ਰਾਜੌਰੀ 'ਚ ਮਸ਼ਕੂਕ ਦਹਿਸ਼ਤਗਰਦਾਂ ਨੇ ਤਿੰਨ ਘਰਾਂ 'ਤੇ ਕੀਤੀ ਗੋਲੀਬਾਰੀ, 4 ਹਲਾਕ
ਰਾਜੌਰੀ/ਜੰਮੂ : ਰਾਜੌਰੀ: ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਇਕ ਪਿੰਡ 'ਚ ਐਤਵਾਰ ਸ਼ਾਮ ਨੂੰ ਮਸ਼ਕੂਕ ਅੱਤਵਾਦੀਆਂ ਨੇ ਤਿੰਨ ਘਰਾਂ ਉਤੇ ਗੋਲੀਆਂ ਚਲਾ ਦਿੱਤੀਆਂ। ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ 'ਚ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ ਛੇ ਹੋਰ ਜ਼ਖਮੀ ਹੋ ਗਏ। ਜੰਮੂ ਜ਼ੋਨ ਦੇ ਐਡੀਸ਼ਨਲ ਡੀਜੀਪੀ ਮੁਕੇਸ਼ ਸਿੰਘ ਨੇ ਦੱਸਿਆ ਕਿ ਦੋ ਹਥਿਆਰਬੰਦ ਵਿਅਕਤੀਆਂ ਨੇ ਪਿੰਡ ਵਿੱਚ ਗੋਲੀਬਾਰੀ ਕੀਤੀ ਜਿਸ ਕਾਰਨ 4 ਵਿਅਕਤੀਆਂ ਦੀ ਮੌਤ ਹੋ ਗਈ ਤੇ ਛੇ ਵਿਅਕਤੀ ਜ਼ਖ਼ਮੀ ਹੋ ਗਏ।
ਚਸ਼ਮਦੀਦਾਂ ਅਨੁਸਾਰ ਹਥਿਆਰਬੰਦ ਵਿਅਕਤੀਆਂ ਨੇ ਰਾਈਫਲਾਂ ਨਾਲ ਗੋਲੀਬਾਰੀ ਕੀਤੀ। ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਕਈ ਗੋਲੀਆਂ ਲੱਗੀਆਂ ਹਨ। ਏਡੀਜੀਪੀ ਮੁਕੇਸ਼ ਸਿੰਘ ਨੇ ਦੱਸਿਆ ਕਿ ਹਮਲੇ ਮਗਰੋਂ ਪੁਲਿਸ ਤੇ ਸੁਰੱਖਿਆ ਬਲ ਮੌਕੇ ਉਤੇ ਪਹੁੰਚ ਗਏ ਹਨ। ਸਪੈਸ਼ਲ ਅਪਰੇਸ਼ਨਜ਼ ਗਰੁੱਪ, ਕੇਂਦਰੀ ਰਿਜ਼ਰਵ ਪੁਲਿਸ ਫੋਰਸ ਤੇ ਫ਼ੌਜ ਨੇ ਇਲਾਕੇ ਦੀ ਘੇਰਾਬੰਦੀ ਕਰ ਕੇ ਅੱਤਵਾਦੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਨਵੇਂ ਸਾਲ 'ਚ ਅੱਤ ਦੀ ਠੰਢ ਤੇ ਸੰਘਣੀ ਧੁੰਦ ਕਾਰਨ ਰੁਕੀ ਜ਼ਿੰਦਗੀ ਦੀ ਰਫ਼ਤਾਰ, ਹਦਾਇਤਾਂ ਜਾਰੀ
ਇਸ ਤੋਂ ਪਹਿਲਾਂ ਐਤਵਾਰ ਸ਼ਾਮ ਨੂੰ ਸ਼੍ਰੀਨਗਰ ਦੇ ਹਵਾਲ ਚੌਕ 'ਚ ਅੱਤਵਾਦੀਆਂ ਨੇ ਸੀਆਰਪੀਐੱਫ ਦੀ 28ਵੀਂ ਬਟਾਲੀਅਨ ਦੇ ਬੰਕਰ 'ਤੇ ਗ੍ਰੇਨੇਡ ਨਾਲ ਹਮਲਾ ਕੀਤਾ ਸੀ। ਇਸ 'ਚ ਇਕ ਨਾਗਰਿਕ ਜ਼ਖਮੀ ਹੋ ਗਿਆ। ਇਸ ਤੋਂ ਇਲਾਵਾ ਸਵੇਰੇ ਪੁਲਵਾਮਾ ਦੇ ਰਾਜਪੋਰਾ ਇਲਾਕੇ 'ਚ ਸੀਆਰਪੀਐਫ ਜਵਾਨ ਤੋਂ ਏਕੇ-47 ਰਾਈਫਲ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ।
- PTC NEWS