ਚੰਡੀਗੜ੍ਹ ਮੇਅਰ ਚੋਣਾਂ ਮੁਲਤਵੀ ਹੋਣ ਮਗਰੋਂ ਹਾਈਕੋਰਟ ਦਾ ਪ੍ਰਸ਼ਾਸਨ ਅਤੇ ਨਗਰ ਨਿਗਮ ਨੂੰ ਨੋਟਿਸ
Chandigarh Mayor Elections: ਚੰਡੀਗੜ੍ਹ 'ਚ ਸਿਆਸੀ (Politics) ਤਾਪਮਾਨ ਉਸ ਸਮੇਂ ਗਰਮਾ ਗਿਆ ਜਦੋਂ ਇਹ ਪਤਾ ਲੱਗਾ ਕਿ ਚੰਡੀਗੜ੍ਹ ਮੇਅਰ ਦੀ ਚੋਣ ਮੁਲਤਵੀ ਕਰ ਦਿੱਤੀ ਗਈ ਹੈ। ਸੂਚਨਾ ਮਿਲਦੇ ਹੀ ‘ਆਪ’ ਅਤੇ ਕਾਂਗਰਸ ਪਾਰਟੀਆਂ ਨੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਤੇ ਆਗੂਆਂ ਤੇ ਵਰਕਰਾਂ ਨੇ ਨਗਰ ਨਿਗਮ ਦੇ ਬਾਹਰ ਹੰਗਾਮਾ ਕੀਤਾ ਅਤੇ ਪੰਜਾਬ-ਹਰਿਆਣਾ ਹਾਈਕੋਰਟ ਪਹੁੰਚ ਕਰਨ ਦੀ ਚਿਤਾਵਨੀ ਦਿੱਤੀ।
ਕਾਂਗਰਸੀ ਆਗੂ ਅਤੇ ਸਾਬਕਾ ਸੰਸਦ ਮੈਂਬਰ ਪਵਨ ਕੁਮਾਰ ਬਾਂਸਲ ਨੇ ਕਿਹਾ, ''ਭਾਜਪਾ ਨੂੰ ਪਤਾ ਸੀ ਕਿ ਉਹ ਹਾਰਨ ਵਾਲੀ ਹੈ। ਇਸੇ ਲਈ ਉਨ੍ਹਾਂ ਨੇ ਇਹ ਚਾਲ ਖੇਡੀ। ਜੇਕਰ ਉਹ ਨਿਰਪੱਖ ਹੁੰਦੇ ਤਾਂ ਇੱਕ ਪ੍ਰੀਜ਼ਾਈਡਿੰਗ ਅਫਸਰ ਦੇ ਬਿਮਾਰ ਹੋਣ 'ਤੇ ਇੱਕ ਹੋਰ ਪ੍ਰੀਜ਼ਾਈਡਿੰਗ ਅਫਸਰ ਨੂੰ ਤੁਰੰਤ ਨਿਯੁਕਤ ਕੀਤਾ ਜਾ ਸਕਦਾ ਸੀ।"
'ਆਪ' ਆਗੂ ਰਾਘਵ ਚੱਢਾ ਨੇ ਇਸ ਕਦਮ ਨੂੰ ਭਾਜਪਾ ਦੀ ਡਰਾਮੇਬਾਜ਼ੀ ਕਰਾਰ ਦਿੱਤਾ। ਉਨ੍ਹੀਂ ਕਿਹਾ, “ਅਸੀਂ ਹੁਣ ਹਾਈ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ। ਅਸੀਂ ਅਦਾਲਤ ਤੋਂ ਇਨਸਾਫ਼ ਲਵਾਂਗੇ। ਇਸ ਛੋਟੀ ਜਿਹੀ ਚੋਣ ਵਿੱਚ ਭਾਜਪਾ ਸਾਡੇ ਗਠਜੋੜ ਨੂੰ ਲੈ ਕੇ ਇੰਨੀ ਡਰ ਸਕਦੀ ਹੈ ਤਾਂ ਫਿਰ ਰਾਸ਼ਟਰੀ ਪੱਧਰ 'ਤੇ ਗੱਠਜੋੜ ਬਾਰੇ ਕੀ ਹੋਵੇਗਾ।”
ਇਹ ਵੀ ਪੜ੍ਹੋ: 18 ਸੇਵਾ ਕੇਂਦਰਾਂ ਨੂੰ ਸ਼ਿਕਾਰ ਬਣਾਉਣ ਵਾਲੇ ਚੋਰ ਗਿਰੋਹ ਦਾ ਪਰਦਾਫਾਸ਼, ਸਰਗਨਾ ਸਮੇਤ 3 ਫੜੇ
