Lawrence Interview Case : ਰਿਟਾਇਰ ਹੋਣ ਤੋਂ ਬਾਅਦ ਵੀ ਲਾਰੈਂਸ ਕੇਸ ਦੀ ਜਾਂਚ ਜਾਰੀ ਰੱਖਣਗੇ ਡੀਜੀਪੀ ਪ੍ਰਬੋਧ ਕੁਮਾਰ, ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਦਿੱਤੇ ਹੁਕਮ
Lawrence Bishnoi Interview Case : ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ 'ਚ ਪੰਜਾਬ-ਹਰਿਆਣਾ ਹਾਈਕੋਰਟ ਨੇ ਹੁਕਮ ਦਿੱਤੇ ਹਨ ਕਿ ਡੀਜੀਪੀ ਪ੍ਰਬੋਧ ਕੁਮਾਰ ਹੀ ਇਸ ਕੇਸ ਦੀ ਅੱਗੇ ਜਾਂਚ ਜਾਰੀ ਰੱਖਣਗੇ, ਜਿਸ 'ਤੇ ਡੀਜੀਪੀ ਨੇ ਵੀ ਆਪਣੀ ਸਹਿਮਤੀ ਦੇ ਦਿੱਤੀ ਹੈ।
ਇਸਤੋਂ ਪਹਿਲਾਂ ਗੈਂਗਸਟਰ ਲਾਰੈਂਸ ਬਿਸ਼ਨੋਈ ਮਾਮਲੇ 'ਚ ਵੀਰਵਾਰ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਹਾਈਕੋਰਟ ਨੂੰ ਦੱਸਿਆ ਕਿ ਉਸ ਕੋਲ ਸਿਰਫ਼ ਇੱਕ ਹੀ ਡੀਜੀਪੀ ਕੇਂਦਰ ਸਰਕਾਰ ਦਾ ਇੰਪੈਨਲ ਹੈ, ਜਦਕਿ ਬਾਕੀ ਏਡੀਜੀਪੀ ਦੇ ਤੌਰ 'ਤੇ ਇੰਪੈਨਲ ਹਨ।
ਹਾਈਕੋਰਟ ਨੇ ਕਿਹਾ ਕਿ ਡੀਜੀਪੀ ਪ੍ਰਬੋਧ ਕੁਮਾਰ ਨੇ ਹੁਣ ਤੱਕ ਸ਼ਾਨਦਾਰ ਜਾਂਚ ਕੀਤੀ ਹੈ, ਕਿਉਂ ਨਾ ਉਹ ਹੀ ਜਾਂਚ ਜਾਰੀ ਰੱਖਣ। ਸੁਣਵਾਈ ਦੌਰਾਨ ਹਾਈਕੋਰਟ ਨੇ ਇੱਕ ਵਾਰ ਮੁੜ ਸਰਕਾਰ ਵੱਲੋਂ ਬਣਾਈ ਕਮੇਟੀ 'ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਕਮੇਟੀ ਨੇ 9 ਮਹੀਨਿਆਂ 'ਚ ਕੁਝ ਨਹੀਂ ਕੀਤਾ। ਪਰ ਪ੍ਰਬੋਧ ਕੁਮਾਰ ਨੂੰ ਚਾਰ-ਪੰਜ ਮਹੀਨਿਆਂ ਵਿੱਚ ਪਤਾ ਲੱਗ ਗਿਆ ਕਿ ਇਹ ਇੰਟਰਵਿਊ ਕਿੱਥੇ ਤੇ ਕਦੋਂ ਹੋਈ।
ਡੀਜੀਪੀ ਗੌਰਵ ਯਾਦਵ ਦੇ ਬਿਆਨ 'ਤੇ ਸਵਾਲ ?
