Himachal Bandh : ਹਿੰਦੂ ਸੰਗਠਨਾਂ ਨੇ ਹਿਮਾਚਲ ਬੰਦ ਦਾ ਦਿੱਤਾ ਸੱਦਾ; 2 ਘੰਟੇ ਦੁਕਾਨਾਂ ਬੰਦ ਰੱਖਣ ਦੀ ਕੀਤੀ ਅਪੀਲ
Himachal Bandh : ਹਿਮਾਚਲ ਪ੍ਰਦੇਸ਼ 'ਚ ਪ੍ਰਦਰਸ਼ਨਾਂ ਦਰਮਿਆਨ ਪਹਾੜੀ ਸੂਬੇ 'ਚ ਇਕ ਵਾਰ ਫਿਰ ਸ਼ਾਂਤੀ ਬਹਾਲ ਹੁੰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਹਿੰਦੂ ਸੰਗਠਨਾਂ ਵੱਲੋਂ 14 ਸਤੰਬਰ ਨੂੰ ਹਿਮਾਚਲ ਬੰਦ ਦਾ ਸੱਦਾ ਦਿੱਤਾ ਗਿਆ ਹੈ। ਹਿੰਦੂ ਸੰਗਠਨਾਂ ਨੇ 14 ਸਤੰਬਰ ਨੂੰ 2 ਘੰਟੇ ਲਈ ਹਿਮਾਚਲ ਬੰਦ ਦਾ ਸੱਦਾ ਦਿੱਤਾ ਹੈ।
ਹਿੰਦੂ ਸੰਗਠਨ ਦੇ ਨੇਤਾ ਕਮਲ ਗੌਤਮ ਨੇ ਸਾਰੇ ਵਪਾਰੀਆਂ ਨੂੰ ਦੁਪਹਿਰ 1.30 ਵਜੇ ਤੱਕ ਆਪਣੀਆਂ ਦੁਕਾਨਾਂ ਬੰਦ ਰੱਖਣ ਦੀ ਅਪੀਲ ਕੀਤੀ ਹੈ। ਦਰਅਸਲ, ਸ਼ਿਮਲਾ ਦੇ ਸੰਜੌਲੀ 'ਚ ਪ੍ਰਦਰਸ਼ਨਕਾਰੀਆਂ 'ਤੇ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ਦੇ ਖਿਲਾਫ ਹਿੰਦੂ ਸੰਗਠਨਾਂ ਵੱਲੋਂ ਇਹ ਬੰਦ ਦਾ ਸੱਦਾ ਦਿੱਤਾ ਗਿਆ ਹੈ। ਨਾਲ ਹੀ ਹਿੰਦੂ ਸੰਗਠਨਾਂ ਨੇ ਵੱਖ-ਵੱਖ ਸੂਬਿਆਂ 'ਚ ਵੱਖ-ਵੱਖ ਥਾਵਾਂ 'ਤੇ ਪ੍ਰਦਰਸ਼ਨ ਕਰਨ ਦੀ ਚਿਤਾਵਨੀ ਦਿੱਤੀ ਹੈ।
14 ਸਤੰਬਰ ਨੂੰ ਹਿਮਾਚਲ ਪ੍ਰਦੇਸ਼ ਬੰਦ ਦਾ ਸੱਦਾ
ਦਰਅਸਲ ਸੰਜੌਲੀ 'ਚ ਹਿੰਦੂ ਜਾਗਰਣ ਮੰਚ ਦੇ ਸਾਬਕਾ ਸੂਬਾ ਮੰਤਰੀ ਅਤੇ ਅੰਦੋਲਨ ਦੇ ਮੁੱਖ ਚਿਹਰੇ ਗੌਤਮ ਨੇ ਕਿਹਾ ਕਿ ਸੰਜੌਲੀ 'ਚ ਪ੍ਰਦਰਸ਼ਨਕਾਰੀਆਂ ਨਾਲ ਪੁਲਿਸ ਨੇ ਬੇਰਹਿਮੀ ਵਾਲਾ ਵਿਵਹਾਰ ਕੀਤਾ ਹੈ। ਪੁਲਿਸ ਨੇ ਪ੍ਰਦਰਸ਼ਨਕਾਰੀਆਂ 'ਤੇ ਗੋਲੀਆਂ ਚਲਾ ਦਿੱਤੀਆਂ। ਇਸ ਦੇ ਵਿਰੋਧ ਵਿੱਚ ਹੁਣ 14 ਸਤੰਬਰ ਨੂੰ ਬੰਦ ਦਾ ਸੱਦਾ ਦਿੱਤਾ ਗਿਆ ਹੈ। ਕਮਲ ਗੌਤਮ ਨੇ ਵਪਾਰੀਆਂ ਨੂੰ ਅਪੀਲ ਕੀਤੀ ਕਿ 14 ਸਤੰਬਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1.30 ਵਜੇ ਤੱਕ ਦੁਕਾਨਾਂ ਬੰਦ ਰੱਖ ਕੇ ਆਪਣਾ ਵਿਰੋਧ ਦਰਜ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਵਪਾਰੀਆਂ ਨੂੰ ਪ੍ਰਸ਼ਾਸਨ ਨੂੰ ਦੱਸਣ ਦੀ ਲੋੜ ਹੈ ਕਿ ਜੇਕਰ ਹਿੰਦੂਆਂ ਨਾਲ ਕਿਸੇ ਵੀ ਤਰ੍ਹਾਂ ਨਾਲ ਬਦਸਲੂਕੀ ਕੀਤੀ ਜਾਂਦੀ ਹੈ, ਤਾਂ ਹਿੰਦੂਆਂ ਦੁਆਰਾ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
11 ਸਤੰਬਰ ਨੂੰ ਕੀ ਹੋਇਆ?
ਦੱਸ ਦਈਏ ਕਿ ਇਸ ਤੋਂ ਪਹਿਲਾਂ 11 ਸਤੰਬਰ ਦੀ ਸਵੇਰ ਨੂੰ ਸੰਜੌਲੀ 'ਚ ਵੱਡੀ ਗਿਣਤੀ 'ਚ ਪ੍ਰਦਰਸ਼ਨਕਾਰੀ ਇਕੱਠੇ ਹੋਏ ਸਨ ਅਤੇ ਸਥਿਤੀ ਨੂੰ ਦੇਖਦੇ ਹੋਏ ਸ਼ਿਮਲਾ ਜ਼ਿਲਾ ਪ੍ਰਸ਼ਾਸਨ ਨੇ ਧਾਰਾ 163 ਲਾਗੂ ਕਰ ਦਿੱਤੀ ਸੀ। ਇਸ ਤਹਿਤ ਪੰਜ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ 'ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਦੇ ਬਾਵਜੂਦ ਸੰਜੌਲੀ ਵਿੱਚ ਵੱਡੀ ਗਿਣਤੀ ਵਿੱਚ ਪ੍ਰਦਰਸ਼ਨਕਾਰੀ ਇਕੱਠੇ ਹੋ ਗਏ। ਇਸ ਤੋਂ ਬਾਅਦ ਪ੍ਰਦਰਸ਼ਨਕਾਰੀ ਢਾਲੀ ਸੁਰੰਗ ਤੋਂ ਬੈਰੀਕੇਡ ਤੋੜ ਕੇ ਸੰਜੌਲੀ ਵੱਲ ਪੁੱਜੇ। ਇਸ ਦੌਰਾਨ ਪੁਲਿਸ ਨੇ ਪ੍ਰਦਰਸ਼ਨਕਾਰੀਆਂ 'ਤੇ ਲਾਠੀਚਾਰਜ ਕੀਤਾ ਅਤੇ ਜਲ ਤੋਪਾਂ ਦੀ ਵਰਤੋਂ ਕੀਤੀ। ਇਸ ਦੇ ਵਿਰੋਧ ਵਿੱਚ ਪ੍ਰਦਰਸ਼ਨਕਾਰੀਆਂ ਨੇ ਪੁਲੀਸ ਮੁਲਾਜ਼ਮਾਂ ’ਤੇ ਪਥਰਾਅ ਕੀਤਾ।
ਇਹ ਵੀ ਪੜ੍ਹੋ : 2 Soldiers Martyred : ਜੰਮੂ-ਕਸ਼ਮੀਰ ਦੇ ਕਿਸ਼ਤਵਾੜ 'ਚ ਮੁੱਠਭੇੜ; 2 ਜਵਾਨ ਸ਼ਹੀਦ, 2 ਜ਼ਖਮੀ
- PTC NEWS