Fake Certificate Busted : ਹਰਿਆਣਾ ਦੇ ਦੋ ਨੌਜਵਾਨਾਂ ਨੇ ਫਰਜ਼ੀ ਸਰਟੀਫਿਕੇਟਾਂ ’ਤੇ ਪੰਜਾਬ ’ਚ ਲਈ ਸਰਕਾਰੀ ਨੌਕਰੀ, ਮਾਮਲਾ ਦਰਜ
Fake Certificate Busted : ਫਰਜ਼ੀ ਦਸਵੀਂ ਦੇ ਸਰਟੀਫਿਕੇਟਾਂ ਨਾਲ ਪੰਜਾਬ ਵਿੱਚ ਡਾਕ ਮਾਸਟਰ ਦੀ ਨੌਕਰੀ ਪ੍ਰਾਪਤ ਕਰਨ ਵਾਲੇ ਹਰਿਆਣਾ ਦੇ ਦੋ ਨੌਜਵਾਨਾਂ ਖਿਲਾਫ ਪੰਜਾਬ ਪੁਲਿਸ ਵੱਲੋਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਪੋਸਟ ਆਫਿਸ ਦੇ ਅਧਿਕਾਰੀਆਂ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਅਧਾਰ ’ਤੇ ਦਰਜ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਿਕ ਸੁਪਰਡੈਂਟ ਪੋਸਟ ਅਫਸਰ ਬਠਿੰਡਾ ਡਿਵੀਜ਼ਨ ਅਜੇ ਕੁਮਾਰ ਚੁੱਘ ਨੇ ਦੱਸਿਆ ਕਿ ਇਹ ਦੋਵੇਂ ਮੁਲਾਜ਼ਮ ਸਨ ਅਤੇ ਸਾਲ 2022 ਵਿੱਚ ਉਨ੍ਹਾਂ ਦੇ ਮਹਿਕਮੇ ਵਿੱਚ ਪੇਂਡੂ ਪੋਸਟਮੈਨ ਦੀ ਭਰਤੀ ਹੋਈ ਸੀ ਜਿਸ ਵਿੱਚ ਇਹ ਦੋਵੇਂ ਭਰਤੀ ਹੋਏ ਸਨ। ਇਹ ਦੋਨੋਂ ਹੀ ਹਰਿਆਣਾ ਦੇ ਰਹਿਣ ਵਾਲੇ ਹਨ ਅਤੇ ਕਰੀਬ ਦੋ ਸਾਲ ਤੋਂ ਉਨ੍ਹਾਂ ਦੇ ਮਹਿਕਮੇ ’ਚ ਕੰਮ ਕਰ ਰਹੇ ਸਨ। ਜਦ ਇਨ੍ਹਾਂ ਦੇ ਦਸਤਾਵੇਜ਼ ਅਤੇ ਦਸਵੀਂ ਦੇ ਸਰਟੀਫਿਕੇਟਾਂ ਦੀ ਜਾਂਚ ਕਰਵਾਈ ਗਈ ਤਾਂ ਪਤਾ ਲੱਗਿਆ ਕਿ ਇਨ੍ਹਾਂ ਦੇ ਦਸਵੀਂ ਦੇ ਸਰਟੀਫਿਕੇਟ ਜਾਅਲੀ ਸਨ ਜਿਸ ਦੇ ਆਧਾਰ ’ਤੇ ਇਨ੍ਹਾਂ ਨੂੰ ਮਹਿਕਮੇ ਵਿੱਚੋਂ ਕੱਢ ਦਿੱਤਾ ਗਿਆ।
ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਸਬੰਧੀ ਰਿਪੋਰਟ ਬਠਿੰਡਾ ਦੇ ਐਸਐਸਪੀ ਨੂੰ ਦੇ ਦਿੱਤੀ ਗਈ। ਉਨ੍ਹਾਂ ਵੱਲੋਂ ਤਕਨੀਕੀ ਵਿਭਾਗ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਜਿਸ ਤੋਂ ਬਾਅਦ ਇਨ੍ਹਾਂ ਦੋਹਾਂ ’ਤੇ ਬਠਿੰਡਾ ਦੇ ਥਾਣਾ ਕੋਤਵਾਲੀ ਵਿੱਚ ਮਾਮਲਾ ਦਰਜ ਹੋ ਗਿਆ ਹੈ। ਇਹ ਸਾਡੇ ਕੋਲ 18 ਹਜ਼ਾਰ ਰੁਪਏ ਪ੍ਰਤੀ ਮਹੀਨਾ ’ਤੇ ਕੰਮ ਕਰਦੇ ਸਨ।
