Heavy Rain in Punjab : ਭਾਰੀ ਮੀਂਹ ਕਾਰਨ ਪੰਜਾਬ ਤੇ ਹਿਮਾਚਲ ਸਮੇਤ ਉਤਰੀ ਰਾਜਾਂ 'ਚ 30 ਲੋਕਾਂ ਦੀ ਮੌਤ, 8 ਲਾਪਤਾ
Heavy Rain in Punjab : ਉੱਤਰ ਭਾਰਤ ਵਿੱਚ ਦੋ ਦਿਨਾਂ ਦਰਮਿਆਨ ਭਾਰੀ ਮੀਂਹ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ। ਮੀਂਹ ਦਾ ਕਹਿਰ ਅਜਿਹਾ ਹੈ ਕਿ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਉਤਰਪ੍ਰਦੇਸ਼ ਵਿੱਚ ਹੁਣ ਤੱਕ 30 ਲੋਕਾਂ ਦੀ ਮੌਤ ਹੋ ਗਈ ਹੈ। ਚਾਰਾਂ ਰਾਜਾਂ 'ਚ ਮੀਂਹ ਕਾਰਨ ਘੱਟੋ-ਘੱਟ 4 ਲੋਕ ਅਜੇ ਵੀ ਲਾਪਤਾ ਹਨ।
ਐਤਵਾਰ ਨੂੰ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ਭਾਰੀ ਮੀਂਹ ਨੇ ਤਬਾਹੀ ਮਚਾਈ, ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ ਅਤੇ ਟ੍ਰੈਫਿਕ ਜਾਮ ਹੋ ਗਿਆ।
ਲੁਧਿਆਣਾ, ਅੰਮ੍ਰਿਤਸਰ ਅਤੇ ਪਟਿਆਲਾ ਵਿੱਚ ਕਈ ਥਾਵਾਂ ’ਤੇ ਪਾਣੀ ਭਰ ਗਿਆ। ਮੌਸਮ ਵਿਭਾਗ ਦੀ ਰਿਪੋਰਟ ਅਨੁਸਾਰ ਰੂਪਨਗਰ ਵਿੱਚ 64 ਮਿਲੀਮੀਟਰ, ਪਟਿਆਲਾ ਵਿੱਚ 62 ਮਿਲੀਮੀਟਰ, ਲੁਧਿਆਣਾ ਵਿੱਚ 57 ਮਿਲੀਮੀਟਰ, ਮੁਹਾਲੀ ਵਿੱਚ 32 ਮਿਲੀਮੀਟਰ, ਫਰੀਦਕੋਟ ਵਿੱਚ 6.5 ਮਿਲੀਮੀਟਰ, ਫਿਰੋਜ਼ਪੁਰ ਵਿੱਚ 5 ਮਿਲੀਮੀਟਰ ਅਤੇ ਪਠਾਨਕੋਟ ਅਤੇ ਅੰਮ੍ਰਿਤਸਰ ਵਿੱਚ 2-2 ਮਿਲੀਮੀਟਰ ਮੀਂਹ ਪਿਆ।
ਬਾਰਿਸ਼ ਕਾਰਨ ਪਟਿਆਲਾ ਵਿੱਚੋਂ ਲੰਘਣ ਵਾਲੇ ਘੱਗਰ, ਮਾਰਕੰਡਾ ਅਤੇ ਟਾਂਗਰੀ ਨਦੀਆਂ ਦੇ ਪਾਣੀ ਦੇ ਪੱਧਰ ਵਿੱਚ ਨਾਟਕੀ ਵਾਧਾ ਹੋਣ ਤੋਂ ਬਾਅਦ ਪ੍ਰਸ਼ਾਸਨ ਹਾਈ ਅਲਰਟ 'ਤੇ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮਾਰਕੰਡਾ ਨਦੀ 'ਚ ਪਾਣੀ ਦਾ ਪੱਧਰ 14 ਫੁੱਟ ਤੱਕ ਪਹੁੰਚ ਗਿਆ ਹੈ, ਜੋ ਕਿ ਖਤਰੇ ਦੇ ਨਿਸ਼ਾਨ ਤੋਂ 8 ਫੁੱਟ ਹੇਠਾਂ ਹੈ।
ਦੱਸ ਦਈਏ ਕਿ ਬੀਤੇ ਦਿਨ ਪੰਜਾਬ 'ਚ ਹੁਸ਼ਿਆਰਪੁਰ ਵਿਖੇ ਹਿਮਾਚਲ ਪ੍ਰਦੇਸ਼ ਦੇ ਇੱਕ ਪਰਿਵਾਰ ਦੀ ਇਨੋਵਾ ਗੱਡੀ ਦੇ ਹੜ੍ਹ 'ਚ ਰੁੜ੍ਹ ਜਾਣ ਕਾਰਨ 10 ਲੋਕਾਂ ਦੀ ਮੌਤ ਹੋ ਗਈ। ਦੱਸ ਦਈਏ ਕਿ ਗੱਡੀ 'ਚ ਇੱਕੋ ਪਰਿਵਾਰ ਦੇ 11 ਮੈਂਬਰ ਸਵਾਰ ਸਨ, ਜਿਨ੍ਹਾਂ ਵਿਚੋਂ ਇੱਕ ਨੂੰ ਹੀ ਰੈਸਕਿਊ ਕੀਤਾ ਜਾ ਸਕਿਆ। ਜਾਣਕਾਰੀ ਅਨੁਸਾਰ ਇਹ ਪਰਿਵਾਰਕ ਮੈਂਬਰ ਨਵਾਂਸ਼ਹਿਰ ਵਿਆਹ 'ਚ ਸ਼ਰੀਕ ਹੋਣ ਲਈ ਆ ਰਹੇ ਸਨ।
