ਭਾਰਤ ਬਨਾਮ ਨਿਊਜ਼ੀਲੈਂਡ ਦਾ ਤੀਜਾ ਟਵੰਟੀ-20 ਮੈਚ ਮੀਂਹ ਕਾਰਨ ਰੱਦ, ਭਾਰਤ ਦਾ ਲੜੀ 'ਤੇ ਕਬਜ਼ਾ
ਨੇਪੀਅਰ : ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਤੀਜਾ ਤੇ ਆਖਰੀ ਟੀ-20 ਕੌਮਾਂਤਰੀ ਮੈਚ ਅੱਜ ਇਥੇ ਮੀਂਹ ਕਾਰਨ ਡਕਵਰਥ ਲੂਈਸ ਨਿਯਮ ਤਹਿਤ ਬਰਾਬਰ ਰਿਹਾ। ਮੀਂਹ ਬੰਦ ਨਾ ਹੋਣ ਕਾਰਨ ਅੰਪਾਇਰਾਂ ਨੇ ਮੈਚ ਰੱਦ ਕਰਨ ਦਾ ਫ਼ੈਸਲਾ ਲਿਆ। ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਦੇ ਸਾਹਮਣੇ 161 ਦੌੜਾਂ ਦਾ ਟੀਚਾ ਰੱਖਿਆ ਸੀ। ਜਵਾਬ ਵਿੱਚ ਭਾਰਤ ਨੇ ਮੀਂਹ ਕਾਰਨ ਮੈਚ ਰੁਕਣ ਤੱਕ 9 ਓਵਰਾਂ 'ਚ 4 ਵਿਕਟਾਂ ਉਤੇ 75 ਦੌੜਾਂ ਬਣਾ ਲਈਆਂ ਸਨ।
ਭਾਰਤ ਨੇ ਤਿੰਨ ਮੈਚਾਂ ਦੀ ਲੜੀ 1-0 ਨਾਲ ਜਿੱਤ ਲਈ ਹੈ। ਭਾਰਤ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਡੇਵੋਨ ਕੌਨਵੇ (59) ਤੇ ਗਲੇਨ ਫਿਲਿਪਸ (54) ਦੇ ਅਰਧ ਸੈਂਕੜਿਆਂ ਦੇ ਬਾਵਜੂਦ ਨਿਊਜ਼ੀਲੈਂਡ ਨੂੰ 19.4 ਓਵਰਾਂ ਵਿੱਚ 160 ਦੌੜਾਂ 'ਤੇ ਢੇਰ ਕਰ ਦਿੱਤਾ। ਭਾਰਤ ਲਈ ਮੁਹੰਮਦ ਸਿਰਾਜ ਨੇ 17 ਦੌੜਾਂ ਦੇ ਕੇ ਚਾਰ ਤੇ ਅਰਸ਼ਦੀਪ ਸਿੰਘ ਨੇ 37 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਹਰਸ਼ਲ ਪਟੇਲ ਨੂੰ ਇਕ ਵਿਕਟ ਮਿਲੀ। ਮੀਂਹ ਕਾਰਨ ਜਿਸ ਵੇਲੇ ਮੈਚ ਰੋਕਿਆ ਗਿਆ ਉਸ ਵੇਲੇ ਭਾਰਤ 9 ਓਵਰਾਂ 'ਚ 4 ਵਿਕਟਾਂ ਉਤੇ 75 ਦੌੜਾਂ ਉਤੇ ਸੀ।
ਇਹ ਵੀ ਪੜ੍ਹੋ : ਟੈਂਡਰ ਘੁਟਾਲੇ 'ਚ ਵਿਜੀਲੈਂਸ ਵੱਲੋਂ ਦੋ DFSC ਗ੍ਰਿਫ਼ਤਾਰ
ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਲਿਆ ਸੀ। ਭਾਰਤੀ ਟੀਮ ਨੇ ਇਕ ਬਦਲਾਅ ਕੀਤਾ ਹੈ, ਜਿਸ 'ਚ ਵਾਸ਼ਿੰਗਟਨ ਸੁੰਦਰ ਦੀ ਥਾਂ ਹਰਸ਼ਲ ਪਟੇਲ ਨੂੰ ਸ਼ਾਮਲ ਕੀਤਾ ਗਿਆ ਹੈ। ਨਿਊਜ਼ੀਲੈਂਡ ਨੇ ਮਾਰਕ ਚੈਪਮੈਨ ਨੂੰ ਕਪਤਾਨ ਕੇਨ ਵਿਲੀਅਮਸਨ ਦੀ ਥਾਂ ਲਿਆ ਹੈ। ਟਿਮ ਸਾਊਥੀ ਨੇ ਟੀਮ ਦੀ ਵਾਗਡੋਰ ਸੰਭਾਲੀ ਹੋਈ ਸੀ। ਹਲਕੀ ਬਾਰਿਸ਼ ਕਾਰਨ ਟਾਸ ਵਿੱਚ ਦੇਰੀ ਹੋਈ।
- PTC NEWS