Colonel assault case : ਕਰਨਲ ਕੁੱਟਮਾਰ ਮਾਮਲੇ 'ਚ 12 ਅਧਿਕਾਰੀ ਸਸਪੈਂਡ, SSP ਨੇ ਖੋਲ੍ਹੀ ਵਿਭਾਗੀ ਕਾਰਵਾਈ
Army Colonel beaten case : ਪਟਿਆਲਾ ਵਿੱਚ ਭਾਰਤੀ ਫੌਜ ਦੇ ਕਰਨਲ ਦੀ ਕੁੱਟਮਾਰ ਦੇ ਮਾਮਲੇ ਵਿੱਚ ਐਸਐਸਪੀ ਨਾਨਕ ਸਿੰਘ ਨੇ ਵੱਡੀ ਕਾਰਵਾਈ ਕਰਦੇ ਹੋਏ 12 ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਹੈ। ਨਾਲ ਹੀ ਏਐਸਆਈ ਤੋਂ ਲੈ ਕੇ ਕਾਂਸਟੇਬਲ ਤੱਕ ਦੇ ਇਨ੍ਹਾਂ ਪੁਲਿਸ ਮੁਲਾਜ਼ਮਾਂ ਖਿਲਾਫ਼ ਵਿਭਾਗੀ ਕਾਰਵਾਈ ਖੋਲ੍ਹੀ ਗਈ ਹੈ।
ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਮਾਮਲੇ ਵਿੱਚ ਉਨ੍ਹਾਂ ਨੇ ਕਾਰਵਾਈ ਕਰਦੇ ਹੋਏ 12 ਅਧਿਕਾਰੀਆਂ ਨੂੰ ਸਸਪੈਂਡ ਕੀਤਾ ਹੈ, ਜਿਨ੍ਹਾਂ ਵਿੱਚ ਏਐਸਆਈ, ਇੰਸਪੈਕਟਰ, ਹੈਡਕਾਂਸਟੇਬਲ ਅਤੇ ਕਾਂਸਟੇਬਲ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੇ ਪੁਲਿਸ ਮੁਲਾਜ਼ਮਾਂ ਖਿਲਾਫ਼ ਵਿਭਾਗੀ ਕਾਰਵਾਈ ਵੀ ਖੋਲ੍ਹੀ ਗਈ ਹੈ ਅਤੇ ਪਾਰਦਰਸ਼ੀ ਨਾਲ ਨਾਲ ਦੋਵੇਂ ਧਿਰਾਂ ਦੇ ਬਿਆਨਾਂ ਦੀ ਗੰਭੀਰਤਾ ਤੇ ਡੂੰਘਾਈ ਨਾਲ ਜਾਂਚ ਕਰਨ ਉਪਰੰਤ ਹੀ ਕਸੂਰਵਾਰ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਪੀਪੀਆਰ ਤਹਿਤ ਵਿਭਾਗੀ ਕਾਰਵਾਈ 180 ਦਿਨਾਂ ਵਿੱਚ (6 ਮਹੀਨੇ) ਕਾਰਵਾਈ ਪੂਰੀ ਕਰਨ ਦਾ ਪ੍ਰੋਵੀਜਨ ਹੈ, ਪਰ ਇਸ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ 45 ਦਿਨਾਂ ਵਿੱਚ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਘਟਨਾ 13-14 ਤਰੀਕ ਦੀ ਰਾਤ ਦੀ ਹੈ, ਜਿਸ ਦੌਰਾਨ ਦੋਵੇਂ ਧਿਰਾਂ ਸਿਵਲ ਵਰਦੀ ਵਿੱਚ ਸਨ।
ਕਰਨਲ ਦੇ ਪਰਿਵਾਰ ਨੇ ਲਾਏ ਸੀ ਇਲਜ਼ਾਮ
ਦੱਸ ਦਈਏ ਕਿ ਸ਼ਨੀਵਾਰ ਨੂੰ ਪਟਿਆਲਾ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ, ਕਰਨਲ ਪੁਸ਼ਪਿੰਦਰ ਬਾਠ ਦੀ ਪਤਨੀ ਜਸਵਿੰਦਰ ਬਾਠ ਨੇ ਦਾਅਵਾ ਕੀਤਾ ਕਿ ਉਨ੍ਹਾਂ ਦਾ ਪਤੀ ਆਪਣੇ ਪੁੱਤਰ ਨਾਲ 13 ਅਤੇ 14 ਮਾਰਚ ਦੀ ਵਿਚਕਾਰਲੀ ਰਾਤ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਨੇੜੇ ਇੱਕ ਢਾਬੇ 'ਤੇ ਪਹੁੰਚਿਆ।
ਜਸਵਿੰਦਰ ਨੇ ਦਾਅਵਾ ਕੀਤਾ ਕਿ ਜਦੋਂ ਉਹ ਕਾਰ ਦੇ ਬਾਹਰ ਖੜ੍ਹੇ ਹੋ ਕੇ ਖਾਣਾ ਖਾ ਰਹੇ ਸਨ, ਤਾਂ ਮੁਲਜ਼ਮ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਕਰਨਲ ਨੂੰ ਗੁੱਸੇ ਵਿੱਚ ਆਪਣੀ ਕਾਰ ਹਟਾਉਣ ਲਈ ਕਿਹਾ ਕਿਉਂਕਿ ਉਨ੍ਹਾਂ ਨੇ ਆਪਣੀ ਕਾਰ ਪਾਰਕ ਕਰਨੀ ਸੀ। "ਜਦੋਂ ਮੇਰੇ ਪਤੀ ਨੇ ਉਨ੍ਹਾਂ ਦੀ ਭਾਸ਼ਾ 'ਤੇ ਇਤਰਾਜ਼ ਕੀਤਾ, ਤਾਂ ਉਨ੍ਹਾਂ ਵਿੱਚੋਂ ਇੱਕ ਨੇ ਉਨ੍ਹਾਂ ਨੂੰ ਮੁੱਕਾ ਮਾਰ ਦਿੱਤਾ। ਬਾਅਦ ਵਿੱਚ, ਸਾਰੇ ਪੁਲਿਸ ਕਰਮਚਾਰੀਆਂ ਨੇ ਮੇਰੇ ਪਤੀ ਅਤੇ ਮੇਰੇ ਪੁੱਤਰ ਨੂੰ ਕੁੱਟਿਆ।"
- PTC NEWS