ਯਾਦਵਿੰਦਰਾ ਪਬਲਿਕ ਸਕੂਲ 'ਚ ਦਰਵਾਜ਼ੇ ਦਾ ਸ਼ੀਸ਼ਾ ਟੁੱਟਣ ਕਾਰਨ ਬੱਚੇ ਦੀ ਨਸ ਕੱਟੀ
ਪਟਿਆਲਾ : ਪਟਿਆਲਾ ਦੇ ਯਾਦਵਿੰਦਰਾ ਪਬਲਿਕ ਸਕੂਲ ਵਿਖੇ 6ਵੀਂ ਕਲਾਸ ਦੇ 'ਓ ਸੈਕਸ਼ਨ 'ਚ ਪੜ੍ਹਨ ਵਾਲਾ ਬੱਚਾ ਉਮਰਾਜਵੀਰ ਸਿੰਘ ਜਦੋਂ ਖਾਣੇ ਲਈ ਹੋਈ ਛੁੱਟੀ ਮਗਰੋਂ ਕਲਾਸ ਦੇ ਅੰਦਰ ਜਾਣ ਲਈ ਦਰਵਾਜ਼ਾ ਖੋਲ੍ਹਣ ਲੱਗਾ ਤਾਂ ਦਰਵਾਜ਼ੇ ਵਿਚਲਾ ਸ਼ੀਸ਼ਾ ਟੁੱਟਣ ਕਾਰਨ ਬੱਚੇ ਦੇ ਦੋਵੇਂ ਗੁੱਟ ਜ਼ਖ਼ਮੀ ਹੋ ਗਏ। ਉਮਰਾਜਵੀਰ ਸਿੰਘ ਦੇ ਦੋਵੇਂ ਗੁੱਟਾਂ 'ਤੇ ਕਲਾਸਰੂਮ ਦੇ ਦਰਵਾਜ਼ੇ ਦਾ ਸ਼ੀਸ਼ਾ ਟੁੱਟ ਕੇ ਡੂੰਘੇ ਕੱਟ ਵੱਜਣ ਨਾਲ ਬੱਚੇ ਨੂੰ ਸਥਾਨਕ ਮਨੀਪਾਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਜਿਥੇ 3 ਦਿਨਾਂ ਤੋਂ ਬਾਅਦ ਜ਼ੇਰੇ ਇਲਾਜ ਅੱਜ ਬੱਚਾ ਖ਼ਤਰੇ ਤੋਂ ਬਾਹਰ ਅਤੇ ਉਸਦੀ ਹਾਲਤ ਵਿਚ ਵੀ ਸੁਧਾਰ ਦੱਸਿਆ ਜਾ ਰਿਹਾ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਉਮਰਾਜਵੀਰ ਸਿੰਘ ਦੇ ਪਿਤਾ ਅਮਨਦੀਪ ਸਿੰਘ (ਨਿੱਕ ਕਾਲੇਕਾ) ਨੇ ਦੱਸਿਆ ਕਿ ਸਕੂਲ ਦੇ ਮਾੜੇ ਪ੍ਰਬੰਧਨ ਤੇ ਮਾੜੇ ਸਾਜੋ-ਸਮਾਨ ਕਾਰਨ ਉਨ੍ਹਾਂ ਦੇ ਬੱਚੇ ਦਾ ਜਾਨੀ ਨੁਕਸਾਨ ਹੋ ਸਕਦਾ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਬੱਚੇ ਦੇ ਖੱਬੇ ਗੁੱਟ ਦੀ ਖ਼ੂਨ ਦੀ ਨਾੜੀ ਅਤੇ ਦੂਸਰੀ ਨਾੜੀ ਕੱਟੀ ਗਈ ਅਤੇ ਦੂਜੇ ਗੁੱਟ 'ਤੇ ਵੀ ਡੂੰਘੇ ਜ਼ਖਮ ਹੋ ਗਏ ਸਨ ਜਿਸਨੂੰ ਡਾਕਟਰ ਵੱਲੋਂ ਸਮਾਂ ਰਹਿੰਦੇ ਇਲਾਜ ਕਰ ਕੇ ਠੀਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਦੌਰਾਨ ਨਸਾਂ ਕੱਟੀਆਂ ਜਾਣ ਕਾਰਨ ਉਮਰਾਜਵੀਰ ਸਿੰਘ ਨੂੰ ਦੋਵੇਂ ਹੱਥਾਂ ਨੂੰ ਹਿਲਾਉਣ 'ਚ ਦਿੱਕਤ ਪੈਦਾ ਹੋ ਰਹੀ ਹੈ। ਬੱਚੇ ਦੇ ਪਿਤਾ ਅਮਨਦੀਪ ਸਿੰਘ ਨੇ ਦੱਸਿਆ ਕਿ ਯਾਦਵਿੰਦਰਾ ਸਕੂਲ ਮੋਟੀ ਫ਼ੀਸ ਲੈਣ ਦੇ ਬਾਵਜੂਦ ਵੀ ਉਨ੍ਹਾਂ ਦੇ ਬੱਚੇ ਨੂੰ ਘਟਨਾ ਤੋਂ ਬਾਅਦ ਮੁੱਢਲੀ ਸਹਾਇਤਾ ਵੀ ਦੇ ਨਹੀਂ ਸਕਿਆ। ਉਨ੍ਹਾਂ ਦੇ ਦੱਸਣ ਮੁਤਾਬਕ ਬੱਚੇ ਨੂੰ ਸਕੂਲ ਦੇ ਦਰਜਾ ਚਾਰ ਕਰਮਚਾਰੀ ਦੋਵੇਂ ਗੁੱਟਾਂ ਉਤੇ ਰੁਮਾਲ ਬੰਨ੍ਹ ਕੇ ਮਨੀਪਾਲ ਹਸਪਤਾਲ ਵਿਖੇ ਲੈ ਕੇ ਆਏ ਅਤੇ ਦੂਜੇ ਪਾਸੇ ਸਕੂਲ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਮਾਮਲੇ ਦੀ ਗੰਭੀਰਤਾ ਨਾ ਦੱਸਦੇ ਹੋਏ ਆਪਣੇ ਫ਼ਰਜ਼ ਤੋਂ ਪੱਲਾ ਝਾੜਿਆ ਅਤੇ ਉਨ੍ਹਾਂ ਨੂੰ ਹਸਪਤਾਲ ਪਹੁੰਚ ਕੇ ਬੱਚੇ ਦੀ ਅਸਲ ਹਾਲਤ ਬਾਰੇ ਜਾਣਕਾਰੀ ਮਿਲੀ। ਇਸ ਸਮੇਂ ਦੌਰਾਨ ਹਸਪਤਾਲ ਪਹੁੰਚਣ ਤੱਕ ਉਨ੍ਹਾਂ ਦੇ ਬੱਚੇ ਵਿਚ ਖੂਨ ਦੀ ਮਾਤਰਾ 8 ਗ੍ਰਾਮ ਰਹਿ ਗਈ ਸੀ ਅਤੇ ਦੂਜੇ ਪਾਸੇ ਸਕੂਲ ਵੱਲੋਂ ਇਹੋ ਜਿਹੀ ਹਾਲਤ ਵਿਚ ਸਕੂਲ ਪ੍ਰਬੰਧਕਾਂ ਵੱਲੋਂ ਕਿਸੇ ਜ਼ਿੰਮੇਵਾਰ ਅਹੁਦੇਦਾਰ ਨੂੰ ਬੱਚੇ ਦੇ ਨਾਲ ਤੱਕ ਨਹੀਂ ਭੇਜਿਆ ਗਿਆ।
ਇਹ ਵੀ ਪੜ੍ਹੋ : 'ਆਪ' ਦੇ 2 ਵਿਧਾਇਕਾਂ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਇਲਜ਼ਾਮ, ਭਗਵੰਤ ਮਾਨ ਵੱਲੋਂ ਜਾਂਚ ਦੇ ਹੁਕਮ
ਇਸ ਮੌਕੇ ਅਮਨਦੀਪ ਸਿੰਘ ਨੇ ਕਿਹਾ ਕਿ ਸ਼ਹਿਰ ਦਾ ਨਾਮੀ ਸਕੂਲ ਹੋਣ ਦੇ ਬਾਵਜੂਦ ਸਕੂਲ ਵੱਲੋਂ ਬੱਚਿਆਂ ਲਈ ਕੋਈ ਸੁਰੱਖਿਆ ਪ੍ਰਬੰਧ ਨਹੀਂ ਹਨ। ਉਨ੍ਹਾਂ ਦੇ ਛੋਟੇ ਉਮਰਾਜਵੀਰ ਜ਼ਖਮੀ ਹੋਣ ਤੋਂ ਬਾਅਦ ਵੀ ਬੱਚੇ ਖ਼ੁਦ ਹੀ ਸਕੂਲ ਦੇ ਬਾਥਰੂਮ ਤੱਕ ਗਿਆ ਅਤੇ ਜਿੱਥੇ ਜਾ ਕੇ ਉਹ ਬੇਹੋਸ਼ ਹੋ ਗਿਆ। ਪਿਤਾ ਅਮਨਦੀਪ ਸਿੰਘ ਨੇ ਕਿਹਾ ਕਿ ਸਕੂਲ ਪ੍ਰਬੰਧਕਾਂ ਵੱਲੋਂ ਬੱਚੇ ਦਾ ਇਲਾਜ ਕਰਵਾਉਣ ਤੋਂ ਪਹਿਲਾਂ ਫ਼ਰਸ਼ 'ਤੇ ਡੁੱਲਿਆ ਖੂਨ ਅਤੇ ਸ਼ੀਸ਼ੇ ਦੇ ਟੁੱਟੇ ਟੁਕੜਿਆਂ ਵਾਲੇ ਸਬੂਤ ਮਿਟਾਉਣੇ ਜ਼ਰੂਰੀ ਸਮਝਿਆ ਗਿਆ। ਦੂਜੇ ਪਾਸੇ ਤਫ਼ਤੀਸ਼ ਦੀ ਹੌਲੀ ਚਾਲ ਤੋਂ ਅੱਕੇ ਬੱਚੇ ਦੇ ਪਿਤਾ ਅਮਨਦੀਪ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਉਨ੍ਹਾਂ ਤੋਂ ਉਕਤ ਘਟਨਾ ਬਾਰੇ ਸਾਰੀ ਜਾਣਕਾਰੀ ਲੈ ਲਈ ਗਈ ਹੈ ਅਤੇ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਆਪਣੀ ਕਾਰਵਾਈ ਵਿਚ ਕਦੋਂ ਅਮਲ ਲਿਆਵੇਗੀ। ਉਨ੍ਹਾਂ ਇਸ ਮੌਕੇ ਸਿੱਖਿਆ ਵਿਭਾਗ ਦੀ ਢਿੱਲੀ ਕਾਰਗੁਜ਼ਾਰੀ 'ਤੇ ਸਵਾਲ ਵੀ ਚੁੱਕੇ।
ਰਿਪੋਰਟ-ਗਗਨਦੀਪ ਆਹੂਜਾ
- PTC NEWS