Smartphone Effect : ਸਮਾਰਟਫੋਨ ਦੀ ਜ਼ਿਆਦਾ ਵਰਤੋਂ ਮਰਦਾਂ 'ਚ ਪੈਦਾ ਕਰ ਸਕਦੀ ਹੈ ਜਿਨਸੀ ਸਮੱਸਿਆ, ਜਾਣੋ ਕੀ ਕਹਿੰਦਾ ਹੈ ਅਧਿਐਨ
Smartphone Use Effect Sperm Quality : ਅੱਜਕੱਲ੍ਹ ਹਰ ਵਿਅਕਤੀ ਦੇ ਹੱਥ 'ਚ ਮੋਬਾਈਲ ਦੇਖਿਆ ਜਾਂਦਾ ਹੈ। ਸਮਾਰਟਫੋਨ ਦਾ ਕ੍ਰੇਜ਼ ਨੌਜਵਾਨਾਂ 'ਚ ਸਭ ਤੋਂ ਜ਼ਿਆਦਾ ਦੇਖਿਆ ਜਾ ਸਕਦਾ ਹੈ। ਮੈਟਰੋ, ਬੱਸ ਜਾਂ ਕੋਈ ਵੀ ਜਨਤਕ ਸਥਾਨ ਹੋਵੇ, ਜ਼ਿਆਦਾਤਰ ਨੌਜਵਾਨ ਆਪਣੇ ਫੋਨ 'ਤੇ ਵਿਅਸਤ ਨਜ਼ਰ ਆਉਂਦੇ ਹਨ। ਫ਼ੋਨ ਬਹੁਤ ਫਾਇਦੇਮੰਦ ਚੀਜ਼ ਹੈ ਅਤੇ ਇਸ ਨਾਲ ਘਰ 'ਚ ਕਈ ਕੰਮ ਕੀਤੇ ਜਾ ਸਕਦੇ ਹਨ ਪਰ ਇਸ ਦੀ ਜ਼ਿਆਦਾ ਵਰਤੋਂ ਸਿਹਤ ਲਈ ਬਹੁਤ ਨੁਕਸਾਨਦੇਹ ਹੋ ਸਕਦੀ ਹੈ। ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਫੋਨ ਦੀ ਜ਼ਿਆਦਾ ਵਰਤੋਂ ਮਰਦਾਂ ਦੀ ਪ੍ਰਜਨਨ ਸ਼ਕਤੀ ਨੂੰ ਖਰਾਬ ਕਰ ਸਕਦੀ ਹੈ। ਕਈ ਖੋਜਾਂ 'ਚ ਇਹ ਗੱਲ ਸਾਹਮਣੇ ਆਈ ਹੈ। ਫੋਨਾਂ ਦਾ ਸਭ ਤੋਂ ਬੁਰਾ ਪ੍ਰਭਾਵ ਨੌਜਵਾਨਾਂ 'ਤੇ ਪੈ ਰਿਹਾ ਹੈ।
US ਨੈਸ਼ਨਲ ਸੈਂਟਰ ਫਾਰ ਬਾਇਓਟੈਕਨਾਲੋਜੀ ਇਨਫਰਮੇਸ਼ਨ (NCBI) ਦੀ ਰਿਪੋਰਟ ਦੇ ਮੁਤਾਬਕ, ਇੱਕ ਵੱਡੇ ਪੱਧਰ ਦੇ ਅਧਿਐਨ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਮੋਬਾਈਲ ਫੋਨ ਦੀ ਜ਼ਿਆਦਾ ਵਰਤੋਂ ਨਾਲ ਸ਼ੁਕਰਾਣੂਆਂ ਦੀ ਗਿਣਤੀ ਅਤੇ ਵੀਰਜ ਦੀ ਗੁਣਵੱਤਾ 'ਚ ਗਿਰਾਵਟ ਆ ਸਕਦੀ ਹੈ। ਦਸ ਦਈਏ ਕਿ 2023 'ਚ ਕੀਤੀ ਗਈ ਇੱਕ ਖੋਜ 'ਚ ਸਾਹਮਣੇ ਆਇਆ ਹੈ ਕਿ 18 ਤੋਂ 22 ਸਾਲ ਦੀ ਉਮਰ ਦੇ ਮਰਦ ਜੋ ਦਿਨ 'ਚ 20 ਤੋਂ ਵੱਧ ਵਾਰ ਆਪਣੇ ਫੋਨ ਦੀ ਵਰਤੋਂ ਕਰਦੇ ਹਨ, ਉਨ੍ਹਾਂ 'ਚ ਦੂਜੇ ਪੁਰਸ਼ਾਂ ਦੇ ਮੁਕਾਬਲੇ ਘੱਟ ਸ਼ੁਕਰਾਣੂਆਂ ਦੀ ਗਿਣਤੀ ਦਾ 21% ਵੱਧ ਜੋਖਮ ਹੁੰਦਾ ਹੈ। ਫੋਨ ਦੀ ਵਰਤੋਂ ਕਾਰਨ ਘੱਟ ਸ਼ੁਕਰਾਣੂ ਇਕਾਗਰਤਾ ਦਾ ਜੋਖਮ ਵੀ 30% ਵੱਧ ਸੀ। ਫੋਨ ਦੀ ਜ਼ਿਆਦਾ ਵਰਤੋਂ ਬਾਂਝਪਨ ਦਾ ਕਾਰਨ ਬਣ ਸਕਦੀ ਹੈ।
ਪਿਛਲੇ 5 ਦਹਾਕਿਆਂ 'ਚ ਦੁਨੀਆ ਭਰ 'ਚ ਪੁਰਸ਼ਾਂ ਦੇ ਸ਼ੁਕਰਾਣੂਆਂ ਦੀ ਗਿਣਤੀ 'ਚ 50 ਫੀਸਦੀ ਤੋਂ ਜ਼ਿਆਦਾ ਦੀ ਕਮੀ ਆਈ ਹੈ, ਜਿਸ ਦੇ ਕਈ ਕਾਰਨ ਸਾਹਮਣੇ ਆਏ ਹਨ। ਅਜਿਹੇ 'ਚ ਹੈਰਾਨੀ ਦੀ ਗੱਲ ਇਹ ਹੈ ਕਿ ਮੋਬਾਈਲ ਫੋਨ ਦੀ ਵਰਤੋਂ ਵੀ ਸ਼ੁਕਰਾਣੂਆਂ ਦੀ ਗਿਣਤੀ ਅਤੇ ਸ਼ੁਕਰਾਣੂ ਦੀ ਗੁਣਵੱਤਾ ਨੂੰ ਘਟਾਉਣ ਵਾਲੇ ਕਾਰਕਾਂ 'ਚ ਸ਼ਾਮਲ ਹੈ। ਹੁਣ ਤੱਕ ਕਈ ਅਧਿਐਨਾਂ ਨੇ ਇਹ ਵੀ ਕਿਹਾ ਹੈ ਕਿ ਮੋਬਾਈਲ ਫੋਨ ਕਾਰਨ ਲੋਕਾਂ ਦੀ ਪ੍ਰਜਨਨ ਸਿਹਤ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੀ ਹੈ। ਵੈਸੇ ਤਾਂ ਇਸ 'ਤੇ ਕਈ ਸਾਲਾਂ ਤੋਂ ਬਹਿਸ ਚੱਲ ਰਹੀ ਹੈ। ਵੱਖ-ਵੱਖ ਅਧਿਐਨਾਂ 'ਚ ਇਸ ਸਬੰਧੀ ਨਵੇਂ-ਨਵੇਂ ਦਾਅਵੇ ਕੀਤੇ ਜਾ ਰਹੇ ਹਨ। ਵੈਸੇ ਤਾਂ ਇਹ ਵੀ ਸੱਚ ਹੈ ਕਿ ਪੁਰਸ਼ਾਂ ਦੇ ਸ਼ੁਕਰਾਣੂ ਦੀ ਗੁਣਵੱਤਾ ਲਗਾਤਾਰ ਡਿੱਗ ਰਹੀ ਹੈ, ਜੋ ਕਿ ਬਹੁਤ ਚਿੰਤਾਜਨਕ ਹੈ।
ਸਮਾਰਟਫ਼ੋਨ ਦੀ ਵਰਤੋਂ ਕਰਨ ਦੇ ਕਈ ਵੱਡੇ ਨੁਕਸਾਨ ਹਨ, ਜੋ ਸਾਡੀ ਜ਼ਿੰਦਗੀ 'ਤੇ ਮਾੜਾ ਪ੍ਰਭਾਵ ਪਾ ਸਕਦੇ ਹਨ। ਸਮਾਰਟਫੋਨ ਦੀ ਬਹੁਤ ਜ਼ਿਆਦਾ ਵਰਤੋਂ ਮਾਨਸਿਕ ਸਿਹਤ 'ਤੇ ਮਾੜੇ ਪ੍ਰਭਾਵ ਪਾ ਸਕਦੀ ਹੈ, ਜਿਵੇਂ ਕਿ ਚਿੰਤਾ ਅਤੇ ਉਦਾਸੀ। ਸਮਾਰਟਫ਼ੋਨ ਸਰੀਰਕ ਗਤੀਵਿਧੀ ਨੂੰ ਘਟਾਉਂਦੇ ਹਨ, ਜਿਸ ਨਾਲ ਮੋਟਾਪੇ ਅਤੇ ਹੋਰ ਸਿਹਤ ਸਮੱਸਿਆਵਾਂ ਦਾ ਖ਼ਤਰਾ ਵਧ ਜਾਂਦਾ ਹੈ। ਬੱਚਿਆਂ ਨੂੰ ਸਮਾਰਟਫ਼ੋਨ ਤੋਂ ਦੂਰ ਰੱਖਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਉਨ੍ਹਾਂ ਦੇ ਵਿਕਾਸ 'ਤੇ ਮਾੜਾ ਅਸਰ ਪੈਂਦਾ ਹੈ ਅਤੇ ਉਨ੍ਹਾਂ ਦੇ ਸਿੱਖਣ ਦੇ ਹੁਨਰ 'ਤੇ ਅਸਰ ਪੈਂਦਾ ਹੈ। ਜੇਕਰ ਤੁਸੀਂ ਆਪਣੀ ਸਿਹਤ ਨੂੰ ਬਿਹਤਰ ਰੱਖਣਾ ਚਾਹੁੰਦੇ ਹੋ ਤਾਂ ਸਮਾਰਟਫੋਨ ਦੀ ਵਰਤੋਂ ਘੱਟ ਤੋਂ ਘੱਟ ਕਰੋ।
- PTC NEWS