Wife Murder : ਖੰਨਾ 'ਚ ਖੌਫ਼ਨਾਕ ਵਾਰਦਾਤ ! ਸਨਕੀ ਪਤੀ ਨੇ ਬਰਫ਼ ਵਾਲੇ ਸੂਏ ਨਾਲ ਪਤਨੀ ਦਾ ਬੇਰਹਿਮੀ ਨਾਲ ਕੀਤਾ ਕਤਲ
Husband Killed Wife in Khanna : ਲੁਧਿਆਣਾ ਜ਼ਿਲ੍ਹੇ ਦੇ ਖੰਨਾ ਵਿੱਚ ਇੱਕ ਬਹੁਤ ਹੀ ਖੌਫ਼ਨਾਕ ਵਾਰਦਾਤ ਵਾਪਰੀ ਹੈ। ਪਿੰਡ ਅਲੋੜ 'ਚ ਇੱਕ ਸਨਕੀ ਪਤੀ ਵੱਲੋਂ ਆਪਣੀ ਪਤਨੀ ਦਾ ਬਰਫ਼ ਵਾਲੇ ਸੂਏ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ। ਘਟਨਾ 16 ਜਨਵਰੀ ਦੀ ਦੱਸੀ ਜਾ ਰਹੀ ਹੈ, ਜਿਸ ਪਿੱਛੋਂ ਪਤਨੀ ਚੰਡੀਗੜ੍ਹ ਪੀਜੀਆਈ 'ਚ ਦਾਖਲ ਸੀ, ਜਿਸ ਦੀ ਐਤਵਾਰ ਨੂੰ ਮੌਤ ਹੋ ਗਈ।
ਥਾਣਾ ਸਦਰ ਖੰਨਾ ਦੇ ਐਸ.ਐਚ.ਓ ਸੁਖਵਿੰਦਰ ਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਅਲੌੜ ਵਿੱਚ ਇੱਕ ਵਿਅਕਤੀ ਨੇ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਪੁਲਿਸ ਅਨੁਸਾਰ ਮੁਲਜ਼ਮ ਨੇ ਪਹਿਲਾਂ ਆਪਣੀ ਪਤਨੀ ਨੂੰ ਕਮਰੇ 'ਚ ਬੰਦ ਕਰ ਦਿੱਤਾ ਸੀ ਅਤੇ ਫਿਰ ਬਰਫ਼ ਵਾਲੇ ਸੂਏ (ਤਿੱਖੇ ਹਥਿਆਰ) ਨਾਲ ਉਸ ਨੇ ਸਿਰ, ਅੱਖਾਂ ਅਤੇ ਪੇਟ ਵਿਚ ਇਕ ਤੋਂ ਬਾਅਦ ਇਕ ਕਈ ਵਾਰ ਕੀਤੇ।
ਪੁਲਿਸ ਨੇ ਦੱਸਿਆ ਕਿ ਇੱਥੇ ਹੀ ਬੱਸ ਨਹੀਂ ਮੁਲਜ਼ਮ ਨੇ ਲੋਹੇ ਦੀ ਰਾਡ ਨਾਲ ਹਮਲਾ ਕਰਕੇ ਦੋਵੇਂ ਲੱਤਾਂ ਵੀ ਤੋੜ ਦਿੱਤੀਆਂ ਸਨ। ਜਾਣਕਾਰੀ ਅਨੁਸਾਰ ਘਟਨਾ 16 ਜਨਵਰੀ ਦੀ ਹੈ, ਜਦੋਂ ਮੁਲਜ਼ਮ ਨੇ ਆਪਣੀ ਪਤਨੀ ਦਾ ਬੇਰਹਿਮੀ ਨਾਲ ਲਹੂ-ਲੁਹਾਨ ਕਰਕੇ ਅੱਧਮੋਇਆ ਕਰ ਦਿੱਤਾ।
ਪੀੜਤ ਔਰਤ ਨੂੰ ਪਹਿਲਾਂ ਸਿਵਲ ਹਸਪਤਾਲ ਖੰਨਾ ਵਿਖੇ ਦਾਖਲ ਕਰਵਾਇਆ ਗਿਆ ਸੀ, ਜਿਥੋਂ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ ਸੀ। ਹੁਣ 18 ਜਨਵਰੀ ਨੂੰ ਚੰਡੀਗੜ੍ਹ ਦੇ ਸੈਕਟਰ 32 ਸਥਿਤ ਸਰਕਾਰੀ ਹਸਪਤਾਲ ਵਿੱਚ ਇਲਾਜ ਦੌਰਾਨ ਔਰਤ ਦੀ ਮੌਤ ਹੋ ਗਈ ਸੀ। ਮ੍ਰਿਤਕਾ ਦੀ ਪਹਿਚਾਣ 43 ਸਾਲਾ ਪਰਮਜੀਤ ਕੌਰ ਪੰਮੀ ਵਜੋਂ ਹੋਈ ਹੈ, ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਮੁਲਜ਼ਮ ਪਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
- PTC NEWS