ਭਾਰਤ ਦੀ 'ਬ੍ਰੇਵ ਡਾਟਰ' ਜਿਸਨੇ 23 ਸਾਲ ਦੀ ਉਮਰ ਵਿੱਚ ਆਪਣੀ ਕੁਰਬਾਨੀ ਦੇ ਕੇ 360 ਯਾਤਰੀਆਂ ਦੀ ਬਚਾਈ ਸੀ ਜਾਨ
Neerja Bhanot Death Anniversary : ਭਾਰਤ ਦੀ ਬਹਾਦੁਰ ਬੇਟੀ ਨੀਰਜਾ ਭਨੋਟ ਨੇ ਅੱਜ ਹੀ ਦੇ ਦਿਨ 5 ਸਤੰਬਰ 1986 ਨੂੰ ਆਪਣੀ ਜਾਨ ਦੇ ਕੇ ਅੱਤਵਾਦੀਆਂ ਤੋਂ 360 ਲੋਕਾਂ ਦੀਆਂ ਜ਼ਿੰਦਗੀਆ ਬਚਾਈਆਂ ਸਨ। ਜਿਸਦੀ ਅੱਤਵਾਦੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਆਓ ਜਾਣਦੇ ਹਾਂ ਕਿ ਇਸ 'ਬ੍ਰੇਵ ਡਾਟਰ ਆਫ਼ ਇੰਡੀਆਂ' ਨੇ ਅੱਤਵਾਦੀਆਂ ਦੁਆਰਾ ਹਾਈਜੈਕ ਹੋਏ ਜਹਾਜ਼ ਵਿੱਚੋਂ ਯਾਤਰੀਆਂ ਦੀ ਜਾਨ ਕਿਵੇਂ ਬਚਾਈ।
ਚੰਡੀਗੜ੍ਹ ਦੇ ਇੱਕ ਪੰਜਾਬੀ ਪਰਿਵਾਰ 'ਚ ਹੋਇਆ ਸੀ ਨੀਰਜਾ ਦਾ ਜਨਮ:
ਨੀਰਜਾ ਭਨੋਟ ਦਾ ਜਨਮ 7 ਸਤੰਬਰ 1963 ਨੂੰ ਚੰਡੀਗੜ੍ਹ ਦੇ ਇੱਕ ਪੰਜਾਬੀ ਪਰਿਵਾਰ ਵਿੱਚ ਹੋਇਆ। ਉਸਦੇ ਪਿਤਾ ਹਰੀਸ਼ ਭਨੋਤ ਇੱਕ ਪੱਤਰਕਾਰ ਸਨ ਅਤੇ ਮਾਤਾ ਰਮਾ ਭਨੋਤ ਘਰੇਲੂ ਕੰਮ ਕਾਜ ਵਾਲੀ ਮਹਿਲਾ ਸਨ। ਨੀਰਜਾ ਨੇ ਆਪਣੀ ਸਕੂਲੀ ਪੜ੍ਹਾਈ ਸੈਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ ਚੰਡੀਗੜ੍ਹ ਤੋਂ ਕੀਤੀ ਪਰ ਬਾਅਦ ਵਿੱਚ ਉਸਦਾ ਪਰਿਵਾਰ ਮੁੰਬਈ ਸ਼ਿਫਟ ਹੋ ਗਿਆ। ਉਸਨੇ ਆਪਣੀ ਅਗਲੀ ਪੜ੍ਹਾਈ ਉੱਥੇ ਦੇ ਬਾਂਬੇ ਸਕਾਟਿਸ਼ ਸਕੂਲ ਤੋਂ ਕੀਤੀ ਅਤੇ ਆਪਣੀ ਗ੍ਰੈਜੂਏਸ਼ਨ ਸੇਂਟ ਜ਼ੇਵੀਅਰ ਕਾਲਜ, ਮੁੰਬਈ ਤੋਂ ਮੁਕੰਮਲ ਕੀਤੀ।
ਬਣੀ ਟਾੱਪ ਮਾਡਲ:
