Gurjapneet Singh : ਕੌਣ ਹੈ CSK ਦਾ ਇਹ ਸਿੱਖ ਖਿਡਾਰੀ ਗੁਰਜਪਨੀਤ ਸਿੰਘ? ਜਿਸ ਨੂੰ ਮਜੀਠੀਆ ਨੇ ਵੀਡੀਓ ਕਾਲ ਰਾਹੀਂ ਦਿੱਤੀ ਵਧਾਈ
IPL 2025 Sikh Players News : ਅਗਲੇ ਸਾਲ 14 ਮਾਰਚ ਤੋਂ ਸ਼ੁਰੂ ਹੋ ਰਹੇ ਆਈਪੀਐਲ ਦੇ 18ਵੇਂ ਸੀਜ਼ਨ ਲਈ ਖਿਡਾਰੀਆਂ ਦੀ ਨੀਲਾਮੀ ਹੋ ਗਈ ਹੈ ਅਤੇ ਸਾਰੀਆਂ ਟੀਮਾਂ ਹੁਣ ਖਿਡਾਰੀਆਂ ਨੂੰ ਨਾਲ ਲੈ ਕੇ ਆਈਪੀਐਲ ਦਾ ਖਿਤਾਬ ਜਿੱਤਣ ਲਈ ਰਣਨੀਤੀ ਘੜ ਰਹੀਆਂ ਹਨ। ਇਸ ਵਾਰ ਕਈ ਨਵੇਂ ਭਾਰਤੀ ਖਿਡਾਰੀਆਂ ਨੂੰ ਵੀ ਫ੍ਰੈਂਚਾਈਜ਼ੀ ਵੱਲੋਂ ਵੱਡਾ ਮੌਕਾ ਦਿੱਤਾ ਗਿਆ ਹੈ, ਜਿਨ੍ਹਾਂ ਵਿਚੋਂ ਹੀ ਇੱਕ ਸਿੱਖ ਨੌਜਵਾਨ ਖਿਡਾਰੀ ਗੁਰਜਪਨੀਤ ਸਿੰਘ ਹੈ, ਜੋ ਕਿ ਪੰਜਾਬ ਦੇ ਪਿਛੋਕੜ ਵਾਲਾ ਹੈ। ਇਸ ਖਿਡਾਰੀ ਨੂੰ ਇਸਦੀ ਮਿਹਨਤ ਅਤੇ ਲਗਨ ਸਦਕਾ ਹੀ ਚੇਨਈ ਸੁਪਰਕਿੰਗਜ਼ ਨੇ ਆਪਣੀ ਟੀਮ ਵਿੱਚ ਸ਼ਾਮਲ ਕੀਤਾ ਹੈ।
ਮਜੀਠੀਆ ਨੇ ਵੀਡੀਓ ਕਾਲ ਰਾਹੀਂ ਦਿੱਤੀਆਂ ਸ਼ੁੱਭਕਾਮਨਾਵਾਂ
ਗੁਰਜਪਨੀਤ ਸਿੰਘ ਦੀ ਇਸ ਪ੍ਰਾਪਤੀ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਖਿਡਾਰੀ ਨੂੰ ਉਸ ਦੀ ਚੋਣ ਲਈ ਵੀਡੀਓ ਕਾਲ ਰਾਹੀਂ ਵਧਾਈ ਦਿੰਦਿਆਂ ਚੰਗੇ ਭਵਿੱਖ ਦੀ ਕਾਮਨਾ ਕੀਤੀ ਹੈ। ਮਜੀਠੀਆ ਨੇ ਵੀਡੀਓ ਕਾਲ ਰਾਹੀਂ ਖਿਡਾਰੀ ਨਾਲ ਗੱਲਬਾਤ ਦੌਰਾਨ ਉਸ ਦੀ ਮਿਹਨਤ ਨੂੰ ਸਲੂਟ ਕੀਤਾ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਇੱਕ ਸਿੱਖ ਖਿਡਾਰੀ ਨੇ ਆਪਣੀ ਮਿਹਨਤ ਸਦਕਾ ਭਾਸ਼ਾ-ਕਲਚਰ ਆਦਿ ਦੀਆਂ ਸਾਰੀਆਂ ਹੱਦਾਂ ਨੂੰ ਤੋੜਦੇ ਹੋਏ ਇਹ ਮੁਕਾਮ ਹਾਸਲ ਕੀਤਾ ਹੈ। ਆਗੂ ਨੇ ਗੁਰਜਪਨੀਤ ਸਿੰਘ ਨਾਲ ਗੱਲ ਕਰਕੇ ਜਿਥੇ ਉਸ ਨੂੰ ਸ਼ੁੱਭਕਾਮਨਾਵਾਂ ਭੇਟ ਕੀਤੀਆਂ, ਉਥੇ ਹੀ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਕਿ ਖਿਡਾਰੀ ਨੂੰ ਤਰੱਕੀਆਂ ਬਖਸ਼ਣ।
