ਭਾਰੀ ਮੀਂਹ, ਹਨੇਰੀ ਤੇ ਗੜ੍ਹੇਮਾਰੀ ਦੀ ਪੇਸ਼ੀਨਗੋਈ, ਦਿੱਲੀ 'ਚ ਸੀਤ ਲਹਿਰ ਦਾ ਕਹਿਰ
ਨਵੀਂ ਦਿੱਲੀ : ਐਨਸੀਆਰ ਸਮੇਤ ਉੱਤਰ-ਪੱਛਮੀ ਭਾਰਤ ਨੂੰ ਅਜੇ ਕੜਾਕੇ ਦੀ ਠੰਢ ਤੋਂ ਰਾਹਤ ਮਿਲਣੀ ਸ਼ੁਰੂ ਹੀ ਹੋਈ ਸੀ ਕਿ ਹੁਣ ਇਸ ਹਫ਼ਤੇ ਦੇ ਅੰਤ ਵਿੱਚ ਭਾਰੀ ਮੀਂਹ, ਹਨੇਰੀ ਅਤੇ ਗੜ੍ਹੇ ਪੈਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ ਪਰ ਮੰਗਲਵਾਰ ਨੂੰ ਧੁੱਪ ਨਿਕਲਣ ਨਾਲ ਲੋਕਾਂ ਨੂੰ ਦਿਨ ਵੇਲੇ ਰਾਹਤ ਮਿਲੀ। ਮੰਗਲਵਾਰ ਨੂੰ ਦਿੱਲੀ ਦਾ ਘੱਟੋ-ਘੱਟ ਤਾਪਮਾਨ 2.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਦੱਸਿਆ ਕਿ 23 ਅਤੇ 24 ਜਨਵਰੀ ਨੂੰ ਪੱਛਮੀ ਉੱਤਰ ਪ੍ਰਦੇਸ਼, ਦਿੱਲੀ, ਹਰਿਆਣਾ, ਪੰਜਾਬ, ਉੱਤਰਾਖੰਡ, ਜੰਮੂ, ਹਿਮਾਚਲ ਪ੍ਰਦੇਸ਼ ਅਤੇ ਉੱਤਰੀ ਰਾਜਸਥਾਨ ਵਿੱਚ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।
ਪੱਛਮੀ ਗੜਬੜੀ ਸਰਗਰਮ ਹੋਣ ਕਾਰਨ 19 ਜਨਵਰੀ ਨੂੰ ਰਾਤ ਨੂੰ ਸੰਘਣੀ ਧੁੰਦ ਅਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਧੁੰਦ ਕਾਰਨ ਅੱਜ 6 ਟਰੇਨਾਂ ਦੇ ਦੇਰੀ ਨਾਲ ਚੱਲਣ ਦੀ ਵੀ ਖਬਰ ਹੈ। ਇਸ ਤੋਂ ਇਲਾਵਾ ਧੁੰਦ ਕਾਰਨ ਕਈ ਉਡਾਣਾਂ ਵੀ ਪ੍ਰਭਾਵਿਤ ਹੋਈਆਂ। 23 ਜਨਵਰੀ ਤੋਂ 25 ਜਨਵਰੀ ਤੱਕ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ਦੌਰਾਨ 30-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਤੇਜ਼ ਹਵਾਵਾਂ ਵੀ ਚੱਲਣਗੀਆਂ।
ਦਿੱਲੀ 'ਚ ਮੰਗਲਵਾਰ ਨੂੰ ਇਕ-ਦੋ ਇਲਾਕਿਆਂ 'ਚ ਸੀਤ ਲਹਿਰ ਦੇ ਹਾਲਾਤ ਦੇਖਣ ਨੂੰ ਮਿਲੇ। ਇਸ ਕਾਰਨ ਘੱਟੋ-ਘੱਟ ਤਾਪਮਾਨ 2.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਪੰਜ ਡਿਗਰੀ ਘੱਟ ਹੈ। ਸਭ ਤੋਂ ਠੰਡਾ ਇਲਾਕਾ ਲੋਦੀ ਰੋਡ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ 2.0, ਰਿੱਜ 2.2, ਜਾਫਰਪੁਰ 2.3, ਆਯਾ ਨਗਰ 2.