ਪੰਜਾਬ 'ਚ ਟੈਸਟਿੰਗ ਦੀ ਹੌਲੀ ਰਫ਼ਤਾਰ ਵਿਚਾਲੇ ਕੋਰੋਨਾ ਦੇ 9 ਮਰੀਜ਼ ਆਏ ਸਾਹਮਣੇ
ਚੰਡੀਗੜ੍ਹ : ਪੰਜਾਬ ਵਿਚ ਕੋਵਿਡ-19 ਦਾ ਖ਼ਤਰਾ ਅਜੇ ਵੀ ਬਰਕਰਾਰ ਹੈ। ਕੋਵਿਡ ਲਾਗ ਦੇ ਨਵੇਂ ਮਰੀਜ਼ ਹਰ ਰੋਜ਼ ਕਿਸੇ ਨਾ ਕਿਸੇ ਜ਼ਿਲ੍ਹੇ ਤੋਂ ਸਾਹਮਣੇ ਆ ਰਹੇ ਹਨ। ਇਸ ਦਰਮਿਆਨ ਪੰਜਾਬ ਵਿਚ ਕੋਰੋਨਾ ਦੇ 9 ਨਵੇਂ ਮਰੀਜ਼ ਮਿਲੇ ਹਨ। ਪੰਜਾਬ ਸਿਹਤ ਵਿਭਾਗ ਨੇ ਵੀ ਕੁਝ ਜ਼ਿਲ੍ਹਿਆਂ ਵਿਚ ਕੋਵਿਡ ਟੈਸਟਿੰਗ ਵਧਾਉਣ 'ਤੇ ਜ਼ੋਰ ਦਿੱਤਾ ਹੈ ਪਰ ਕੁਝ ਜ਼ਿਲ੍ਹਿਆਂ ਵਿਚ ਅਜੇ ਵੀ ਨਾਮਾਤਰ ਟੈਸਟਿੰਗ ਚੱਲ ਰਹੀ ਹੈ। ਰੋਜ਼ਾਨਾ ਲਏ ਜਾਣ ਵਾਲੇ ਕੋਵਿਡ ਨਮੂਨਿਆਂ ਦੀ ਗਿਣਤੀ ਜ਼ਿਆਦਾ ਹੈ, ਜਦੋਂ ਕਿ ਟੈਸਟਿੰਗ ਘੱਟ ਹੈ।
13 ਜਨਵਰੀ ਨੂੰ ਪੰਜਾਬ ਵਿੱਚ ਕੁੱਲ 9 ਨਵੇਂ ਕੋਵਿਡ ਮਰੀਜ਼ ਮਿਲੇ ਹਨ। ਇਨ੍ਹਾਂ ਵਿਚੋਂ ਸਭ ਤੋਂ ਵੱਧ ਕੋਵਿਡ-ਸੰਕ੍ਰਮਿਤ ਮਰੀਜ਼ ਬਠਿੰਡਾ ਵਿਚ 7 ਪਾਏ ਗਏ ਹਨ। ਜਦੋਂ ਕਿ ਜਲੰਧਰ ਅਤੇ ਸੰਗਰੂਰ ਵਿਚ 1-1 ਕੋਰੋਨਾ ਸੰਕ੍ਰਮਿਤ ਮਰੀਜ਼ ਪਾਏ ਗਏ ਹਨ। ਸਾਰੇ ਮਰੀਜ਼ਾਂ ਨੂੰ ਇਕਾਂਤਵਾਸ ਕਰਕੇ ਇਲਾਜ ਕੀਤਾ ਜਾ ਰਿਹਾ ਹੈ। ਸੂਬੇ ਵਿਚ ਕੋਵਿਡ ਦੇ ਸਰਗਰਮ ਮਾਮਲਿਆਂ ਦੀ ਕੁੱਲ ਗਿਣਤੀ 42 ਹੋ ਗਈ ਹੈ।
ਪੰਜਾਬ ਵਿਚ ਸਭ ਤੋਂ ਘੱਟ ਕੋਵਿਡ ਟੈਸਟ ਕੀਤੇ ਗਏ ਹਨ, ਬਰਨਾਲਾ ਵਿਚ ਮਹਿਜ਼ 2 ਤੇ ਪਠਾਨਕੋਟ ਵਿਚ ਸਿਰਫ਼ 22 ਹਨ। ਇਨ੍ਹਾਂ ਤੋਂ ਇਲਾਵਾ ਮਾਨਸਾ ਵਿਚ 31, ਮਲੇਰਕੋਟਲਾ ਵਿਚ 55, ਫਾਜ਼ਿਲਕਾ ਵਿਚ 64, ਐਸਬੀਐਸ ਨਗਰ ਵਿਚ 79, ਫ਼ਰੀਦਕੋਟ ਵਿਚ 81, ਮੋਗਾ ਵਿਚ 81, ਮੁਕਤਸਰ ਵਿਚ 84, ਤਰਨਤਾਰਨ ਵਿਚ 89 ਅਤੇ ਕਪੂਰਥਲਾ ਵਿਚ 99 ਕੋਵਿਡ ਟੈਸਟ ਕੀਤੇ ਗਏ ਹਨ।
ਇਹ ਵੀ ਪੜ੍ਹੋ : Maghi Mela Muktsar 2023: ਇਤਿਹਾਸਕ ਗੁਰਦੁਆਰਿਆਂ ਦਾ ਸੰਗਮ 'ਮੇਲਾ ਮਾਘੀ'
ਕੋਵਿਡ ਦੇ ਸਭ ਤੋਂ ਵੱਧ ਟੈਸਟ ਜਲੰਧਰ 852, ਲੁਧਿਆਣਾ 813, ਅੰਮ੍ਰਿਤਸਰ 621, ਹੁਸ਼ਿਆਰਪੁਰ 442, ਬਠਿੰਡਾ 255, ਰੋਪੜ 219, ਫ਼ਿਰੋਜ਼ਪੁਰ 212, ਗੁਰਦਾਸਪੁਰ 208, ਸੰਗਰੂਰ 207, ਫਤਿਹਗੜ੍ਹ ਸਾਹਿਬ 180, SAS ਨਗਰ ਵਿਚ 175 ਅਤੇ ਪਟਿਆਲਾ ਵਿਚ 163 ਕੋਵਿਡ ਟੈਸਟ ਕੀਤੇ ਗਏ ਹਨ।
- PTC NEWS