ਅੰਬਾਲਾ ਤੋਂ ਨੌਜਵਾਨ ਸਿੱਖ ਖਿਡਾਰੀ ਸ. ਗੁਰਜਪਨੀਤ ਸਿੰਘ ਪਿਛਲੇ 7 ਸਾਲ ਤੋਂ ਤਮਿਲਨਾਡੂ ਕ੍ਰਿਕਟ ਟੀਮ ਵਿੱਚ ਖੇਡ ਰਹੇ ਹਨ। ਹੁਣ ਉਹਨਾਂ ਦੀ ਚੇਨਈ ਸੁਪਰ ਕਿੰਗਸ ਟੀਮ ਲਈ ਚੋਣ ਹੋਈ ਹੈ। ਸ.ਗੁਰਜਪਨੀਤ ਸਿੰਘ ਨਾਲ ਗੱਲ ਕਰਕੇ ਸ਼ੁੱਭਕਾਮਨਾਵਾਂ ਭੇਟ ਕੀਤੀਆਂ। ਗੁਰੂ ਸਾਹਿਬ ਅੱਗੇ ਅਰਦਾਸ ਕਰਦਾ ਹਾਂ ਕਿ ਸ.ਗੁਰਜਪਨੀਤ ਸਿੰਘ ਨੂੰ ਤਰੱਕੀਆਂ ਬਖਸ਼ਣ।… pic.twitter.com/ILaZgbWbUl — Bikram Singh Majithia (@bsmajithia) November 29, 2024
ਗੁਰਜਪਨੀਤ ਸਿੰਘ ਦਾ ਲੁਧਿਆਣਾ ਦਾ ਹੈ ਪਿਛੋਕੜ
ਲੁਧਿਆਣਾ ਵਿੱਚ ਪੈਦਾ ਹੋਏ ਅਤੇ ਅੰਬਾਲਾ ਵਿੱਚ ਵੱਡਾ ਹੋਇਆ ਗੁਰਜਪਨੀਤ ਸਿੰਘ ਇਸ ਸਮੇਂ ਤਾਮਿਲਨਾਡੂ ਲਈ ਲਈ ਸਈਅਦ ਮੁਸ਼ਤਾਕ ਅਲੀ ਟਰਾਫੀ ਖੇਡ ਰਿਹਾ ਹੈ। ਇਸਤੋਂ ਪਹਿਲਾਂ ਇਸ ਹੋਣਹਾਰ ਸਿੱਖ ਖਿਡਾਰੀ ਨੇ ਰਣਜੀ ਟਰਾਫੀ ਵਿੱਚ 'ਚ ਆਪਣੇ ਪਹਿਲੇ ਮੈਚ ਵਿੱਚ ਉਦੋਂ ਸਾਰਿਆਂ ਦਾ ਧਿਆਨ ਖਿੱਚਿਆ ਜਦੋਂ ਸੌਰਾਸ਼ਟਰ ਖ਼ਿਲਾਫ਼ ਤਾਮਿਲਨਾਡੂ ਲਈ 6 ਵਿਕਟਾਂ ਝਟਕ ਲਈਆਂ। ਇਸ ਤਰ੍ਹਾਂ ਰਣਜੀ ਸੈਸ਼ਨ 'ਚ ਉਸ ਨੇ ਚਾਰ ਮੈਚਾਂ 'ਚ 13 ਵਿਕਟਾਂ ਲਈਆਂ ਸਨ।
ਗੁਰਜਪਨੀਤ ਸਿੰਘ ਦੇ ਪਿਤਾ ਜਗਜੀਤ ਸਿੰਘ ਪੇਸ਼ੇ ਤੋਂ ਫ਼ੋਟੋਗ੍ਰਾਫਰ ਹਨ। ਉਨ੍ਹਾਂ ਆਪਣੇ ਪੁੱਤ ਦੀ ਚੋਣ 'ਤੇ ਕਿਹਾ ਕਿ ''ਅਸੀਂ ਬਹੁਤ ਖੁਸ਼ ਹਾਂ ਕਿਉਂਕਿ ਗੁਰਜਪਨੀਤ ਨੇ ਛੋਟੀ ਉਮਰ ਤੋਂ ਹੀ ਸਖਤ ਮਿਹਨਤ ਕੀਤੀ ਹੈ। ਕਿਉਂਕਿ 2017 ਵਿੱਚ ਅੰਬਾਲਾ ਤੋਂ ਤਾਮਿਲਨਾਡੂ ਵਿੱਚ ਸ਼ਿਫਟ ਹੋ ਕੇ ਉਥੇ ਦੇ ਵੱਖਰੇ ਹਾਲਾਤਾਂ ਭੋਜਨ, ਸੱਭਿਆਚਾਰ, ਭਾਸ਼ਾ ਅਤੇ ਜਲਵਾਯੂ ਨਾਲ ਉਸ ਨੇ ਬਹੁਤ ਸਮਝੌਤਾ ਕੀਤਾ ਹੈ।''
ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਨੂੰ ਗੁਰਜਪਨੀਤ ਸਿੰਘ ਤੋਂ ਇਹੀ ਉਮੀਦ ਹੈ ਕਿ 26 ਸਾਲਾ ਇਹ ਖੱਬੇ ਹੱਥ ਦਾ ਤੇਜ਼ ਗੇਂਦਬਾਜ਼ ਜਲਦੀ ਹੀ ਆਪਣੇ ਆਈਪੀਐਲ ਪ੍ਰਦਰਸ਼ਨ ਨਾਲ ਭਾਰਤੀ ਕ੍ਰਿਕਟ ਟੀਮ ਦੇ ਦਰਵਾਜ਼ੇ 'ਤੇ ਦਸਤਕ ਦੇਵੇਗਾ।
- PTC NEWS