ਗੁਰਦੁਆਰਾ ਬਾਬਾ ਗੁਰਦਿੱਤਾ ਜੀ ਵਿਖੇ ਸ੍ਰੀ ਗੁਰੂ ਹਰਰਾਏ ਸਾਹਿਬ NRI ਸਰਾਂ ਦਾ ਉਦਘਾਟਨ
ਕੀਰਤਪੁਰ ਸਾਹਿਬ ਦੇ ਇਤਿਹਾਸਿਕ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਵਿਖੇ ਸ੍ਰੀ ਗੁਰੂ ਹਰਰਾਏ ਸਾਹਿਬ ਜੀ ਐਨਆਰਆਈ ਸਰਾਂ ਦਾ ਅੱਜ ਰਸਮੀ ਤੌਰ 'ਤੇ ਉਦਘਾਟਨ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਵਲੋਂ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਹਰਿਰਾਏ ਸਾਹਿਬ ਐਨਆਰਆਈ ਸਰਾਂ ਦੇ ਵਿੱਚ 12 ਕਮਰੇ ਬਣਾਏ ਗਏ ਹਨ, ਜਿਸ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਗਈਆਂ ਹੈ। ਕਮਰਿਆਂ ਨੂੰ ਬਹੁਤ ਹੀ ਸਾਫ-ਸੁਥਰਾ ਅਤੇ ਸੁਚੱਜੇ ਢੰਗ ਨਾਲ ਬਣਾਇਆ ਗਿਆ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਐਸਜੀਪਸੀ ਦੇ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਦੱਸਿਆ ਕਿ ਉਕਤ ਬਿਲਡਿੰਗ ਮਹਿੰਦਰ ਸਿੰਘ ਚੱਠਾ ਬੁੱਢਾ ਜੋਹੜ ਸਾਹਿਬ ਦੇ ਪਰਿਵਾਰ ਵੱਲੋਂ ਇਸ ਦੀ ਸੇਵਾ ਕਰਵਾਈ ਗਈ ਹੈ।
ਉਨ੍ਹਾਂ ਦੱਸਿਆ ਕਿ ਕੀਰਤਪੁਰ ਸਾਹਿਬ ਦੇ ਇਤਿਹਾਸਿਕ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣ ਵਾਲੀ ਸੰਗਤ ਲਈ ਰਿਹਾਇਸ਼ ਦੀ ਬਹੁਤ ਜਿਆਦਾ ਘਾਟ ਸੀ, ਜਿਸ ਕਰਕੇ ਭਾਈ ਮਹਿੰਦਰ ਸਿੰਘ ਚੱਠਾ ਵੱਲੋਂ ਐਨਆਰਆਈ ਸਰਾਂ ਬਣਾਈ ਗਈ ਹੈ। ਇਸ ਤੋਂ ਇਲਾਵਾ ਸੰਤ ਬਾਬਾ ਬਚਨ ਸਿੰਘ ਵੱਲੋਂ ਵੀ ਕਰੀਬ 100 ਕਮਰਿਆਂ ਦੀ ਸਰਾਹ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਵਿਖੇ ਬਣਾਈ ਜਾ ਰਹੀ ਹੈ, ਜੋ ਕਿ ਆਉਣ ਵਾਲੇ ਦਿਨਾਂ ਵਿੱਚ ਬਣ ਕੇ ਤਿਆਰ ਹੋ ਜਾਵੇਗੀ ਅਤੇ ਸੰਗਤ ਦੀ ਸਹੂਲਤ ਲਈ ਉਕਤ ਸਰਾਂ ਦੇ ਕਮਰੇ ਖੋਲ ਦਿੱਤੇ ਜਾਣਗੇ।
ਇਸ ਮੌਕੇ ਮਹਿੰਦਰ ਸਿੰਘ ਚੱਠਾ ਨੇ ਕਿਹਾ ਕਿ ਉਹ ਵਿਦੇਸ਼ ਰਹਿੰਦੇ ਹਨ ਅਤੇ ਜਦੋਂ ਵੀ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਕਰਾਉਣ ਲਈ ਆਉਂਦੇ ਸਨ ਤਾਂ ਉਨ੍ਹਾਂ ਨੂੰ ਰਿਹਾਇਸ਼ ਦੀ ਦਿੱਕਤ ਆਉਂਦੀ ਸੀ, ਜਿਸ ਕਰਕੇ ਉਨ੍ਹਾਂ ਦੀ ਇੱਛਾ ਸੀ ਕਿ ਉਹ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਵਿਖੇ ਐਨਆਰਆਈ ਸਰਾ ਬਣਾਈ ਜਾਵੇ ਅਤੇ ਉਨ੍ਹਾਂ ਦੀ ਉਕਤ ਇੱਛਾ ਨੂੰ ਅੱਜ ਬਾਬਾ ਗੁਰਦਿੱਤਾ ਜੀ ਦੇ ਆਸ਼ੀਰਵਾਦ ਸਦਕਾ ਬੂਰ ਪਿਆ ਹੈ ਅਤੇ ਇਹ ਬਿਲਡਿੰਗ ਬਣ ਕੇ ਤਿਆਰ ਹੋ ਚੁੱਕੀ ਹੈ, ਜਿਸ ਦੇ ਫਾਇਦਾ ਇੱਥੇ ਵਿਦੇਸ਼ ਤੋਂ ਆਉਣ ਵਾਲੀ ਸਿੱਖ ਸੰਗਤ ਨੂੰ ਮਿਲੇਗਾ।
ਇਸ ਮੌਕੇ ਉਕਤ ਬਿਲਡਿੰਗ ਨੂੰ ਤਿਆਰ ਕਰਨ ਵਾਲੇ ਠੇਕੇਦਾਰ ਤਰਲੋਚਨ ਸਿੰਘ ਰਾਜੂ ਨੇ ਦੱਸਿਆ ਕਿ ਉਕਤ ਸਰਾਂ ਦੇ ਕਮਰਿਆਂ ਵਿੱਚ ਬਹੁਤ ਹੀ ਸ਼ਾਨਦਾਰ ਫਰਨੀਚਰ ਲਗਾਇਆ ਗਿਆ ਹੈ, ਜੋ ਕਿ ਫਾਈਵ ਸਟਾਰ ਹੋਟਲਾਂ ਤੋਂ ਘੱਟ ਨਹੀਂ ਹੈ। ਇਸ ਮੌਕੇ ਗਿਆਨੀ ਜੋਗਿੰਦਰ ਸਿੰਘ ਹੈਡ ਗ੍ਰੰਥੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ, ਮਹਿੰਦਰ ਸਿੰਘ ਚੱਠਾ, ਮਲਕੀਤ ਸਿੰਘ ਮੈਨੇਜਰ ਤਖਤ ਸ਼੍ਰੀ ਕੇਸਗੜ੍ਹ ਸਾਹਿਬ, ਹਰਦੇਵ ਸਿੰਘ ਅਡੀਸ਼ਨਲ ਮੈਨੇਜਰ ਤਖਤ ਸ਼੍ਰੀ ਕੇਸਗੜ੍ਹ ਸਾਹਿਬ, ਅਮਰਜੀਤ ਸਿੰਘ ਵਾੜੀਆਂ ਮੈਨੇਜਰ ਗੁਰਦੁਆਰਾ ਬਾਬਾ ਗੁਰਦਿੱਤਾ ਜੀ, ਮਨਜੀਤ ਸਿੰਘ ਨੀਟੂ ਆਦਿ ਤੋਂ ਇਲਾਵਾ ਮਹਿੰਦਰ ਸਿੰਘ ਚੱਠਾ ਦਾ ਪਰਿਵਾਰ ਹਾਜ਼ਰ ਸੀ।
- PTC NEWS