ਦੂਜੇ ਪਾਸੇ ਥਾਣਾ ਕੋਤਵਾਲੀ ਦੇ ਐਸਐਚਓ ਦਲਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਐਸਐਸਪੀ ਬਠਿੰਡਾ ਨੂੰ ਸੁਪਰਡੈਂਟ ਪੋਸਟ ਅਫਸਰ ਅਜੇ ਕੁਮਾਰ ਅਤੇ ਰਾਜਕੁਮਾਰ ਵੱਲੋਂ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਡਾਕ ਵਿਭਾਗ ਵਿੱਚ 2022 ਵਿੱਚ ਪੋਸਟਾਂ ਕੱਢੀਆਂ ਗਈਆਂ ਸਨ। ਇਨ੍ਹਾਂ ਪੋਸਟਾਂ ਵਿੱਚ ਹਰਿਆਣਾ ਨਾਲ ਸਬੰਧਿਤ ਜੰਟਾ ਸਿੰਘ ਨਿਵਾਸੀ ਕੁਲਾ ਜ਼ਿਲ੍ਹਾ ਫਤਿਹਾਬਾਦ ਹਰਿਆਣਾ ਅਤੇ ਜਗਨਦੀਪ ਸਿੰਘ ਨਿਵਾਸੀ ਬਣੀ ਜ਼ਿਲ੍ਹਾ ਸਿਰਸਾ ਹਰਿਆਣਾ ਵੱਲੋਂ ਅਪਲਾਈ ਕੀਤਾ ਗਿਆ ਸੀ ਅਤੇ ਇਨ੍ਹਾਂ ਦੋਹਾਂ ਨੌਜਵਾਨਾਂ ਦੀ ਚੋਣ ਡਾਕ ਵੱਲੋਂ ਕੀਤੀ ਗਈ ਸੀ।
ਪਰ ਜੋ ਸਰਟੀਫਿਕੇਟ ਇਨ੍ਹਾਂ ਵੱਲੋਂ ਇਨ੍ਹਾਂ ਪੋਸਟਾਂ ਸਬੰਧੀ ਵਿਭਾਗ ਨੂੰ ਉਪਲਬਧ ਕਰਵਾਏ ਗਏ, ਜਦੋਂ ਉਨ੍ਹਾਂ ਦੀ ਵੈਰੀਫਿਕੇਸ਼ਨ ਕਰਵਾਈ ਗਈ ਤਾਂ ਉਹ ਫਰਜ਼ੀ ਨਿਕਲੇ ਹਨ। ਇਨ੍ਹਾਂ ਵੱਲੋਂ ਇਹ ਫਰਜ਼ੀ ਸਰਟੀਫਿਕੇਟ ਯੂਪੀ ਦੇ ਕਿਸੇ ਸਕੂਲ ਤੋਂ ਤਿਆਰ ਕਰਵਾਏ ਗਏ। ਪੋਸਟ ਆਫਿਸ ਦੇ ਅਧਿਕਾਰੀਆਂ ਦੀ ਸ਼ਿਕਾਇਤ ’ਤੇ ਦੋਵੇਂ ਨੌਜਵਾਨਾਂ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : Vigilance Arrested PNSP Manager : ਬਹੁ ਕਰੋੜੀ ਝੋਨਾ ਘੁਟਾਲਾ ਮਾਮਲੇ ’ਚ ਭਗੌੜਾ ਪਨਸਪ ਸਾਬਕਾ ਜ਼ਿਲ੍ਹਾ ਮੈਨੇਜਰ ਜਗਨਦੀਪ ਸਿੰਘ ਢਿੱਲੋਂ ਕਾਬੂ
- PTC NEWS