ਉਧਰ, ਹਿਮਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕਣ ਅਤੇ ਹੜ੍ਹਾਂ ਕਾਰਨ ਪਿਛਲੇ ਦੋ ਦਿਨਾਂ ਵਿੱਚ ਤਿੰਨ ਕੁੜੀਆਂ ਦੀ ਮੌਤ ਹੋ ਗਈ ਅਤੇ ਇੱਕ ਲਾਪਤਾ ਹੋ ਗਈ।
ਜ਼ਮੀਨ ਖਿਸਕਣ ਪਿੱਛੋਂ 280 ਤੋਂ ਵੱਧ ਹਾਈਵੇਅ ਬੰਦ ਕਰ ਦਿੱਤੇ ਗਏ। ਅਧਿਕਾਰੀਆਂ ਮੁਤਾਬਕ 458 ਬਿਜਲੀ ਅਤੇ 48 ਜਲ ਸਪਲਾਈ ਸਕੀਮਾਂ ਵਿਚ ਵਿਘਨ ਪਿਆ ਹੈ।
ਰਾਜਸਥਾਨ ਦੇ ਜੈਪੁਰ ਅਤੇ ਭਰਤਪੁਰ ਵਿੱਚ 17 ਮੌਤਾਂ
ਰਾਜਸਥਾਨ ਦੇ ਜੈਪੁਰ ਅਤੇ ਭਰਤਪੁਰ 'ਚ ਭਾਰ ਮੀਂਹ ਦੇ ਕਹਿਰ ਕਾਰਨ ਹੁਣ ਤੱਕ 17 ਮੌਤਾਂ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਪੰਜ ਲਾਪਤਾ ਹਨ। ਇਨ੍ਹਾਂ ਵਿੱਚ 5 ਨੌਜਵਾਨ ਜੈਪੁਰ ਦੇ ਕਨੋਟਾ ਡੈਮ ਵਿੱਚ ਨਹਾ ਰਹੇ ਸਨ।
ਭਰਤਪੁਰ 'ਚ ਬਾਂਗੰਗਾ ਨੇੜੇ ਰੀਲ ਬਣਾਉਣ ਸਮੇਂ ਸੱਤ ਨੌਜਵਾਨ ਜ਼ਮੀਨ ਖਿਸਕਣ ਕਾਰਨ ਨਦੀ 'ਚ ਡਿੱਗ ਗਏ, ਜਿਸ ਕਾਰਨ ਜ਼ਮੀਨ 'ਚ ਧਸ ਜਾਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਇਸੇ ਦੌਰਾਨ ਝੁੰਝੁਨੂ 'ਚ ਮੀਂਹ ਨਾਲ ਭਰੇ ਛੱਪੜ 'ਚ ਤਿੰਨ ਨੌਜਵਾਨਾਂ ਦੀ ਚਿੱਕੜ 'ਚ ਫਸ ਜਾਣ ਕਾਰਨ ਮੌਤ ਹੋ ਗਈ। ਕਰੌਲੀ ਜ਼ਿਲ੍ਹੇ ਵਿੱਚ ਜਿੱਥੇ ਐਤਵਾਰ ਨੂੰ 380 ਮਿਲੀਮੀਟਰ ਦੀ ਰਿਕਾਰਡ ਬਾਰਿਸ਼ ਨਾਲ ਹੜ੍ਹ ਵਰਗੇ ਹਾਲਾਤ ਸਨ, ਇੱਕ ਪਿਤਾ ਅਤੇ ਉਸਦੇ 10 ਸਾਲ ਦੇ ਪੁੱਤਰ ਦੀ ਮੌਤ ਹੋ ਗਈ, ਜਦੋਂ ਇੱਕ ਗੁਆਂਢੀ ਦੇ ਘਰ ਦਾ ਇੱਕ ਹਿੱਸਾ ਉਨ੍ਹਾਂ ਦੇ ਘਰ ਉੱਤੇ ਡਿੱਗ ਗਿਆ।
ਮੀਂਹ ਕਾਰਨ ਜੋਧਪੁਰ ਵਿੱਚ 5 ਲੋਕਾਂ ਦੀ ਮੌਤ ਹੋ ਗਈ, ਜਿਸ ਵਿੱਚ ਇੱਕ 17 ਸਾਲਾ ਨੌਜਵਾਨ ਵੀ ਸ਼ਾਮਲ ਹੈ।
ਉੱਤਰ ਪ੍ਰਦੇਸ਼ ਵਿੱਚ ਔਰਤ ਤੇ 7 ਸਾਲਾ ਬੱਚੇ ਦੀ ਮੌਤ
ਉੱਤਰ ਪ੍ਰਦੇਸ਼ ਦੇ ਜਾਲੌਨ 'ਚ ਭਾਰੀ ਮੀਂਹ ਤੋਂ ਬਾਅਦ ਜ਼ਿਲ੍ਹੇ ਲੇ ਦੇ ਕੋਚ ਇਲਾਕੇ 'ਚ ਘਰ ਦੀ ਛੱਤ ਡਿੱਗਣ ਨਾਲ ਇਕ ਔਰਤ ਅਤੇ ਉਸ ਦੇ 7 ਸਾਲਾ ਬੇਟੇ ਦੀ ਮੌਤ ਹੋ ਗਈ।
- PTC NEWS