Ludhiana By Election : ਲੁਧਿਆਣਾ ਪੱਛਮੀ ਸੀਟ ਤੋਂ ਹੌਬੀ ਧਾਲੀਵਾਲ ਦੇ ਜ਼ਿਮਨੀ ਚੋਣ ਲੜਨ ਦੀ ਚਰਚਾ, ਅਦਾਕਾਰ ਬੋਲੇ - ਜੇਕਰ ਭਾਜਪਾ ਮੌਕਾ ਦੇਵੇਗੀ ਤਾਂ ਮੈਂ ਜ਼ਰੂਰ ਚੋਣ ਲੜਾਂਗਾ
Ludhiana By Election : ਲੁਧਿਆਣਾ ਪੱਛਮੀ ਸੀਟ ਲਈ ਜ਼ਿਮਨੀ ਚੋਣ ਦਾ ਐਲਾਨ ਜਲਦੀ ਹੀ ਹੋਣ ਜਾ ਰਿਹਾ ਹੈ। ਇਸ ਚੋਣ ਵਿੱਚ ਆਮ ਆਦਮੀ ਪਾਰਟੀ ਨੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਕਾਂਗਰਸ ਵੱਲੋਂ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਚੋਣ ਲੜ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਨੇ ਅਜੇ ਤੱਕ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ। ਇਸ ਦੌਰਾਨ ਭਾਜਪਾ ਵੱਲੋਂ ਪੰਜਾਬੀ ਅਦਾਕਾਰ ਅਤੇ ਭਾਜਪਾ ਨੇਤਾ ਕਮਲਦੀਪ ਸਿੰਘ ਉਰਫ ਹੌਬੀ ਧਾਲੀਵਾਲ ਦੇ ਨਾਮ 'ਤੇ ਚਰਚਾ ਸ਼ੁਰੂ ਹੋ ਗਈ ਹੈ।
ਇਸ ਸਬੰਧੀ ਜਦੋਂ ਪੀਟੀਸੀ ਨਿਊਜ਼ ਦੇ ਪੱਤਰਕਾਰ ਨੇ ਹੌਬੀ ਧਾਲੀਵਾਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਚੋਣ ਲੜਨ ਦਾ ਦਾਅਵਾ ਪ੍ਰਗਟ ਕੀਤਾ ਹੈ। ਹੌਬੀ ਧਾਲੀਵਾਲ ਨੇ ਕਿਹਾ ਕਿ ਜੇਕਰ ਪਾਰਟੀ ਉਨ੍ਹਾਂ ਨੂੰ ਟਿਕਟ ਦਿੰਦੀ ਹੈ ਤਾਂ ਉਹ ਜ਼ਰੂਰ ਚੋਣ ਲੜਨਗੇ। ਉਨ੍ਹਾਂ ਨੇ ਦੱਸਿਆ ਕਿ ਸਾਥੋਂ ਦਾਅਵੇਦਾਰੀਆਂ ਲਈਆਂ ਗਈਆਂ ਹਨ,ਓਹਦੇ ਵਿੱਚ ਜਿਥੇ ਹੋਰ ਵਰਕਰ ਹਨ , ਓਥੇ ਮੈਂ ਵੀ ਦਾਅਵੇਦਾਰ ਹਾਂ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਪਾਰਟੀ ਨੇ ਕਿਸੇ ਹੋਰ ਨੂੰ ਟਿਕਟ ਦੇ ਦਿੱਤੀ ਤਾਂ ਉਸ ਲਈ ਚੋਣ ਪ੍ਰਚਾਰ ਕਰਨਗੇ।
ਦੱਸ ਦੇਈਏ ਕਿ ਅਦਾਕਾਰ ਹੌਬੀ ਧਾਲੀਵਾਲ ਨੇ ਲੋਕ ਸਭਾ ਚੋਣਾਂ ਦੌਰਾਨ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਸੀ। ਹੌਬੀ ਧਾਲੀਵਾਲ ਭਾਜਪਾ ਵਿੱਚ ਇੱਕ ਸਰਗਰਮ ਆਗੂ ਹੈ। ਹਾਲ ਹੀ ਵਿੱਚ ਧਾਲੀਵਾਲ ਨੇ ਪੱਛਮੀ ਸੀਟ ਦੇ ਚੋਣ ਨਿਗਰਾਨ ਨਰਿੰਦਰ ਸਿੰਘ ਰੈਨਾ ਨਾਲ ਵੀ ਮੁਲਾਕਾਤ ਕੀਤੀ ਹੈ। ਧਾਲੀਵਾਲ ਅਨੁਸਾਰ ਦੇਸ਼ ਵਿੱਚ ਜਿੱਥੇ ਵੀ ਪਾਰਟੀ ਉਨ੍ਹਾਂ ਨੂੰ ਚੋਣ ਲੜਨ ਲਈ ਕਹੇਗੀ, ਉੱਥੋਂ ਚੋਣ ਲੜਨ ਲਈ ਤਿਆਰ ਹਨ।
ਕੌਣ ਹੈ ਹੌਬੀ ਧਾਲੀਵਾਲ ?
ਕਮਲਦੀਪ ਸਿੰਘ ਹੌਬੀ ਧਾਲੀਵਾਲ ਇੱਕ ਅਦਾਕਾਰ ਅਤੇ ਸਿਆਸਤਦਾਨ ਵੀ ਹਨ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2012 ਵਿੱਚ ਪਹਿਲੀ ਫ਼ਿਲਮ ਬੁਰਾਹ ਨਾਲ ਕੀਤੀ। ਅੰਗਰੇਜ਼ (2015), ਲਾਹੌਰੀਏ (2017) ਅਤੇ ਅਰਦਾਸ ਕਰਾਂ (2019)। ਹੌਬੀ ਧਾਲੀਵਾਲ ਦਾ ਜਨਮ ਸੰਗਰੂਰ ਵਿੱਚ ਹੋਇਆ ਸੀ। ਉਨ੍ਹਾਂ ਨੇ ਪਟਿਆਲਾ ਦੇ ਇੱਕ ਸਰਕਾਰੀ ਸਕੂਲ ਵਿੱਚ ਪੜ੍ਹਾਈ ਕੀਤੀ ਅਤੇ ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਤੋਂ ਗ੍ਰੈਜੂਏਸ਼ਨ ਕੀਤੀ। ਹੌਬੀ ਧਾਲੀਵਾਲ ਨੇ ਫੈਸ਼ਨ ਡਿਜ਼ਾਈਨਰ ਲਿਲੀ ਧਾਲੀਵਾਲ ਨਾਲ ਵਿਆਹ ਕਰਵਾਇਆ ਹੈ। ਹੌਬੀ ਦੇ ਦੋ ਬੱਚੇ ਹਨ।
- PTC NEWS