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਗੁਰੂਗ੍ਰਾਮ ਵਿੱਚ 2.4, ਗਾਜ਼ੀਆਬਾਦ ਵਿੱਚ 5.7, ਨੋਇਡਾ ਵਿੱਚ ਤਿੰਨ ਡਿਗਰੀ ਦਰਜ ਕੀਤਾ ਗਿਆ।
ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ 22 ਜਨਵਰੀ ਨੂੰ ਪੰਜਾਬ ਵਿੱਚ ਹਲਕੀ ਬਾਰਿਸ਼ ਅਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। 23 ਤੋਂ 25 ਜਨਵਰੀ ਨੂੰ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਇਸ ਦੌਰਾਨ ਕਈ ਜ਼ਿਲ੍ਹਿਆਂ ਵਿੱਚ ਗੜੇਮਾਰੀ ਵੀ ਹੋ ਸਕਦੀ ਹੈ, ਜਦੋਂ ਕਿ ਕਈ ਜ਼ਿਲ੍ਹਿਆਂ ਵਿੱਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਅਤੇ ਕਈ ਜ਼ਿਲ੍ਹਿਆਂ ਵਿੱਚ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਨੇਰੀ ਚੱਲਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਸਰਹੱਦ 'ਤੇ ਮੁੜ ਡਰੋਨ ਦੀ ਹਲਚਲ, ਫਾਇਰਿੰਗ ਮਗਰੋਂ ਤਲਾਸ਼ੀ ਮੁਹਿੰਮ ਦੌਰਾਨ ਹਥਿਆਰਾਂ ਦੀ ਖੇਪ ਬਰਾਮਦ
ਕਾਬਿਲੇਗੌਰ ਹੈ ਕਿ ਮੌਸਮ ਕੇਂਦਰ ਚੰਡੀਗੜ੍ਹ ਅਨੁਸਾਰ ਮੰਗਲਵਾਰ ਨੂੰ ਬਠਿੰਡਾ ਅਤੇ ਫਰੀਦਕੋਟ ਵਿੱਚ ਘੱਟੋ-ਘੱਟ ਤਾਪਮਾਨ ਮਨਫ਼ੀ ਇੱਕ ਡਿਗਰੀ ਦਰਜ ਕੀਤਾ ਗਿਆ। ਜਦਕਿ ਰੂਪਨਗਰ ਵਿੱਚ ਘੱਟੋ-ਘੱਟ ਤਾਪਮਾਨ 0.1 ਡਿਗਰੀ, ਮੁਕਤਸਰ ਵਿੱਚ 0.4 ਡਿਗਰੀ, ਪਟਿਆਲਾ, ਮੋਗਾ, ਫ਼ਿਰੋਜ਼ਪੁਰ ਅਤੇ ਜਲੰਧਰ ਵਿੱਚ 0.6 ਡਿਗਰੀ, ਗੁਰਦਾਸਪੁਰ ਵਿੱਚ 0.8 ਡਿਗਰੀ ਦਰਜ ਕੀਤਾ ਗਿਆ। ਲੁਧਿਆਣਾ ਵਿੱਚ ਵੀ ਘੱਟੋ-ਘੱਟ ਤਾਪਮਾਨ 0.8 ਡਿਗਰੀ ਦਰਜ ਕੀਤਾ ਗਿਆ। ਅੰਮ੍ਰਿਤਸਰ ਵਿੱਚ ਘੱਟੋ-ਘੱਟ ਤਾਪਮਾਨ 1.4 ਡਿਗਰੀ ਅਤੇ ਬਰਨਾਲਾ ਵਿੱਚ 1.2 ਡਿਗਰੀ ਦਰਜ ਕੀਤਾ ਗਿਆ।
- PTC NEWS