ਸਾਲ 1985 ਵਿੱਚ ਨੀਰਜਾ ਨੇ ਇੱਕ ਬਿਜ਼ਨਸਮੈਨ ਨਾਲ ਅਰੇਂਜ ਮੈਰਿਜ ਕੀਤੀ ਸੀ। ਵਿਆਹ ਤੋਂ ਬਾਅਦ ਉਹ ਆਪਣੇ ਪਤੀ ਨਾਲ ਖਾੜੀ ਦੇਸ਼ ਚਲੀ ਗਈ। ਜਿੱਥੇ ਉਸਨੂੰ ਦਾਜ ਲਈ ਤੰਗ ਪ੍ਰੇਸ਼ਾਨ ਕੀਤਾ ਜਾਣ ਲੱਗਾ। ਇਸ ਸਭ ਤੋਂ ਤੰਗ ਆ ਕੇ ਨੀਰਜਾ ਵਿਆਹ ਤੋਂ ਦੋ ਮਹੀਨੇ ਬਾਅਦ ਹੀ ਮੁੰਬਈ ਵਾਪਿਸ ਆ ਗਈ। ਮੁੰਬਈ ਵਾਪਸ ਆਉਣ ਤੋਂ ਬਾਅਦ ਉਸਨੇ ਕੁਝ ਮਾਡਲਿੰਗ ਕੰਟਰੈਕਟ ਪੂਰੇ ਕੀਤੇ। ਉਹ ਆਪਣੇ ਸਮੇਂ ਦੀ ਟਾੱਪ ਮਾਡਲ ਬਣੀ। ਨੀਰਜਾ ਅਭਿਨੇਤਾ ਰਾਜੇਸ਼ ਖੰਨਾ ਦੀ ਬਹੁਤ ਵੱਡੀ ਪ੍ਰਸ਼ੰਸਕ ਸੀ। ਉਸ ਨੇ ਕਰੀਬ 22 ਇਸ਼ਤਿਹਾਰਾਂ ਵਿੱਚ ਕੰਮ ਵੀ ਕੀਤਾ।
ਬਚਪਨ ਤੋਂ ਹੀ ਜਹਾਜ਼ ਵਿੱਚ ਬੈਠ ਅਸਮਾਨ ਵਿੱਚ ਉੱਡਣ ਦੀ ਸੀ ਇੱਛਾ:
ਬਚਪਨ ਤੋਂ ਹੀ ਨੀਰਜਾ ਨੂੰ ਜਹਾਜ਼ 'ਚ ਬੈਠ ਕੇ ਅਸਮਾਨ 'ਚ ਉੱਡਣ ਦੀ ਇੱਛਾ ਸੀ। ਸਾਲ 1986 ਵਿੱਚ ਇੱਕ ਮਾਡਲ ਦੇ ਰੂਪ ਵਿੱਚ ਉਸਨੇ ਕਈ ਟੀ.ਵੀ ਅਤੇ ਪ੍ਰਿੰਟ ਵਿਗਿਆਪਨ ਕਰਨੇ ਸ਼ੁਰੂ ਕੀਤੇ। ਨੀਰਜਾ ਨੇ ਬਾਅਦ ਵਿੱਚ ਆਪਣਾ ਸ਼ੌਕ ਪੂਰਾ ਕਰਨ ਦੇ ਮਕਸਦ ਨਾਲ ਏਅਰਲਾਈਨਜ਼ ਜੁਆਇਨ ਕਰ ਲਈ। ਜਦੋਂ ਉਸਨੇ ਪੈਨ.ਏਐੱਮ (Pan AM) ਵਿੱਚ ਫਲਾਈਟ ਅਟੈਂਡੈਂਟ ਦੀ ਨੌਕਰੀ ਲਈ ਅਰਜ਼ੀ ਦਿੱਤੀ ਸੀ। ਉਸ ਵੇਲੇ ਨੀਰਜਾ ਇੱਕ ਸਫ਼ਲ ਮਾਡਲ ਸੀ।
ਜਦੋਂ ਅੱਤਵਾਦੀਆਂ ਨਾਲ ਹੋਇਆ ਸਾਹਮਣਾ:
5 ਸਤੰਬਰ 1986 ਨੂੰ ਨੀਰਜਾ ਦੇ 23ਵੇਂ ਜਨਮਦਿਨ ਤੋਂ ਸਿਰਫ਼ ਦੋ ਦਿਨ ਪਹਿਲਾਂ ਉਹ ਪੈਨ ਐਮ ਫਲਾਈਟ 73 ਵਿੱਚ ਇੱਕ ਸੀਨੀਅਰ ਪਰਸਰ ਸੀ। ਜੋ ਮੁੰਬਈ ਤੋਂ ਅਮਰੀਕਾ ਲਈ ਰਵਾਨਾ ਹੋਇਆ ਸੀ। ਪਰ ਇਸ ਨੂੰ ਪਾਕਿਸਤਾਨ ਦੇ ਕਰਾਚੀ ਏਅਰਪੋਰਟ 'ਤੇ 4 ਹਥਿਆਰਬੰਦ ਅੱਤਵਾਦੀਆਂ ਨੇ ਹਾਈਜੈਕ ਕਰ ਲਿਆ। ਇਸ ਫਲਾਈਟ ਵਿੱਚ 360 ਯਾਤਰੀ ਅਤੇ 19 ਕਰੂ ਮੈਂਬਰ ਸਨ। ਜਦੋਂ ਅੱਤਵਾਦੀਆਂ ਨੇ ਜਹਾਜ਼ ਨੂੰ ਹਾਈਜੈਕ ਕੀਤਾ ਤਾਂ ਨੀਰਜਾ ਦੀ ਸੂਚਨਾ 'ਤੇ ਚਾਲਕ ਦਲ ਦੇ ਤਿੰਨੇ ਮੈਂਬਰ ਯਾਨੀ ਪਾਇਲਟ, ਕੋ-ਪਾਇਲਟ ਅਤੇ ਫਲਾਈਟ ਇੰਜੀਨੀਅਰ ਭੱਜ ਗਏ।
ਇਹ ਚਾਰੇ ਅੱਤਵਾਦੀ ਚਾਹੁੰਦੇ ਸਨ ਕਿ ਫਲਾਈਟ ਨੂੰ ਸਾਈਪ੍ਰਸ ਲਿਜਾਇਆ ਜਾਵੇ ਜਿੱਥੇ ਉਹ ਫਲਸਤੀਨੀ ਕੈਦੀਆਂ ਨੂੰ ਰਿਹਾਅ ਕਰ ਸਕਣ। ਅੱਤਵਾਦੀ ਅਬੂ ਨਿਦਾਨ ਸੰਗਠਨ ਨਾਲ ਸਬੰਧਤ ਸਨ ਅਤੇ ਅਮਰੀਕੀ ਲੋਕਾਂ ਨੂੰ ਨੁਕਸਾਨ ਪਹੁੰਚਾ ਰਹੇ ਸਨ। ਅੱਤਵਾਦੀਆਂ ਨੇ ਪਾਕਿਸਤਾਨ ਸਰਕਾਰ ਤੋਂ ਪਾਇਲਟ ਭੇਜਣ ਦੀ ਮੰਗ ਕੀਤੀ ਤਾਂ ਕਿ ਉਹ ਜਹਾਜ਼ ਨੂੰ ਆਪਣੀ ਮਰਜ਼ੀ ਦੀ ਥਾਂ 'ਤੇ ਲੈ ਜਾ ਸਕਣ। ਪਾਕਿਸਤਾਨੀ ਸਰਕਾਰ ਨੇ ਇਸ ਮੰਗ 'ਤੇ ਇਨਕਾਰ ਕਰ ਦਿੱਤਾ। ਇਸ ਤੋਂ ਘਬਰਾ ਕੇ ਅੱਤਵਾਦੀਆਂ ਨੇ ਜਹਾਜ਼ 'ਚ ਬੈਠੇ ਅਮਰੀਕੀ ਯਾਤਰੀਆਂ ਨੂੰ ਮਾਰਨ ਦਾ ਫੈਸਲਾ ਕੀਤਾ।
ਜਹਾਜ਼ ਨੂੰ ਹਾਈਜੈਕ ਕਰਨ ਤੋਂ ਥੋੜ੍ਹੀ ਦੇਰ ਬਾਅਦ ਉਹ ਇੱਕ ਅਮਰੀਕੀ ਨੂੰ ਜਹਾਜ਼ ਦੇ ਗੇਟ ਕੋਲ ਲੈ ਆਇਆ ਅਤੇ ਉਸ ਨੂੰ ਗੋਲੀ ਮਾਰ ਦਿੱਤੀ। ਅੱਤਵਾਦੀਆਂ ਨੇ ਨੀਰਜਾ ਨੂੰ ਸਾਰੇ ਯਾਤਰੀਆਂ ਦੇ ਪਾਸਪੋਰਟ ਇਕੱਠੇ ਕਰਨ ਲਈ ਕਿਹਾ ਤਾਂ ਜੋ ਉਹ ਪਛਾਣ ਕਰ ਸਕਣ ਕਿ ਕਿਹੜੇ ਯਾਤਰੀ ਅਮਰੀਕੀ ਹਨ। ਨੀਰਜਾ ਨੇ ਕਿਸੇ ਤਰ੍ਹਾਂ ਅਮਰੀਕੀ ਯਾਤਰੀਆਂ ਦੇ ਪਾਸਪੋਰਟ ਲਕੋ ਲਏ।
