India vs New Zealand : ਨਿਊਜ਼ੀਲੈਂਡ ਨੇ ਪਹਿਲੀ ਵਾਰ ਭਾਰਤ 'ਚ ਜਿੱਤੀ ਟੈਸਟ ਸੀਰੀਜ਼, ਮਿਸ਼ੇਲ ਸੈਂਟਨਰ ਦੇ ਸਾਹਮਣੇ ਨਾਕਾਮ ਰਹੀ ਟੀਮ ਇੰਡੀਆ
India vs New Zealand : ਨਿਊਜ਼ੀਲੈਂਡ ਨੇ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦੇ ਦੂਜੇ ਮੈਚ 'ਚ ਭਾਰਤ ਨੂੰ 113 ਦੌੜਾਂ ਨਾਲ ਹਰਾ ਦਿੱਤਾ ਹੈ। ਨਿਊਜ਼ੀਲੈਂਡ ਨੇ ਲਗਾਤਾਰ ਦੂਜਾ ਮੈਚ ਜਿੱਤ ਕੇ ਸੀਰੀਜ਼ 'ਤੇ ਕਬਜ਼ਾ ਕਰ ਲਿਆ ਹੈ। ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ 'ਚ ਨਿਊਜ਼ੀਲੈਂਡ ਨੇ ਦੂਜੀ ਪਾਰੀ 'ਚ 255 ਦੌੜਾਂ ਬਣਾ ਕੇ ਭਾਰਤ ਨੂੰ ਜਿੱਤ ਲਈ 359 ਦੌੜਾਂ ਦਾ ਟੀਚਾ ਦਿੱਤਾ।
ਜਵਾਬ ਵਿੱਚ ਭਾਰਤੀ ਟੀਮ ਦੇ ਬੱਲੇਬਾਜ਼ਾਂ ਨੇ ਇੱਕ ਵਾਰ ਫਿਰ ਨਿਰਾਸ਼ ਕੀਤਾ। ਯਸ਼ਸਵੀ ਜੈਸਵਾਲ ਨੂੰ ਛੱਡ ਕੇ ਬਾਕੀ ਬੱਲੇਬਾਜ਼ ਦੌੜਾਂ ਬਣਾਉਣ ਲਈ ਸੰਘਰਸ਼ ਕਰਦੇ ਨਜ਼ਰ ਆਏ। 359 ਦੌੜਾਂ ਦੇ ਜਵਾਬ 'ਚ ਭਾਰਤੀ ਟੀਮ ਦੂਜੀ ਪਾਰੀ 'ਚ ਸਾਰੀਆਂ ਵਿਕਟਾਂ ਗੁਆ ਕੇ 245 ਦੌੜਾਂ ਹੀ ਬਣਾ ਸਕੀ। ਜਡੇਜਾ ਨੇ ਸਭ ਤੋਂ ਵੱਧ 42 ਦੌੜਾਂ ਬਣਾਈਆਂ।
ਭਾਰਤ ਦੀ ਦੂਜੀ ਪਾਰੀ ਵਿੱਚ ਯਸ਼ਸਵੀ ਜੈਸਵਾਲ (77) ਤੋਂ ਇਲਾਵਾ ਸਿਰਫ਼ ਰਵਿੰਦਰ ਜਡੇਜਾ ਹੀ ਕੀਵੀ ਗੇਂਦਬਾਜ਼ਾਂ ਖ਼ਿਲਾਫ਼ ਆਰਾਮ ਨਾਲ ਖੇਡ ਸਕਿਆ। ਜਦੋਂ ਕਿ ਤਜਰਬੇਕਾਰ ਰੋਹਿਤ ਸ਼ਰਮਾ (8) ਅਤੇ ਵਿਰਾਟ ਕੋਹਲੀ (17) ਲਗਾਤਾਰ ਦੂਜੀ ਪਾਰੀ ਵਿੱਚ ਆਪਣਾ ਪ੍ਰਭਾਵ ਨਹੀਂ ਬਣਾ ਸਕੇ। ਸ਼ੁਭਮਨ ਗਿੱਲ ਨੇ 23 ਦੌੜਾਂ ਬਣਾਈਆਂ। ਰਿਸ਼ਭ ਪੰਤ ਰਨ ਆਊਟ ਹੋਏ, ਜਦਕਿ ਪਹਿਲੇ ਟੈਸਟ 'ਚ ਸ਼ਾਨਦਾਰ ਸੈਂਕੜਾ ਲਗਾਉਣ ਵਾਲੇ ਸਰਫਰਾਜ਼ ਖਾਨ ਪੁਣੇ ਦੀ ਪਿੱਚ 'ਤੇ ਦੂਜੀ ਪਾਰੀ 'ਚ ਵੀ ਨਹੀਂ ਖੇਡ ਸਕੇ ਅਤੇ ਨੌਂ ਦੌੜਾਂ ਦੇ ਨਿੱਜੀ ਸਕੋਰ 'ਤੇ ਸੈਂਟਨਰ ਦਾ ਸ਼ਿਕਾਰ ਬਣ ਗਏ। ਉਨ੍ਹਾਂ ਨੇ ਪਹਿਲੀ ਪਾਰੀ ਵਿੱਚ 11 ਦੌੜਾਂ ਦਾ ਯੋਗਦਾਨ ਦਿੱਤਾ। ਵਾਸ਼ਿੰਗਟਨ ਸੁੰਦਰ 21 ਦੌੜਾਂ ਬਣਾ ਕੇ ਆਊਟ ਹੋ ਗਏ।
ਇਸ ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਊਜ਼ੀਲੈਂਡ ਨੇ 259 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ 'ਚ ਭਾਰਤ ਦੀ ਪਹਿਲੀ ਪਾਰੀ 156 ਦੌੜਾਂ 'ਤੇ ਸਿਮਟ ਗਈ ਸੀ। ਪਹਿਲੀ ਪਾਰੀ 'ਚ 103 ਦੌੜਾਂ ਦੀ ਬੜ੍ਹਤ ਨਾਲ ਨਿਊਜ਼ੀਲੈਂਡ ਨੇ ਦੂਜੀ ਪਾਰੀ 'ਚ 255 ਦੌੜਾਂ ਬਣਾਈਆਂ ਅਤੇ ਭਾਰਤ ਨੂੰ 359 ਦੌੜਾਂ ਦਾ ਟੀਚਾ ਦਿੱਤਾ।
- PTC NEWS