ਗਗਨਦੀਪ ਸਿੰਘ ਅਹੂਜਾ, 18 ਨਵੰਬਰ: ਕਿਸਾਨਾਂ ਨੂੰ ਰਸਾਇਣਿਕ ਖਾਦ ਖਰੀਦਣ ਸਮੇਂ ਡੀਲਰਾਂ ਵੱਲੋਂ ਧੱਕੇ ਨਾਲ ਦਿੱਤੇ ਜਾਂਦੇ ਕੰਪਨੀ ਦੇ ਹੋਰ ਉਤਪਾਦਾਂ ਨੂੰ ਵੇਚਣ 'ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਗਈ ਹੈ। ਨਵੀਂ ਦਿੱਲੀ ਸਥਿਤ ਕੇਂਦਰੀ ਖਾਦ ਵਿਭਾਗ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਕਿਹਾ ਗਿਆ ਕਿ ਭਾਰਤ ਸਰਕਾਰ ਨੇ ਖਾਦਾਂ ਨਾਲ ‘ਟੈਗਿੰਗ’ ਕਰਕੇ ਹੋਰ ਉਤਪਾਦ ਵੇਚਣ ਨੂੰ ਗੈਰ-ਕਨੂੰਨੀ ਕਰਾਰ ਦਿੰਦੇ ਹੋਏ ਇਸ ਵਪਾਰਕ ਅਭਿਆਸ (ਬਿਜ਼ਨਸ ਪ੍ਰੈਕਟਿਸ) ’ਤੇ ਪੂਰਨ ਤੌਰ ’ਤੇ ਰੋਕ ਲਗਾ ਦਿੱਤੀ ਹੈ। ਭਾਰਤ ਸਰਕਾਰ ਦੇ ਰਸਾਇਣ ਤੇ ਖਾਦ ਮੰਤਰਾਲੇ ਦੇ ਸੰਯੁਕਤ ਸਕੱਤਰ ਨੇ ਸਾਰੀ ਖਾਦ ਨਿਰਮਾਤਾ ਕੰਪਨੀਆਂ ਦੇ ਮੁਖੀਆਂ ਨੂੰ ਪੱਤਰ ਲਿਖ ਕੇ ਇਸ ਪ੍ਰਕਾਰ ਖਾਦਾਂ ਨਾਲ ਹੋਰ ਉਤਪਾਦ ਵੇਚਣ ਨੂੰ ਗੈਰ ਕਾਨੂੰਨੀ ਕਰਾਰ ਦਿੰਦੇ ਹੋਏ, ਇਸ ਕੰਮ ’ਤੇ ਤੁਰੰਤ ਰੋਕ ਲਗਾਉਣ ਦਾ ਹੁਕਮ ਜਾਰੀ ਕੀਤਾ ਹੈ। ਆਪਣੇ ਹੁਕਮ ਵਿੱਚ ਉਨਾਂ ਕਿਹਾ ਹੈ ਕਿ ਇਹ ਰੁਝਾਨ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ। ਬਿਆਨ ਵਿੱਚ ਕਿਹਾ ਗਿਆ ਕਿ ਖੇਤੀ ਖਰਚਾ ਘਟਾਉਣ ਲਈ ਸਰਕਾਰ ਵੱਲੋਂ ਕਿਸਾਨਾਂ ਨੂੰ ਖਾਦਾਂ ਉੱਪਰ ਭਾਰੀ ਸਬਸੀਡੀ ਦਿੱਤੀ ਜਾਂਦੀ ਹੈ ਪਰ ਕੰਪਨੀਆਂ ਦੀ ਇਹ ਵਪਾਰਕ ਅਭਿਆਸ ਮੁੜ ਤੋਂ ਕਿਸਾਨਾਂ ਦੇ ਖਰਚੇ ਵਿਚ ਵਾਧਾ ਕਰਦਾ ਹੈ। ਇਸ ਲਈ ਇਸਨੂੰ ਤੁਰੰਤ ਬੰਦ ਕਰਨ ਦੀ ਹਦਾਇਤ ਕੀਤੀ ਗਈ ਹੈ। ਬਿਆਨ ਵਿੱਚ ਚਿਤਾਵਨੀ ਦਿੰਦਿਆਂ ਕਿਹਾ ਗਿਆ ਕਿ ਜੇਕਰ 'ਟੈਗਿੰਗ' ਰਾਹੀਂ ਵਾਧੂ ਉਤਪਾਦ ਵੇਚਣ ਦਾ ਮਾਮਲਾ ਮੰਤਰਾਲੇ ਦੇ ਧਿਆਨ ਵਿੱਚ ਆਉਂਦਾ ਹੈ ਤਾਂ ਸਬੰਧਿਤ ਕੰਪਨੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।