Indus Waters Treaty : ਸਿੰਧੂ ਜਲ ਸੰਧੀ ਨੂੰ ਰੋਕਣ 'ਤੇ ਭੜਕਿਆ ਪਾਕਿਸਤਾਨ, ਕਿਹਾ- 'ਪਾਣੀ ਰੋਕਣਾ ਜੰਗ ਨੂੰ ਸੱਦਾ ਦੇਣ ਵਰਗਾ'
Indus Waters Treaty : ਜੰਮੂ-ਕਸ਼ਮੀਰ ਦੇ ਪਹਿਲਗਾਮ ਅੱਤਵਾਦੀ ਹਮਲੇ ਵਿੱਚ 26 ਮਾਸੂਮ ਲੋਕਾਂ ਦੀ ਮੌਤ ਤੋਂ ਬਾਅਦ ਭਾਰਤ ਨੇ ਸਿੰਧੂ ਜਲ ਸੰਧੀ ਨੂੰ ਰੋਕਣ ਅਤੇ ਪਾਕਿਸਤਾਨ ਨਾਲ ਕੂਟਨੀਤਕ ਸਬੰਧਾਂ ਨੂੰ ਘਟਾਉਣ ਸਮੇਤ ਕਈ ਸਖ਼ਤ ਫੈਸਲੇ ਲਏ ਹਨ। ਇਸ ਨਾਲ ਪਾਕਿਸਤਾਨ ਭੜਕ ਗਿਆ ਹੈ। ਇਸ ਸਬੰਧ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਅੱਜ ਇੱਕ ਮਹੱਤਵਪੂਰਨ ਸੁਰੱਖਿਆ ਮੀਟਿੰਗ ਕੀਤੀ ,ਜਿਸ ਵਿੱਚ ਪਾਕਿਸਤਾਨ ਦੇ ਤਿੰਨੋਂ ਫੌਜ ਮੁਖੀ, ਮਹੱਤਵਪੂਰਨ ਮੰਤਰੀ, ਉੱਚ ਸਿਵਲ ਅਤੇ ਫੌਜੀ ਅਧਿਕਾਰੀ ਸ਼ਾਮਲ ਹੋਏ।
ਪਾਕਿਸਤਾਨੀ ਮੀਡੀਆ ਨੇ ਸ਼ਾਹਬਾਜ਼ ਸਰਕਾਰ ਦੇ ਹਵਾਲੇ ਨਾਲ ਕਿਹਾ ਕਿ ਜੇਕਰ ਭਾਰਤ ਨੇ ਪਾਕਿਸਤਾਨ ਦੇ ਹਿੱਸੇ ਦਾ ਪਾਣੀ ਰੋਕਣ ਜਾਂ ਦਿਸ਼ਾ ਬਦਲਣ ਦੀ ਕੋਸ਼ਿਸ਼ ਕੀਤੀ ਤਾਂ ਇਸਨੂੰ ਯੁੱਧ ਦੀ ਕਾਰਵਾਈ ਮੰਨਿਆ ਜਾਵੇਗਾ। ਇਸ ਦੇ ਨਾਲ ਹੀ ਪਾਕਿਸਤਾਨ ਨੇ ਭਾਰਤ ਦੀ ਮਲਕੀਅਤ ਅਤੇ ਸੰਚਾਲਿਤ ਸਾਰੀਆਂ ਏਅਰਲਾਈਨਾਂ ਲਈ ਆਪਣਾ ਹਵਾਈ ਖੇਤਰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ।
ਪਾਕਿਸਤਾਨ ਦੀ ਰਾਸ਼ਟਰੀ ਸੁਰੱਖਿਆ ਕਮੇਟੀ (ਐਨਐਸਸੀ) ਨੇ ਆਰੋਪ ਲਗਾਇਆ ਕਿ ਭਾਰਤ ਵਿੱਚ ਮੁਸਲਮਾਨਾਂ ਸਮੇਤ ਘੱਟ ਗਿਣਤੀਆਂ 'ਤੇ ਜ਼ੁਲਮ ਵਧਿਆ ਹੈ। ਉਨ੍ਹਾਂ ਸਰਕਾਰ 'ਤੇ ਵਕਫ਼ ਐਕਟ ਰਾਹੀਂ ਮੁਸਲਿਮ ਭਾਈਚਾਰੇ ਨੂੰ ਹਾਸ਼ੀਏ 'ਤੇ ਧੱਕਣ ਦਾ ਦੋਸ਼ ਵੀ ਲਗਾਇਆ। ਐਨਐਸਸੀ ਨੇ ਆਰੋਪ ਲਗਾਇਆ ਕਿ ਭਾਰਤ ਅਜਿਹੀਆਂ ਦੁਖਦਾਈ ਘਟਨਾਵਾਂ ਤੋਂ ਰਾਜਨੀਤਿਕ ਲਾਭ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਹੈ ਕਿ ਐਨਐਸਸੀ ਦੀ ਮੀਟਿੰਗ ਵਿੱਚ ਪਹਿਲਗਾਮ ਵਿੱਚ ਸੈਲਾਨੀਆਂ ਦੇ ਜਾਨੀ ਨੁਕਸਾਨ 'ਤੇ ਚਿੰਤਾ ਪ੍ਰਗਟ ਕੀਤੀ ਗਈ। ਇਸ ਤੋਂ ਇਲਾਵਾ 23 ਅਪ੍ਰੈਲ ਨੂੰ ਭਾਰਤ ਵੱਲੋਂ ਚੁੱਕੇ ਗਏ ਕਦਮਾਂ ਨੂੰ ਇਕਪਾਸੜ, ਅਨਿਆਂਪੂਰਨ, ਰਾਜਨੀਤਿਕ ਤੌਰ 'ਤੇ ਪ੍ਰੇਰਿਤ, ਗੈਰ-ਜ਼ਿੰਮੇਵਾਰਾਨਾ ਅਤੇ ਕਾਨੂੰਨੀ ਤੌਰ 'ਤੇ ਬੇਬੁਨਿਆਦ ਦੱਸਿਆ ਗਿਆ।
- PTC NEWS