ਦੂਜੇ ਪਾਸੇ ਪਾਇਲਟਾਂ ਅਤੇ ਯਾਤਰੀਆਂ ਨੂੰ ਭੇਜਣ ਨੂੰ ਲੈ ਕੇ ਅੱਤਵਾਦੀਆਂ ਅਤੇ ਪਾਕਿਸਤਾਨ ਸਰਕਾਰ ਵਿਚਾਲੇ ਲਗਾਤਾਰ ਤਕਰਾਰ ਚੱਲ ਰਹੀ ਸੀ। ਇੱਥੇ 380 ਡਰੇ ਹੋਏ ਲੋਕਾਂ ਵਿੱਚ ਇੱਕ ਇਕੱਲੀ ਭਾਰਤੀ ਕੁੜੀ ਨੀਰਜਾ ਮਜ਼ਬੂਤੀ ਨਾਲ ਖੜ੍ਹੀ ਅੱਤਵਾਦੀਆਂ ਦਾ ਸਾਹਮਣਾ ਕਰਦੀ ਰਹੀ ਅਤੇ ਫ਼ਿਰ ਅਚਾਨਕ ਉਸਨੂੰ ਅਹਿਸਾਸ ਹੋਇਆ ਕਿ ਜਹਾਜ਼ ਦਾ ਬਾਲਣ ਖ਼ਤਮ ਹੋਣ ਵਾਲਾ ਸੀ। ਅਜਿਹਾ ਹੋਣ 'ਤੇ ਜਹਾਜ਼ 'ਚ ਹਨੇਰਾ ਛਾ ਜਾਵੇਗਾ ਅਤੇ ਲੋਕਾਂ 'ਚ ਭੱਜ ਦੋੜ ਮੱਚ ਜਾਵੇਗੀ। ਉਸ ਸਮੇਂ ਨੀਰਜਾ ਨੇ ਆਪਣੇ ਭਾਰਤੀ ਹੋਣ ਦੀ ਪਹਿਚਾਣ ਦਿੱਤੀ।
ਨੀਰਜਾ ਨੇ ਤੁਰੰਤ ਯਾਤਰੀਆਂ ਨੂੰ ਐਮਰਜੈਂਸੀ ਵਿੰਡੋਜ਼ ਬਾਰੇ ਸਮਝਾਇਆ ਅਤੇ ਨੀਰਜਾ ਨੇ ਮੌਕਾ ਪਾ ਕੇ ਜਹਾਜ਼ ਦੇ ਦਰਵਾਜ਼ੇ ਖੋਲ੍ਹ ਦਿੱਤੇ ਅਤੇ ਯਾਤਰੀ ਜਹਾਜ਼ ਤੋਂ ਹੇਠਾਂ ਛਾਲ ਮਾਰਨ ਲੱਗੇ। ਪਰ ਇਸੇ ਦੌਰਾਨ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ।ਮੌਕਾ ਦੇਖ ਕੇ ਪਾਕਿ ਕਮਾਂਡੋ ਵੀ ਜਹਾਜ਼ ਦੇ ਨੇੜੇ ਪਹੁੰਚ ਗਏ। ਫਿਰ ਦੋਵਾਂ ਪਾਸਿਆਂ ਤੋਂ ਹੋਈ ਭਾਰੀ ਗੋਲੀਬਾਰੀ ਦੌਰਾਨ ਲੋਕ ਭੱਜਣ ਲੱਗੇ। ਨੀਰਜਾ ਨੇ ਅੱਤਵਾਦੀਆਂ ਨੂੰ ਭੰਬਲਭੂਸੇ 'ਚ ਰੱਖਿਆ ਤਾਂ ਜੋ ਉਹ ਕਿਸੇ ਨੂੰ ਨੁਕਸਾਨ ਨਾ ਪਹੁੰਚਾ ਸਕਣ ਅਤੇ ਉਹ ਇਸ 'ਚ ਸਫਲ ਵੀ ਰਹੀ।
ਆਖ਼ਿਰਕਾਰ ਜਦੋਂ ਉਹ ਸਭ ਦੇ ਜਾਣ ਤੋਂ ਬਾਅਦ ਜਹਾਜ਼ ਤੋਂ ਬਾਹਰ ਨਿਕਲਣ ਲੱਗੀ ਤਾਂ ਅਚਾਨਕ ਉਸ ਨੂੰ ਕੁਝ ਬੱਚਿਆਂ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ।