿਆਣਾ ਅਤੇ ਪੰਜਾਬ ਦੇ ਸੀਨੀਅਰ ਅਧਿਕਾਰੀਆਂ ਵਿਚਾਲੇ ਮੀਟਿੰਗ ਹੋ ਰਹੀ ਹੈ। ਇਹ ਸਹਿਮਤੀ ਬਣੀ ਹੈ ਕਿ 4 ਫੁੱਟ ਦਾ ਏਰੀਆ ਖੋਲ੍ਹਿਆ ਜਾਵੇਗਾ। ਹਾਲਾਂਕਿ ਅਜੇ ਤੱਕ ਇਸ ਦਾ ਰਸਮੀ ਐਲਾਨ ਨਹੀਂ ਕੀਤਾ ਗਿਆ ਹੈ। ਪਰ ਸ਼ੰਭੂ ਬਾਰਡਰ ’ਤੇ ਹਲਚਲ ਦੇਖਣ ਨੂੰ ਮਿਲ ਰਹੀ ਹੈ।
- PTC NEWS