ਪੰਜਾਬ ਪੁਲਿਸ ਦੀ ਵਰਦੀ ਪਾ ਕੇ ਨਸ਼ੇ 'ਚ ਟੱਲੀ ਨੌਜਵਾਨ ਨੇ ਲੋਕਾਂ ਨੂੰ ਧਮਕਾਇਆ, ਵੀਡੀਓ ਵਾਇਰਲ
ਜਲੰਧਰ: ਪੰਜਾਬ ਵਿੱਚ ਅਕਸਰ ਅਜਿਹੀਆਂ ਵੀਡੀਓ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜੋ ਪੁਲਿਸ ਵਿਭਾਗ 'ਤੇ ਕਈ ਸਵਾਲ ਖੜ੍ਹੇ ਕਰਦੀਆਂ ਹਨ। ਅਜਿਹਾ ਹੀ ਇੱਕ ਮਾਮਲਾ ਜਲੰਧਰ 'ਚ ਦੇਖਣ ਨੂੰ ਮਿਲਿਆ, ਜਿੱਥੇ ਇੱਕ ਸ਼ਰਾਬੀ ਨੌਜਵਾਨ ਨੇ ਪੁਲਿਸ ਦੀ ਵਰਦੀ ਪਾ ਕੇ ਲੋਕਾਂ ਨੂੰ ਧਮਕਾਇਆ ਅਤੇ ਆਟੋ ਚਾਲਕ ਨੂੰ ਪੁਲਿਸ ਵਾਲਾ ਕਹਿ ਕੇ ਰੋਕ ਲਿਆ ਅਤੇ ਉਸ ਦਾ ਚਲਾਨ ਕੱਟਣ ਦੀਆਂ ਧਮਕੀਆਂ ਦੇਣ ਲੱਗਾ। ਇਹ ਨਜ਼ਾਰਾ ਦੇਖ ਕੇ ਆਮ ਨਾਗਰਿਕ ਹੈਰਾਨ ਅਤੇ ਸਹਿਮੇ ਹੋਏ ਹਨ ਅਤੇ ਹੁਣ ਪੁਲਿਸ ਵਿਭਾਗ 'ਤੇ ਸਵਾਲੀਆ ਨਿਸ਼ਾਨ ਖੜ੍ਹੇ ਹੋ ਰਹੇ ਹਨ ਕਿ ਉਕਤ ਨੌਜਵਾਨ ਨੂੰ ਪੁਲਿਸ ਦੀ ਵਰਦੀ ਆਖ਼ਿਰ ਮਿਲੀ ਕਿਵੇਂ?
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ 'ਚ ਨਜ਼ਰ ਆ ਰਿਹਾ ਵਿਅਕਤੀ ਪੁਲਿਸ ਦੀ ਵਰਦੀ ਪਹਿਨ ਕੇ ਖ਼ੁਦ ਨੂੰ ਪੁਲਿਸ ਵਾਲਾ ਦੱਸ ਰਿਹਾ ਹੈ। ਪੁਲਿਸ ਦੀ ਵਰਦੀ ਪਹਿਨੇ ਇਸ ਸ਼ਰਾਬੀ ਨੌਜਵਾਨ ਨੇ ਆਪਣਾ ਨਾਂ ਵਿਸ਼ਨੂੰ ਦੱਸਿਆ ਹੈ। ਪੱਤਰਕਾਰਾਂ ਵੱਲੋਂ ਸਵਾਲ ਪੁੱਛੇ ਜਾਣ 'ਤੇ ਉਸ ਨੇ ਹੱਥ ਜੋੜ ਕੇ ਮੁਆਫੀ ਮੰਗਣੀ ਸ਼ੁਰੂ ਕਰ ਦਿੱਤੀ ਅਤੇ ਕਿਹਾ ਕਿ ਉਸ ਤੋਂ ਗਲਤੀ ਹੋ ਗਈ ਹੈ। ਸੂਤਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਨੇਪਾਲ ਦਾ ਰਹਿਣ ਵਾਲਾ ਹੈ ਅਤੇ ਸ਼ੈੱਫ ਦਾ ਕੰਮ ਕਰਦਾ ਹੈ।
ਦੱਸ ਦਈਏ ਕਿ ਨੌਜਵਾਨ ਵੱਲੋਂ ਸ਼ਰਾਬ ਪੀ ਕੇ ਕਹੇ ਗਏ ਸ਼ਬਦ ਹੈਰਾਨ ਕਰਨ ਵਾਲੇ ਸਨ ਕਿਉਂਕਿ ਨੌਜਵਾਨ ਕਹਿ ਰਿਹਾ ਹੈ ਕਿ ਉਸ ਨੇ ਇਹ ਵਰਦੀ ਜਲੰਧਰ ਛਾਉਣੀ ਤੋਂ ਲਈ ਹੈ। ਇਹ ਨੌਜਵਾਨ ਇਸ ਵਰਦੀ ਦੇ ਨਾਲ ਬਾਹਰ ਸ਼ਰੇਆਮ ਘੁੰਮਦਾ ਰਿਹਾ ਪਰ ਉਸਦੀ ਕਿਸੇ ਪੁਲਿਸ ਮੁਲਾਜ਼ਮ ਦੁਆਰਾ ਵੀ ਪਹਿਚਾਣ ਨਹੀਂ ਕੀਤੀ ਗਈ।
ਪਰ ਸੋਚਣ ਵਾਲੀ ਗੱਲ ਹੈ ਕਿ ਕਿਵੇਂ ਇੱਕ ਵਿਅਕਤੀ ਪੁਲਿਸ ਦੀ ਵਰਦੀ ਪਾ ਕੇ ਸ਼ਹਿਰ ਦੀਆਂ ਗਲੀਆਂ ਅਤੇ ਚੌਰਾਹਿਆਂ ਵਿੱਚ ਸ਼ਰੇਆਮ ਘੁੰਮਦਾ ਰਿਹਾ ਅਤੇ ਕਿਸੇ ਪੁਲਿਸ ਵਾਲੇ ਨੇ ਉਸਨੂੰ ਕੁੱਝ ਨਹੀਂ ਪੁੱਛਿਆ। ਹੁਣ ਇੱਕ ਵੱਡਾ ਸਵਾਲ ਖੜ੍ਹਾ ਹੋ ਰਿਹਾ ਹੈ ਕਿ ਕੀ ਪੰਜਾਬ ਜਾਂ ਹੋਰ ਸ਼ਹਿਰਾਂ ਦੀ ਪੁਲਿਸ ਦੀ ਕਾਰਜ ਪ੍ਰਣਾਲੀ ਇੰਨੀ ਢਿੱਲੀ ਹੋ ਗਈ ਹੈ? ਕਿ ਉਨ੍ਹਾਂ ਨੂੰ ਸ਼ਹਿਰ ਵਿੱਚ ਵੱਧ ਰਹੇ ਅਪਰਾਧਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ।? ਅਜਿਹੀ ਸਥਿਤੀ ਵਿੱਚ ਤਾਂ ਕਿਸੇ ਵੀ ਵਿਅਕਤੀ ਵੱਲੋਂ ਪੁਲਿਸ ਦੀ ਵਰਦੀ ਪਾ ਕੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ।
- PTC NEWS