ਹਾਈਕੋਰਟ ਨੇ ਅੱਜ ਹੀ ਚੰਡੀਗੜ੍ਹ ਨਗਰ ਨਿਗਮ 'ਚ ਮੇਅਰ ਦੇ ਚੋਣ 'ਤੇ ਖੜੇ ਵਿਵਾਦ ਮਗਰੋਂ ਪਟੀਸ਼ਨ 'ਤੇ ਸੁਣਵਾਈ ਨੂੰ ਸਵੀਕਾਰ ਕਰ ਲਿਆ। ਜਸਟਿਸ ਸੁਧੀਰ ਸਿੰਘ ਅਤੇ ਜਸਟਿਸ ਹਰਸ਼ ਬੁੰਗਰ ਦੀ ਡਿਵੀਜ਼ਨ ਬੈਂਚ ਨੇ ਇਸ ਮਾਮਲੇ 'ਤੇ ਸੁਣਵਾਈ ਕੀਤੀ।
ਇਹ ਵੀ ਪੜ੍ਹੋ: ਮਾਨ ਸਰਕਾਰ ਨੂੰ ਖਹਿਰਾ ਮਾਮਲੇ 'ਚ 'ਸੁਪਰੀਮ' ਝਟਕਾ, ਅਦਾਲਤ ਨੇ ਜ਼ਮਾਨਤ ਰੱਦ ਕਰਨ ਤੋਂ ਕੀਤਾ ਇਨਕਾਰ
ਚੰਡੀਗੜ੍ਹ ਦੇ ਸੀਨੀਅਰ ਸਟੈਂਡਿੰਗ ਕੌਂਸਲਰ ਨੇ ਗੰਭੀਰ ਇਲਜ਼ਾਮ ਲਾਉਂਦਿਆਂ ਕਿਹਾ ਕਿ ਕੱਲ੍ਹ ਪੰਜਾਬ ਪੁਲਿਸ ਦੇ 50 ਦੇ ਕਰੀਬ ਕਮਾਂਡੋ ਨਗਰ ਨਿਗਮ ਦਫ਼ਤਰ ਵਿੱਚ ਦਾਖ਼ਲ ਹੋਏ ਸਨ। ਉਨ੍ਹਾਂ ਪੁੱਛਿਆ ਕਿ ਪੰਜਾਬ ਪੁਲਿਸ ਦੇ ਇਨ੍ਹਾਂ ਕਮਾਂਡੋ ਦੀ ਇੱਥੇ ਕੀ ਲੋੜ ਆਣ ਪਈ? ਪਟੀਸ਼ਨਕਰਤਾ ਦੇ ਵਕੀਲ ਨੇ ਕਿਹਾ ਕਿ ਇਹ ਕਮਾਂਡੋ ਵਾਲੀ ਗੱਲ ਕੱਲ੍ਹ ਕਿਉਂ ਨਹੀਂ ਦੱਸੀ ਗਈ, ਇਸ 'ਤੇ ਹਾਈਕੋਰਟ ਨੇ ਵੀ ਕਿਹਾ ਕਿ ਇਹ ਕਾਨੂੰਨ ਵਿਵਸਥਾ ਵਾਲੀ ਗੱਲ ਕੱਲ੍ਹ ਕਿਉਂ ਨਹੀਂ ਦੱਸੀ ਗਈ।
ਇਸ 'ਤੇ ਚੰਡੀਗੜ੍ਹ ਪ੍ਰਸ਼ਾਸਨ ਦਾ ਕਹਿਣਾ ਸੀ ਕਿ ਪੰਜਾਬ ਵਿੱਚ ਨਗਰ ਨਿਗਮ ਚੋਣਾਂ ਕਈ ਮਹੀਨਿਆਂ ਤੋਂ ਪੈਂਡਿੰਗ ਪਈ ਹੈ ਪਰ ਜਦੋਂ ਚੰਡੀਗੜ੍ਹ ਨਗਰ ਨਿਗਮ ਚੋਣਾਂ 10 ਦਿਨਾਂ ਲਈ ਮੁਲਤਵੀ ਕੀਤੀਆਂ ਜਾ ਰਹੀਆਂ ਹਨ ਤਾਂ ਪੰਜਾਬ ਦੇ ਏ.ਜੀ. ਨੂੰ ਇਸ 'ਤੇ ਇਤਰਾਜ਼ ਹੈ। ਜਿਸ ਮਗਰੋਂ ਹਾਈਕੋਰਟ ਨੇ ਵੀ ਚੰਡੀਗੜ੍ਹ ਪ੍ਰਸ਼ਾਸਨ ਤੋਂ ਪੁੱਛਿਆ ਕਿ ਅੱਜ ਹੀ ਚੋਣਾਂ ਕਰਵਾਉਣ 'ਚ ਕੀ ਦਿੱਕਤ ਹੈ?
ਇਹ ਵੀ ਪੜ੍ਹੋ: EPFO ਦਾ ਵੱਡਾ ਐਲਾਨ, DOB ਲਈ ਆਧਾਰ ਕਾਰਡ ਕੋਈ ਸਬੂਤ ਨਹੀਂ ਹੋਵੇਗਾ!
