R Ashwin Retirement : ਭਾਰਤ ਦੇ ਮਹਾਨ ਗੇਂਦਬਾਜ਼ ਅਸ਼ਵਿਨ ਨੇ ਲਿਆ ਸੰਨਿਆਸ, 14 ਸਾਲ ਦੇ ਕਰੀਅਰ 'ਚ ਬਣਾਏ ਪਹਾੜਾਂ ਵਰਗੇ ਰਿਕਾਰਡ
Ravichandran Ashwin Retirement : ਭਾਰਤ ਦੇ ਮਹਾਨ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਭਾਰਤ ਬਨਾਮ ਆਸਟ੍ਰੇਲੀਆ ਬ੍ਰਿਸਬੇਨ ਟੈਸਟ (India vs Australia Brisbane Test 2024) ਨੂੰ ਮੀਂਹ ਕਾਰਨ ਡਰਾਅ ਐਲਾਨ ਦਿੱਤਾ ਗਿਆ ਹੈ। ਮੈਚ ਡਰਾਅ ਐਲਾਨੇ ਜਾਣ ਤੋਂ ਬਾਅਦ ਅਸ਼ਵਿਨ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਉਹ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫੈਸਲਾ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਵਿੱਚ 700 ਤੋਂ ਵੱਧ ਵਿਕਟਾਂ ਲਈਆਂ। ਅਸ਼ਵਿਨ ਦੇ ਸੰਨਿਆਸ ਨੂੰ ਲੈ ਕੇ ਪਹਿਲਾਂ ਹੀ ਅਟਕਲਾਂ ਸ਼ੁਰੂ ਹੋ ਗਈਆਂ ਸਨ। ਗਾਬਾ ਟੈਸਟ ਰੱਦ ਹੋਣ ਤੋਂ ਪਹਿਲਾਂ ਉਹ ਕਾਫੀ ਸਮੇਂ ਤੱਕ ਵਿਰਾਟ ਕੋਹਲੀ ਨਾਲ ਗੱਲ ਕਰਦੇ ਵੀ ਨਜ਼ਰ ਆਏ ਸਨ।
ਸੰਨਿਆਸ ਲੈਣ 'ਤੇ ਭਾਵੁਕ ਹੋਏ ਅਸ਼ਵਿਨ ?
ਸੰਨਿਆਸ ਦਾ ਐਲਾਨ ਕਰਦੇ ਹੋਏ ਅਸ਼ਵਿਨ ਨੇ ਕਿਹਾ, ''ਅੰਤਰਰਾਸ਼ਟਰੀ ਕ੍ਰਿਕਟ ਦੇ ਤਿੰਨੋਂ ਫਾਰਮੈਟਾਂ 'ਚ ਭਾਰਤੀ ਕ੍ਰਿਕਟਰ ਦੇ ਤੌਰ 'ਤੇ ਇਹ ਮੇਰਾ ਆਖਰੀ ਦਿਨ ਹੈ। ਮੈਨੂੰ ਲੱਗਦਾ ਹੈ ਕਿ ਮੇਰੇ 'ਚ ਅਜੇ ਵੀ ਕ੍ਰਿਕਟਰ ਦੇ ਨਿਸ਼ਾਨ ਬਚੇ ਹਨ, ਪਰ ਮੇਰੇ ਉਹ ਹੁਨਰ ਹੁਣ ਕਲੱਬ ਪੱਧਰੀ ਕ੍ਰਿਕਟ 'ਚ ਦੇਖਣ ਨੂੰ ਮਿਲਣਗੇ। ਭਾਰਤੀ ਕ੍ਰਿਕੇਟ ਟੀਮ ਵਿੱਚ ਇਹ ਮੇਰਾ ਆਖਰੀ ਦਿਨ ਹੈ ਅਤੇ ਮੈਂ ਇਸ ਲੰਬੇ ਸਫਰ ਦਾ ਬਹੁਤ ਆਨੰਦ ਲਿਆ ਹੈ। ਮੈਂ ਰੋਹਿਤ ਸ਼ਰਮਾ ਅਤੇ ਬਾਕੀ ਸਾਰੇ ਸਾਥੀਆਂ ਨਾਲ ਚੰਗੀਆਂ ਯਾਦਾਂ ਸਾਂਝੀਆਂ ਕੀਤੀਆਂ।'' ਅਸ਼ਵਿਨ ਦੇ ਸੰਨਿਆਸ ਬਾਰੇ ਰੋਹਿਤ ਸ਼ਰਮਾ ਨੇ ਕਿਹਾ, ਕੁਝ ਫੈਸਲੇ ਨਿੱਜੀ ਹੁੰਦੇ ਹਨ। ਟੀਮ ਉਸ ਦੇ ਫੈਸਲੇ ਦਾ ਸਨਮਾਨ ਕਰਦੀ ਹੈ।
ਭਾਰਤ ਦੇ ਦੂਜੇ ਸਭ ਤੋਂ ਸਫ਼ਲ ਗੇਂਦਬਾਜ
ਅਸ਼ਵਿਨ, ਅਨਿਲ ਕੁੰਬਲੇ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਦੂਜੇ ਗੇਂਦਬਾਜ਼ ਹਨ। ਅਸ਼ਵਿਨ ਨੇ ਆਪਣੇ ਕਰੀਅਰ 'ਚ 287 ਮੈਚ ਖੇਡੇ ਅਤੇ 379 ਪਾਰੀਆਂ 'ਚ 765 ਵਿਕਟਾਂ ਲਈਆਂ। ਉਹ ਟੈਸਟ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਦੂਜੇ ਭਾਰਤੀ ਗੇਂਦਬਾਜ਼ ਹਨ। ਉਸ ਨੇ 106 ਟੈਸਟਾਂ ਦੀਆਂ 200 ਪਾਰੀਆਂ ਵਿੱਚ 537 ਆਊਟ ਕੀਤੇ। ਇਸਤੋਂ ਇਲਾਵਾ ਉਨ੍ਹਾਂ ਨੇ ਕਰੀਅਰ ਦੌਰਾਨ 4994 ਦੌੜਾਂ ਵੀ ਬਣਾਈਆਂ ਹਨ।
ਅਸ਼ਵਿਨ ਦੀ ਕੁੱਲ ਜਾਇਦਾਦ ਦੀ ਗੱਲ ਕਰੀਏ ਤਾਂ ਇਹ ਲਗਭਗ 100 ਕਰੋੜ ਰੁਪਏ ਹੈ। ਆਲੀਸ਼ਾਨ ਘਰ ਦੇ ਨਾਲ-ਨਾਲ ਉਸ ਕੋਲ ਔਡੀ ਅਤੇ ਰੋਲਸ ਰਾਇਲਜ਼ ਵਰਗੀਆਂ ਕਈ ਲਗਜ਼ਰੀ ਕਾਰਾਂ ਹਨ। ਉਨ੍ਹਾਂ ਦੇ ਘਰ ਦੀ ਕੀਮਤ ਕਰੀਬ 9 ਕਰੋੜ ਰੁਪਏ ਹੈ। ਇਸ ਤੋਂ ਇਲਾਵਾ ਉਸ ਦੀਆਂ ਵੱਖ-ਵੱਖ ਥਾਵਾਂ 'ਤੇ ਜਾਇਦਾਦਾਂ ਵੀ ਹਨ। ਕ੍ਰਿਕਟ ਤੋਂ ਇਲਾਵਾ ਉਹ ਇਸ਼ਤਿਹਾਰਾਂ ਤੋਂ ਵੀ ਚੰਗੀ ਕਮਾਈ ਕਰਦਾ ਹੈ।
- PTC NEWS