ਨੀਰਜਾ ਨੇ ਰੋਂਦੇ ਬੱਚਿਆਂ ਨੂੰ ਛੱਡ ਕੇ ਭੱਜਣਾ ਠੀਕ ਨਹੀਂ ਸਮਝਿਆ। ਉਸਨੇ ਵਾਪਸ ਜਾ ਕੇ ਬੱਚਿਆਂ ਨੂੰ ਲੱਭ ਲਿਆ। ਜਦੋਂ ਉਹ ਉਨ੍ਹਾਂ ਨੂੰ ਐਮਰਜੈਂਸੀ ਵਿੰਡੋ ਵੱਲ ਲੈ ਗਈ ਤਾਂ ਉਸਦੇ ਸਾਹਮਣੇ ਇੱਕ ਅੱਤਵਾਦੀ ਆ ਕੇ ਖੜਾ ਹੋ ਗਿਆ।
ਨੀਰਜਾ ਨੇ ਬੱਚਿਆਂ ਨੂੰ ਹੇਠਾਂ ਧੱਕ ਦਿੱਤਾ ਅਤੇ ਅੱਤਵਾਦੀ ਨੇ ਨੀਰਜਾ ਨੂੰ ਗੋਲੀਆਂ ਨਾਲ ਭੁੰਨ ਦਿੱਤਾ। 17 ਘੰਟਿਆਂ ਤੱਕ ਚੱਲੇ ਇਸ ਖੂਨ-ਖਰਾਬੇ ਵਿੱਚ ਆਖ਼ਿਰਕਾਰ 20 ਲੋਕਾਂ ਦੀ ਜਾਨ ਚਲੀ ਗਈ ਅਤੇ ਉਹ ਭਾਰਤੀ ਹੀਰੋਇਨ ਵੀ ਸ਼ਹੀਦ ਹੋ ਗਈ। ਪਾਕਿਸਤਾਨ ਵੀ ਬਹਾਦਰ ਧੀ ਨੀਰਜਾ ਨੂੰ ਵੀ ਸਲਾਮ ਕਰਦਾ ਹੈ ਜਿਸ ਨੇ ਪਾਕਿਸਤਾਨ ਦੀ ਧਰਤੀ 'ਤੇ ਸ਼ਹੀਦ ਹੋ ਕੇ ਦੁਨੀਆ ਭਰ ਦੇ 360 ਲੋਕਾਂ ਦੀ ਜਾਨ ਬਚਾਈ।
ਬਹਾਦਰੀ ਲਈ ਮਿਲੇ ਮੁਖ਼ਤਲਿਫ਼ ਖ਼ਿਤਾਬ:
ਨੀਰਜਾ ਦੀ ਬਹਾਦਰੀ ਨੇ ਉਸ ਨੂੰ ਹਾਈਜੈਕ ਦੀ ਹੀਰੋਇਨ ਵਜੋਂ ਅੰਤਰਰਾਸ਼ਟਰੀ ਪੱਧਰ 'ਤੇ ਮਸ਼ਹੂਰ ਕਰ ਦਿੱਤਾ। ਨੀਰਜਾ ਦੀ ਯਾਦ ਵਿੱਚ ਇੱਕ ਸੰਸਥਾ ਨੀਰਜਾ ਭਨੋਟ ਪੈਨ.ਏਐੱਮ ਦੀ ਸਥਾਪਨਾ ਕੀਤੀ ਗਈ, ਜੋ ਔਰਤਾਂ ਨੂੰ ਉਹਨਾਂ ਦੀ ਹਿੰਮਤ ਅਤੇ ਬਹਾਦਰੀ ਲਈ ਸਨਮਾਨਿਤ ਕਰਦੀ ਹੈ। ਨੀਰਜਾ ਇਹ ਪੁਰਸਕਾਰ ਹਾਸਲ ਕਰਨ ਵਾਲੀ ਸਭ ਤੋਂ ਛੋਟੀ ਉਮਰ ਦੀ ਔਰਤ ਸੀ। ਇੰਨਾ ਹੀ ਨਹੀਂ ਨੀਰਜਾ ਨੂੰ ਪਾਕਿਸਤਾਨ ਸਰਕਾਰ ਵੱਲੋਂ 'ਤਮਗਾ-ਏ-ਇਨਸਾਨੀਅਤ' ਅਤੇ ਅਮਰੀਕੀ ਸਰਕਾਰ ਵੱਲੋਂ ਜਸਟਿਸ ਫ਼ਾਰ ਕਰਾਇਮ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।
- PTC NEWS