ਚੰਡੀਗੜ੍ਹ ਨਗਰ ਨਿਗਮ 'ਚ ਮੇਅਰ ਦੇ ਅਹੁਦੇ ਲਈ ਵੀਰਵਾਰ ਨੂੰ ਹੋਣ ਵਾਲੀ ਚੋਣ ਨਾਮਜ਼ਦ ਪ੍ਰੀਜ਼ਾਈਡਿੰਗ ਅਫ਼ਸਰ ਦੀ ਸਿਹਤ ਖ਼ਰਾਬ ਹੋਣ ਕਾਰਨ ਮੁਲਤਵੀ ਕਰ ਦਿੱਤੀ ਗਈ ਹੈ। ਹਾਲਾਂਕਿ 13 ਕੌਂਸਲਰਾਂ ਵਾਲੀ ਆਮ ਆਦਮੀ ਪਾਰਟੀ ਅਤੇ ਸੱਤ ਕੌਂਸਲਰਾਂ ਵਾਲੀ ਕਾਂਗਰਸ ਨਾਲ ਗਠਜੋੜ ਕਰਕੇ ਮੇਅਰ ਦੇ ਅਹੁਦੇ ਲਈ ਲੜ ਰਹੀ ਸੀ, ਪਰ ਚੋਣਾਂ ਮੁਲਤਵੀ ਹੋਣ 'ਤੇ ਉਨ੍ਹਾਂ ਇਸਨੂੰ 'ਭਾਜਪਾ ਦੀ ਚਾਲ' ਕਰਾਰ ਦਿੱਤਾ ਹੈ।
ਇਸ ਮਗਰੋਂ ਚੰਡੀਗੜ੍ਹ ਪ੍ਰਸ਼ਾਸਨ ਨੇ 6 ਫਰਵਰੀ ਨੂੰ ਚੋਣਾਂ ਕਰਵਾਉਣ ਦਾ ਫੈਸਲਾ ਕੀਤਾ। ਜਿਸ ਦੀ ਸੁਣਵਾਈ ਦੌਰਾਨ ਹਾਈਕੋਰਟ ਨੂੰ ਜਾਣਕਾਰੀ ਦਿੱਤੀ ਗਈ ਤਾਂ ਹਾਈਕੋਰਟ ਨੇ ਇਸ 'ਤੇ ਸਖ਼ਤ ਇਤਰਾਜ਼ ਪ੍ਰਗਟਾਇਆ। ਜਦੋਂ ਡੀ.ਸੀ. ਵੱਲੋਂ ਜਾਰੀ ਇਨ੍ਹਾਂ ਹੁਕਮਾਂ ਬਾਰੇ ਹਾਈਕੋਰਟ ਨੂੰ ਜਾਣੂ ਕਰਵਾਇਆ ਗਿਆ ਤਾਂ ਹਾਈਕੋਰਟ ਨੇ ਕਿਹਾ ਕਿ ਚੱਲ ਰਹੀ ਸੁਣਵਾਈ ਦੌਰਾਨ ਅਦਾਲਤ ਵੱਲੋਂ ਅਜਿਹੇ ਹੁਕਮ ਦੇਣਾ ਸਹੀ ਨਹੀਂ ਹੈ। ਇਸ ਬਾਰੇ ਪਹਿਲਾਂ ਹੀ ਸੂਚਿਤ ਕੀਤਾ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਗਣਤੰਤਰ ਦਿਵਸ ਪਰੇਡ: AI ਆਧਾਰਤ ਝਾਕੀ ਲਈ ਪੰਜਾਬ ਦੀ ਧੀ ਕਮਲਜੀਤ ਦੀ ਹੋਈ ਚੋਣ
ਫਿਲਹਾਲ ਹਾਈਕੋਰਟ ਨੇ ਬਿਨਾਂ ਕੋਈ ਰਾਹਤ ਦਿੱਤੇ ਇਸ ਪਟੀਸ਼ਨ 'ਤੇ ਚੰਡੀਗੜ੍ਹ ਪ੍ਰਸ਼ਾਸਨ ਅਤੇ ਨਗਰ ਨਿਗਮ ਨੂੰ ਨੋਟਿਸ ਜਾਰੀ ਕਰ ਕੇ ਸੋਮਵਾਰ ਤੱਕ ਜਵਾਬ ਦਾਇਰ ਕਰਨ ਦੇ ਹੁਕਮ ਦਿੱਤੇ ਹਨ। ਜਿਸ ਮਗਰੋਂ ਸਾਫ਼ ਹੋ ਗਿਆ ਕਿ ਅੱਜ ਤਾਂ ਚੋਣਾਂ ਨਹੀਂ ਹੋਣਗੀਆਂ।
-