ਹਾਈਕੋਰਟ ਨੇ ਇੱਕ ਵਾਰ ਫਿਰ ਡੀਜੀਪੀ ਗੌਰਵ ਯਾਦਵ ਦੇ ਬਿਆਨ 'ਤੇ ਸਵਾਲ ਖੜ੍ਹੇ ਕੀਤੇ, ਕਿ ਕਿਵੇਂ ਇੱਕ ਡੀਜੀਪੀ ਨੇ ਇਨਕਾਰ ਕੀਤਾ ਕਿ ਇੰਟਰਵਿਊ ਪੰਜਾਬ ਵਿੱਚ ਨਹੀਂ ਹੋਈ?
ਹਾਈ ਕੋਰਟ ਨੇ ਕਿਹਾ ਕਿ ਡੀਜੀਪੀ ਪ੍ਰਬੋਧ ਕੁਮਾਰ ਨੂੰ ਹੀ ਅੱਗੇ ਜਾਂਚ ਜਾਰੀ ਰੱਖਣ ਦਾ ਸੁਝਾਅ ਦਿੱਤਾ ਗਿਆ ਸੀ। ਅਦਾਲਤ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਪੂਰੀ ਸੁਰੱਖਿਆ ਦਿੱਤੀ ਜਾਵੇਗੀ ਅਤੇ ਸਰਕਾਰ ਉਨ੍ਹਾਂ ਨੂੰ ਪੂਰਾ ਸਟਾਫ ਵੀ ਮੁਹੱਈਆ ਕਰਵਾਏਗੀ। ਉਨ੍ਹਾਂ ਨੂੰ ਕਿੰਨੀ ਰਾਸ਼ੀ ਦਿੱਤੀ ਜਾਵੇਗੀ, ਇਹ ਵੀ ਤੈਅ ਕੀਤਾ ਜਾਵੇਗਾ।
ਸੁਣਵਾਈ ਦੌਰਾਨ ਡੀਜੀਪੀ ਪ੍ਰਬੋਧ ਕੁਮਾਰ, ਵੀਸੀ ਰਾਹੀਂ ਜੁੜੇ ਸਨ, ਜਿਨ੍ਹਾਂ ਨੇ ਮਾਮਲੇ ਦੀ ਜਾਂਚ ਅੱਗੇ ਜਾਰੀ ਰੱਖਣ ਲਈ ਹਾਮੀ ਭਰੀ ਹੈ।
ਡੀਜੀਪੀ ਨੂੰ ਜਾਂਚ ਲਈ ਹਾਈਕੋਰਟ ਤੋਂ ਖੁੱਲ੍ਹੀ ਛੋਟ, ਮਿਲੇਗੀ ਇਹ ਤਨਖਾਹ
ਹਾਈਕੋਰਟ ਨੇ ਸੁਣਵਾਈ ਦੌਰਾਨ ਡੀਜੀਪੀ ਪ੍ਰਬੋਧ ਕੁਮਾਰ ਨੂੰ ਡੇਢ ਲੱਖ ਰੁਪਏ ਮਹੀਨਾ ਆਨਰੀਅਮ ਦੇਣ ਦੀ ਗੱਲ ਕਹੀ ਹੈ। ਇਸ ਦੇ ਨਾਲ ਹੀ ਡੀਜੀਪੀ ਨੂੰ ਜਾਂਚ ਲਈ ਖੁੱਲ੍ਹੀ ਛੋਟ ਦਿੰਦਿਆਂ ਕਿਹਾ ਕਿ ਉਹ ਜਿਹੜੇ ਵੀ ਐਂਗਲ ਤੋਂ ਜਾਂਚ ਕਰਨਾ ਚਾਹੁੰਦੇ ਹਨ, ਕਰ ਸਕਦੇ ਹਨ। ਇੰਟਰਵਿਊ ਮਾਮਲੇ 'ਚ ਏਜੀਟੀਵੀ ਦੇ ਐਂਗਲ ਤੋਂ ਵੀ ਜਾਂਚ ਕਰ ਸਕਦੇ ਹਨ।
- PTC NEWS